-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, January 18, 2012

ਬੋਲਣ ਦੀ ਅਜ਼ਾਦੀ


 ਸ਼ਾਮ ਸੁੰਦਰ ਕਾਲੜਾ

ਜਲਸੇ ਵਿਚ ਬੋਲਦੇ ਹੋਏ ਮੰਤਰੀ ਜੀ ਨੇ ਕਿਹਾ, ਰਿਸ਼ਵਤ ਲੈਣਾ ਦੇਸ਼ ਨਾਲ ਗੱਦਾਰੀ ਕਰਨ ਦੇ ਸਮਾਨ ਹੈ। ਅਜਿਹੇ ਗੱਦਾਰਾਂ ਨੂੰ  ਕੀ ਸਜ਼ਾ ਮਿਲਣੀ ਚਾਹੀਦੀ ਹੈ?
ਫਾਂਸੀ!ਇੱਕਠ ਵਿੱਚੋਂ ਆਵਾਜ਼ ਗੂੰਜੀ।
ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਭ੍ਰਿਸ਼ਟ ਕੋਈ ਵੀ ਹੋਵੇ ਨੇਤਾ ਜਾਂ ਅਫਸਰ, ਉਸਨੂੰ ਫਾਹੇ ਲਾ ਦੇਣਾ ਚਾਹੀਦਾ ਹੈ।
ਭੀਡ਼ ਨੇ ਮੰਤਰੀ ਜੀ ਦੀ ਗੱਲ ਦਾ ਤਾੜੀਆਂ ਨਾਲ ਸਵਾਗਤ ਕੀਤਾ।
ਤਾੜੀਆਂ ਦੀ ਅਵਾਜ਼ ਸ਼ਾਂਤ ਹੋਈ ਤਾਂ ਭੀਡ਼ ਵਿੱਚੋਂ ਇਕ ਆਦਮੀ ਉੱਠਿਆ ਤੋ ਰੋਹ ਭਰੀ ਅਵਾਜ਼ ਵਿਚ ਬੋਲਿਆ, ਫਿਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਾਹੇ ਲਾਉਣਾ ਚਾਹੀਦਾ ਹੈ। ਤੁਸੀਂ ਨੌਕਰੀ ਲਵਾਉਣ ਲਈ ਢਾਈ-ਢਾਈ ਲੱਖ ਰੁਪਏ ਰਿਸ਼ਵਤ ਦੇ ਲਏ ਨੇ।
ਸਿਪਾਹੀ ਆਏ ਤੇ ਉਸ ਆਦਮੀ ਨੂੰ ਫਡ਼ ਕੇ ਲਿਜਾਣ ਲੱਗੇ ਤਾਂ ਮੰਤਰੀ ਜੀ ਨੇ ਬੜੇ ਧੀਰਜ ਨਾਲ ਕਿਹਾ, ਇਸ ਨੂੰ ਨਾ ਫੜੋ, ਬੋਲਣ ਦਿਓ। ਲੋਕਰਾਜ ਵਿਚ ਹਰ ਕਿਸੇ ਨੂੰ ਬੋਲਣ ਦੀ ਅਜ਼ਾਦੀ ਹੈ। ਹਾਂ ਜੀ ਦੱਸੋ? ਕਿਸਨੇ ਪੈਸੇ ਲਏ? ਕਿਸਤੋਂ ਪੈਸੇ ਲਏ?
ਤੁਹਾਡੇ ਨਾਂ ਤੇ, ਤੁਹਾਡੇ ਏਜੰਟ ਨੇ ਮੇਰੇ ਤੋਂ ਪੈਸੇ ਲਏ
ਲਓ ਸੁਣੋ ਬਈ ਲੋਕੋ!…ਜੇਕਰ ਕੋਈ ਮੇਰਾ ਨਾਂ ਲੈ ਕੇ ਕਿਸੇ ਨੂੰ ਮੂਰਖ ਬਣਾਈ ਜਾਵੇ ਤਾਂ ਦੱਸੋ ਇਸ ਵਿਚ ਮੇਰਾ ਕੀ ਕਸੂਰ ਹੈ!ਬੜੀ ਸਹਿਜਤਾ ਨਾਲ ਮੰਤਰੀ ਜੀ ਨੇ ਕਿਹਾ, ਹਾਂ ਮੈਂ ਫਿਰ ਵੀ ਵਿਸ਼ਵਾਸ ਦੁਆਉਂਦਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ।
ਜਨਤਾ ਨੇ ਤਾੜੀਆਂ ਵਜਾ ਕੇ ਫਿਰ ਮੰਤਰੀ ਜੀ ਦਾ ਸਮਰਥਨ ਕੀਤਾ।
ਉਸ ਦਿਨ ਤੋਂ ਬਾਅਦ ਉਹ ਆਦਮੀ ਗਾਇਬ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਭਾਲਦੇ ਫਿਰ ਰਹੇ ਹਨ।
                                         -0-
                                      


No comments: