-moz-user-select:none; -webkit-user-select:none; -khtml-user-select:none; -ms-user-select:none; user-select:none;

Monday, January 23, 2012

ਬਦਲਾ


ਗੁਰਮੇਲ ਮਡਾਹੜ
                                                        
ਸਵਾਰੀਆਂ ਦਾ ਭਰਿਆ ਹੋਇਆ ਤਾਂਗਾ ਚੜ੍ਹਾਈ ਚੜ੍ਹ ਰਿਹਾ ਸੀ। ਘੋੜਾ ਪੂਰਾ ਜ਼ੋਰ ਲਾ ਕੇ ਤਾਂਗਾ ਖਿੱਚ ਰਿਹਾ ਸੀ। ਤਾਂਗੇ ਦੇ ਬੰਬ ਤੋਂ ਕੋਚਵਾਨ ਹੇਠਾਂ ਉੱਤਰ ਆਇਆ ਹੈ। ਉਸ ਨੇ ਸਵਾਰੀਆਂ ਨੂੰ ਭਾਰ ਅੱਗੇ ਕਰਕੇ ਬੈਠਣ ਦਾ ਇਸ਼ਾਰਾ ਕੀਤਾ ਹੈ। ਤੇ ਘੋੜੇ ਦੇ ਛਮਕ ਮਾਰਕੇ ਬੋਲਿਆ ਹੈ, “ਸ਼ਾਬਾਸ਼! ਮੇਰੇ ਸ਼ੇਰ ਦੇ ਸ਼ਾਬਾਸ਼…” ਛਮਕ ਦੀ ਮਾਰ ਤੇ ਮਾਲਕ ਦੀ ਹੱਲਾਸ਼ੇਰੀ ਕਰਕੇ ਘੋੜਾ ਨੇ ਆਪਣਾ ਰਹਿੰਦਾ ਜ਼ੋਰ ਵੀ ਤਾਂਗਾ ਖਿੱਚਣ ਤੇ ਲਾ ਦਿੱਤਾ ਹੈ। ਕੋਚਵਾਨ ਤਾਂਗੇ ਦੇ ਨਾਲ ਨਾਲ ਤੁਰਨ ਲੱਗਦਾ ਹੈ।
“ਘੋੜੇ ਦੀ ਟੰਗ ਖਰਾਬ ਹੈ?” ਇੱਕ ਸਵਾਰੀ ਨੇ ਅੱਗੇ ਨੂੰ ਝੁਕਦਿਆਂ ਘੋੜੇ ਨੂੰ ਲੰਗੜਾਉਂਦੇ ਹੋਏ ਦੇਖ ਕੇ ਪੁੱਛਿਆ।
“ਹਾਂ।”
“ਫੇਰ ਅਰਾਮ ਕਰਵਾਉਣਾ ਸੀ, ਇਸ ਨੂੰ…”
“ਡੇਢ ਮਹੀਨੇ ਮਗਰੋਂ ਅੱਜ ਹੀ ਜੋੜਿਐ…”
“ਸਵਾਰੀਆਂ ਘੱਟ ਬਠਾ ਲਿਆ ਕਰ…”
“ਕਿਵੇਂ ਬਠਾ ਲਿਆ ਕਰਾਂ, ਅੱਠ ਰੁਪੈ ਕਿਲੋ ਦੇ ਹਿਸਾਬ ਨਾਲ ਦੋ ਕਿੱਲੋ ਛੋਲੇ…ਚਾਰ ਰੁਪਈਆਂ ਦਾ ਦਸ ਕਿਲੋ ਚਾਰਾ। ਚਾਰ ਰੁਪੈ ਦੀ ਦਸ ਕਿਲੋ ਤੂੜੀ…ਪੰਜ ਰੁਪੈ ਦਾ ਮਸਾਲਾ। ਉਨੱਤੀ-ਤੀਹ ਰੁਪਏ ਘੋੜੇ ਨੂੰ ਚਾਰ ਕੇ, ਦਸ ਰੁਪਈਏ ਮੈਨੂੰ ਵੀ ਘਰ ਦਾ ਖਰਚ ਚਲਾਉਣ ਲਈ ਚਾਹੀਦੇ ਨੇ…”
ਉਹ ਤਾਂ ਠੀਕ ਹੈ, ਪਰ ਸ਼ਾਸਤਰਾਂ ਵਿਚ ਲਿਖਿਆ ਹੈ ਕਿ ਜੋ ਆਦਮੀ ਕਿਸੇ ਨੂੰ ਇਸ ਜਨਮ ਵਿਚ ਤੰਗ ਕਰਦਾ ਹੈ, ਉਸ ਦਾ ਬਦਲਾ ਉਸ ਨੂੰ ਅਗਲੇ ਜਨਮ ਵਿਚ ਦੇਣਾ ਪੈਂਦਾ ਹੈ” ਇਕ ਸਵਾਰੀ ਬੋਲੀ।
“ਪਹਿਲਾਂ ਇਸ ਜਨਮ ਦੇ ਬਾਰੇ ਸੋਚ ਲਈਏ…ਦੂਸਰੇ ਜਨਮ ਬਾਰੇ ਦੂਸਰੇ ਜਨਮ ਵਿਚ ਦੇਖੀ ਜਾਊਗੀ…” ਕਹਿਕੇ ਕੋਚਵਾਨ ਨੇ ਘੋੜੇ ਨੂੰ ਚਾਬੁਕ ਮਾਰ ਦਿੱਤੀ।
                                             -0-



Wednesday, January 18, 2012

ਬੋਲਣ ਦੀ ਅਜ਼ਾਦੀ


 ਸ਼ਾਮ ਸੁੰਦਰ ਕਾਲੜਾ

ਜਲਸੇ ਵਿਚ ਬੋਲਦੇ ਹੋਏ ਮੰਤਰੀ ਜੀ ਨੇ ਕਿਹਾ, “ਰਿਸ਼ਵਤ ਲੈਣਾ ਦੇਸ਼ ਨਾਲ ਗੱਦਾਰੀ ਕਰਨ ਦੇ ਸਮਾਨ ਹੈ। ਅਜਿਹੇ ਗੱਦਾਰਾਂ ਨੂੰ  ਕੀ ਸਜ਼ਾ ਮਿਲਣੀ ਚਾਹੀਦੀ ਹੈ?”
“ਫਾਂਸੀ!” ਇੱਕਠ ਵਿੱਚੋਂ ਆਵਾਜ਼ ਗੂੰਜੀ।
“ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਭ੍ਰਿਸ਼ਟ ਕੋਈ ਵੀ ਹੋਵੇ– ਨੇਤਾ ਜਾਂ ਅਫਸਰ, ਉਸਨੂੰ ਫਾਹੇ ਲਾ ਦੇਣਾ ਚਾਹੀਦਾ ਹੈ।”
ਭੀਡ਼ ਨੇ ਮੰਤਰੀ ਜੀ ਦੀ ਗੱਲ ਦਾ ਤਾੜੀਆਂ ਨਾਲ ਸਵਾਗਤ ਕੀਤਾ।
ਤਾੜੀਆਂ ਦੀ ਅਵਾਜ਼ ਸ਼ਾਂਤ ਹੋਈ ਤਾਂ ਭੀਡ਼ ਵਿੱਚੋਂ ਇਕ ਆਦਮੀ ਉੱਠਿਆ ਤੋ ਰੋਹ ਭਰੀ ਅਵਾਜ਼ ਵਿਚ ਬੋਲਿਆ, “ਫਿਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਾਹੇ ਲਾਉਣਾ ਚਾਹੀਦਾ ਹੈ। ਤੁਸੀਂ ਨੌਕਰੀ ਲਵਾਉਣ ਲਈ ਢਾਈ-ਢਾਈ ਲੱਖ ਰੁਪਏ ਰਿਸ਼ਵਤ ਦੇ ਲਏ ਨੇ।”
ਸਿਪਾਹੀ ਆਏ ਤੇ ਉਸ ਆਦਮੀ ਨੂੰ ਫਡ਼ ਕੇ ਲਿਜਾਣ ਲੱਗੇ ਤਾਂ ਮੰਤਰੀ ਜੀ ਨੇ ਬੜੇ ਧੀਰਜ ਨਾਲ ਕਿਹਾ, “ਇਸ ਨੂੰ ਨਾ ਫੜੋ, ਬੋਲਣ ਦਿਓ। ਲੋਕਰਾਜ ਵਿਚ ਹਰ ਕਿਸੇ ਨੂੰ ਬੋਲਣ ਦੀ ਅਜ਼ਾਦੀ ਹੈ। ਹਾਂ ਜੀ ਦੱਸੋ? ਕਿਸਨੇ ਪੈਸੇ ਲਏ? ਕਿਸਤੋਂ ਪੈਸੇ ਲਏ?”
“ਤੁਹਾਡੇ ਨਾਂ ਤੇ, ਤੁਹਾਡੇ ਏਜੰਟ ਨੇ ਮੇਰੇ ਤੋਂ ਪੈਸੇ ਲਏ।”
“ਲਓ ਸੁਣੋ ਬਈ ਲੋਕੋ!…ਜੇਕਰ ਕੋਈ ਮੇਰਾ ਨਾਂ ਲੈ ਕੇ ਕਿਸੇ ਨੂੰ ਮੂਰਖ ਬਣਾਈ ਜਾਵੇ ਤਾਂ ਦੱਸੋ ਇਸ ਵਿਚ ਮੇਰਾ ਕੀ ਕਸੂਰ ਹੈ!” ਬੜੀ ਸਹਿਜਤਾ ਨਾਲ ਮੰਤਰੀ ਜੀ ਨੇ ਕਿਹਾ, “ਹਾਂ ਮੈਂ ਫਿਰ ਵੀ ਵਿਸ਼ਵਾਸ ਦੁਆਉਂਦਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ।”
ਜਨਤਾ ਨੇ ਤਾੜੀਆਂ ਵਜਾ ਕੇ ਫਿਰ ਮੰਤਰੀ ਜੀ ਦਾ ਸਮਰਥਨ ਕੀਤਾ।
ਉਸ ਦਿਨ ਤੋਂ ਬਾਅਦ ਉਹ ਆਦਮੀ ਗਾਇਬ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਭਾਲਦੇ ਫਿਰ ਰਹੇ ਹਨ।
                                         -0-
                                      


Sunday, January 8, 2012

ਭੁੱਖ ਹੜਤਾਲ


ਵਿਵੇਕ
“ਆਹ ਵੇਖ ਯਾਰ! ਨੇਤਾ ਜੀ ਜਿਹੜੇ ਹਫਤੇ ਤੋਂ ਭੁੱਖ ਹੜਤਾਲ ’ਤੇ ਬੈਠੇ ਸਨ, ਉਨ੍ਹਾਂ ਦੀ ਹਾਲਤ ਕਿੰਨੀ ਮਾੜੀ ਹੋ ਗੀ! ਪੁਲਸ ਮਸਾਂ ਚੁੱਕ ਰਈ ਐ…’ਖਬਾਰ ’ਚ ਫੋਟੋ ਛਪੀ ਐ।”ਲੇਬਰ ਚੌਂਕ ਵਿਚ ਤਖਤਪੋਸ਼ ਉੱਤੇ ਪਏ ਅਖਬਾਰ ਨੂੰ ਪੜ੍ਹਦਿਆਂ ਬੀਰੂ ਨੇ ਆਪਣੇ ਸਾਥੀ ਮੰਗਲੂ ਨੂੰ ਕਿਹਾ।
“ਹਾਂ ਮੈਂ ਵੀ ਵੇਖੀ ਸੀ ਖਬਰ।” ਮੰਗਲੂ ਨੇ ਦੂਰ ਸੜਕ ਵੱਲ ਨਜ਼ਰ ਮਾਰਦਿਆਂ ਰੁੱਖੇ ਜਿਹੇ ਲਹਿਜੇ ਵਿਚ ਕਿਹਾ।
“ਵੇਖ ਤਾਂ ਸਹੀ, ਨੇਤਾ ਜੀ ਕਿਵੇਂ ਨਿਢਾਲ ਹੋਏ ਪਏ ਨੇ! ਚਾਰ ਸਿਪਾਹੀਆਂ ਨੇ ਮਸਾਂ ਫੜਿਐ।” ਬੀਰੂ ਦੀ ਨਿਗ੍ਹਾ ਅਜੇ ਵੀ ਅਖਬਾਰ ਉੱਪਰ ਹੀ ਸੀ। ਉਹਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਸਨ।
“ਤੂੰ ਕਿਉਂ ਫਿਕਰ ਕਰਦੈਂ! ਕੀਹੋਇਆ ਜੇ ਦੋ ਦਿਨ ਭੁੱਖ ਹੜਤਾਲ ਕਰਲੀ। ਜਦੋਂ ਗੱਦੀ ਮਿਲੀ, ਸਾਰਾ ਮਾਲ ਇਨ੍ਹਾਂ ਨੇ ਈ ਖਾਣੈ। ਸਿਹਤ ਜਮਾ ਠੀਕ ਹੋਜੂ…ਤੂੰ ਅਖਬਾਰ ਛੱਡ, ਘੜੀ ਵੇਖ– ਗਿਆਰਾਂ ਵੱਜਗੇ, ਅਜੇ ਤਕ ਕਿਸੇ ਨੇ ਦਿਹਾੜੀ ਵਾਸਤੇ ਨੀ ਪੁੱਛਿਆ…ਏਦਾਂ ਈ ਰਿਆ ਤਾਂ ਅੱਜ ਸਾਰੇ ਟੱਬਰ ਦੀ ਭੁੱਖ ਹੜਤਾਲ ਹੋਜੂ। ਆਪਣੀ ਤਾਂ ਕਿਤੇ ਖਬਰ ਵੀ ਨੀ ਛਾਪਣੀ।”
                                           -0-








Tuesday, January 3, 2012

ਬਾਪੂ ਦਾ ਕਮਰਾ


ਰਣਜੀਤ ਸਿੰਘ ਕੰਵਲ

ਪ੍ਰੌਫੈਸਰ ਸਾਹਿਬ ਨੂੰ ਉਹਨਾਂ ਦੀ ਪਤਨੀ ਕਹਿਣ ਲੱਗੀ, “ਬਾਪੂ ਜੀ ਨੂੰ ਖੰਘ ਬਹੁਤ ਐ। ਸਾਰੀ ਰਾਤ ਡਿਸਟਰਬ ਕਰਦੇ ਐ। ਮੈਂ ਤਾਂ ਬਹੁਤ ਦੁਖੀ ਐਂ।”
“ਐਦਕੀਂ ਸੰਡੇ ਨੂੰ ਦਿਖਾ ਕੇ ਲਿਆਉਣੈ ਡਾਕਟਰ ਨੂੰ।” ਪ੍ਰੌਫੈਸਰ ਸਾਹਿਬ ਨੇ ਉੱਤਰ ਦਿੱਤਾ।
“ਐਸ ਉਮਰ ’ਚ ਖੰਘ ਕਿੱਥੇ ਛੇਤੀ ਠੀਕ ਹੁੰਦੀ ਐ। ਮੈਂ ਤਾਂ ਕਹਿੰਦੀ ਸੀ ਕਿ ਆਪਾਂ ਮੱਝ ਤਾਂ ਵੇਚ ਦਿੱਤੀ ਐ, ਹੋਰ ਲੈਣੀ ਵੀ ਨਹੀਂ। ਉਹ ਸ਼ੈੱਡ ਵਿਹਲਾ ਪਿਆ ਐ…ਕਿਉਂ ਨਾ ਬਾਪੂ ਜੀ ਨੂੰ ਉੱਥੇ ਸ਼ਿਫਟ ਕਰ ਦੇਈਏ?”
“ਬਾਪੂ ਜੀ ਸ਼ੈੱਡ ’ਚ!”
“ਸ਼ੈੱਡ ਕਮਰੇ ਵਰਗਾ ਈ ਐ, ਨਾਲੇ ਥੋੜੀ ਦੂਰ ਤੇ ਈ ਵਿਹੜੇ ’ਚ  ਪੁਰਾਣੀ ਟਾਇਲੈਟ ਵੀ ਐ। ਉੱਥੇ ਈ  ਜਾ ਆਇਆ ਕਰਨਗੇ, ਸੌਖੇ ਰਹਿਣਗੇ…।”
ਪਤੀ ਨੂੰ ਸੋਚ ਵਿਚ ਪਿਆ ਦੇਖ ਪਤਨੀ ਬੋਲੀ, “ਕਿਹੜੀ ਸੋਚ ਵਿਚ ਪੈ ਗਏ?”
“ਕੁਝ ਨਹੀਂ…ਬੱਸ ਸੋਚ ਰਿਹਾ ਸੀ ਕਮਰਾ ਸੋਚ ਸਮਝ ਕੇ ਦੇਈਏ। ਆਪਾਂ ਵੀ ਰਿਟਾਇਰ ਹੋਣ ਵਾਲੇ ਆਂ ਤੇ ਮੈਨੂੰ ਵੀ ਕਦੇ-ਕਦੇ ਬਹੁਤ ਖੰਘ ਛਿਡ਼ਦੀ ਐ…ਬੱਚੇ ਸਾਨੂੰ ਵੀ ਉਹੀ ਕਮਰਾ ਦੇਣਗੇ।”
ਪਤਨੀ ਪ੍ਰੌਫੈਸਰ ਸਾਹਿਬ ਵੱਲ ਕੁੱਨਖੀ ਜਿਹੀ ਝਾਕ ਕੇ ਚੁੱਪ ਕਰ ਗਈ।
                          -0-


Sunday, January 1, 2012

ਜੀ ਆਇਆਂ ਨੂੰ


     ‘ਪੰਜਾਬੀ ਮਿੰਨੀ’ ਦੇ ਪਾਠਕਾਂ ਨੂੰ ਨਵਾਂ ਵਰ੍ਹਾ ਮੁਬਾਰਕ ਹੋਵੇ!