-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, March 23, 2010

ਮਜ਼ਬੂਰੀ


-->
ਬਲਬੀਰ ਪਰਵਾਨਾ

ਸਰਦਾਰ ਲਸ਼ਕਰ ਸਿੰਘ ਨੇ ਜਿਉਂ ਹੀ ਸਕੂਟਰ ਫਾਰਮ ਨੂੰ ਮੋੜਿਆ ਤਾਂ ਅੰਬਾਂ ਦੇ ਬੂਟਿਆਂ ਨੂੰ ਗੋਡੀ ਕਰਦੇ ਚੁੰਨੂੰ ਤੇ ਗਾਮੀ ਦੇ ਚਿਹਰੇ ਆਸਵੰਦ ਜਹੇ ਹੋ ਗਏ। ਪਰ ਸਕੂਟਰ ਖੜਾ ਕਰ ਉਸ ਨੂੰ ਖਾਲੀ ਹੱਥ ਆਉਂਦਿਆਂ ਤਕ ਕੇ ਉਹ ਮੁੜ ਹਿਰਾਸੇ ਗਏ।
ਰੋਟੀ ਤਾਂ ਯਾਰ ਹੁਣ ਵੀ ਨਹੀਂ ਆਈ।ਗਾਮੀ ਨੇ ਕਿਹਾ।
ਤੇ ਤੇਰਾ ਕੀ ਖਿਆਲ ਸੀ, ਸਰਦਾਰ ਸਾਡੀ ਰੋਟੀ ਲੈ ਕੇ ਆ ਰਿਹਾ…।
ਸਵੇਰ ਦੀ ਰੋਟੀ ਅਜੇ ਤਕ ਨਹੀਂ ਆਈ। ਲੌਢਾ ਵੇਲਾ ਹੋਣ ਲੱਗਾ…ਨੌਕਰਾਂ ਦੀ ਤਾਂ ਇਹ ਵੱਡੇ ਲੋਕ ਕੁੱਤੇ ਜਿੰਨੀ ਕਦਰ ਨਹੀਂ ਕਰਦੇ…
ਤਦ ਤਾਈਂ ਸਰਦਾਰ ਉਹਨਾਂ ਕੋਲ ਆ ਗਿਆ ਸੀ ਤੇ ਉਹਨੂ ਕੋਲ ਆਇਆ ਤੱਕ ਉਹ ਚੁੱਪ ਜਹੇ ਕਰ ਗਏ। ਇਕ ਸਰਸਰੀ ਜਿਹੀ ਨਜ਼ਰ ਉਹਨਾਂ ਵੱਲ ਮਾਰ ਸਰਦਾਰ ਅਗਾਂਹ ਡੇਰੀ ਫਾਰਮ ਵੱਲ ਲੰਘ ਗਿਆ ਤਾਂ ਦਸਾਂ ਕੁ ਵਰ੍ਹਿਆਂ ਦੇ ਗਾਮੀ ਨੇ ਹਰਾਸਿਆਂ ਕਿਹਾ, ਜੇ ਮੇਰਾ ਬਾਪੂ ਨਾ ਮਰਦਾ, ਮੈਂ ਕਾਹਨੂੰ ਇਹਨਾਂ ਦੇ ਲੱਗਣਾ ਸੀ!
ਅਸੀਂ ਵੀ ਜੇ ਇਹਨਾਂ ਤੋਂ ਤਿੰਨ ਸੌ ਰੁਪਏ ਨਾ ਲਏ ਹੁੰਦੇ…।
-0-

Monday, March 15, 2010

ਵਧਾਈ


ਜਗਰੂਪ ਸਿੰਘ ਕਿਵੀ


ਚਿਲਮਣ ਨਾਂ ਦੇ ਖੁਸਰੇ ਨੇ ਜਦੋਂ ਨਿੱਕੇ ਬਾਲ ਨੂੰ ਗੋਦੀ ਚੁੱਕ ਕੇ ਲੋਰੀ ਦਿੰਦਿਆਂ ਵਿਹਡ਼ੇ ਵਿਚ ਗੇਡ਼ਾ ਲਾਇਆ ਤਾਂ ਬਾਲਕ ਦੀ ਮਾਂ ਦੇ ਹੰਝੂ ਵਹਿ ਤੁਰੇ। ਉਹ ਫੁੱਟਫੁੱਟ ਕੇ ਰੋਣ ਲੱਗੀ। ਕਈ ਮਹਿਮਾਨਾਂ ਨੂੰ ਅਟਪਟਾ ਜਿਹਾ ਲੱਗਾ।

ਇਹ ਤਾਂ ਸ਼ੁਭ ਦਿਹਾਡ਼ਾ! ਮਾਂ ਨੂੰ ਰੋਣਾ ਨਹੀਂ ਚਾਹੀਦਾ।

ਐਸੇ ਮੌਕੇ ਤਾਂ ਬਦਸ਼ਗਨਾ ਹੁੰਦੈ ਕੁਡ਼ੇ!ਇਕ ਔਰਤ ਨੇ ਇੱਥੋਂ ਤੱਕ ਕਹਿ ਦਿੱਤਾ।

ਕਰਮਾਂ ਵਾਲਾ ਦਿਨ ਐ। ਖੁਸਰੇ ਹਰ ਕਿਸੇ ਦੇ ਘਰੇ ਥੋਡ਼੍ਹੇ ਨੱਚਦੇ ਫਿਰਦੇ ਐ।ਇਕ ਹੋਰ ਦਾ ਵਿਚਾਰ ਸੀ।

ਪਰ ਪਰਿਵਾਰ ਦੇ ਖਾਸ ਮੈਂਬਰ ਜਾਣਦੇ ਸਨ ਕਿ ਗਿੰਦਰੋ ਦਾ ਦਿਲ ਕਿਉਂ ਭਰ ਆਇਆ ਸੀ। ਇਹ ਖੁਸ਼ੀ ਦੇ ਹੰਝੂ ਨਹੀਂ ਸਨ। ਇਹ ਬੱਚਾ ਬਾਰ੍ਹਾਂ ਵਰ੍ਹਿਆਂ ਪਿੱਛੋਂ ਆਇਆ ਸੀ। ਮਾਂ ਨੂੰ ਇਹ ਤੌਖਲਾ ਵੀ ਨਹੀਂ ਸੀ। ਉਹ ਤਾਂ ਚਿਲਮਣ ਨੂੰ ਵੇਖ ਕੇ ਰੋ ਰਹੀ ਸੀ।

ਚਿਲਮਣ…ਖੁਸਰਾ।…ਹਾਂ ਖੁਸਰਾ। ਪਰ ਉਹ ਤਾਂ ਮਾਹਲਾ ਸੀ। ਮਾਹਲਾ, ਉਸਦਾ ਪਹਿਲਾ ਪੁੱਤਰ। ਚਾਰ ਵਰ੍ਹੇ ਉਸ ਕੋਲ ਰਿਹਾ। ਉਸ ਨੇ ਪਲੇਠੇ ਪੁੱਤ ਵਾਲਾ ਪਿਆਰ ਕੀਤਾ। ਪਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਤੇ ਗੱਲ ਖੁਸਰਿਆਂ ਤਕ ਪਹੁੰਚ ਗਈ। ਇਕ ਦਿਨ ਉਹ ਇਕੱਠੇ ਹੋ ਕੇ ਆਏ ਤੇ ਪੰਚਾਇਤ ਦੇ ਸਾਹਮਣੇ ਮਾਹਲੇ ਨੂੰ ਲੈ ਗਏ। ਕੁਝ ਚਿਰ ਬਾਦ ਮਾਂ ਨੂੰ ਪਤਾ ਲੱਗਾ ਕਿ ਉਸਦਾ ਮਾਹਲਾ ਹੁਣ ਲੋਕਾਂ ਘਰੇ ਵਧਾਈ ਲੈਣ ਜਾਂਦਾ ਹੈ ਤੇ ਮਾਹਲੇ ਤੋਂ ਚਿਲਮਣ ਬਣ ਚੁੱਕਿਆ ਹੈ। ਉਸ ਨੇ ਦਿਲ ਉੱਤੇ ਪੱਥਰ ਰੱਖ ਲਿਆ ਸੀ, ਪਰ ਅੱਜ ਇਕ ਪੁੱਤਰ ਨੂੰ ਆਪਣੇ ਦੂਜੇ ਪੁੱਤਰ ਦੀ ਵਧਾਈ ਮੰਗਦੇ ਦੇਖ, ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ।

-0-

Saturday, March 13, 2010

ਇਕ ਗਦਰ ਹੋਰ


ਜਗਦੀਸ਼ ਰਾਏ ਕੁਲਰੀਆਂ

ਉੱਚੀ ਹਵੇਲੀ ਵਾਲੇ ਸਰਦਾਰਾਂ ਦੀ ਕੁਡ਼ੀ ਦੇ ਇਕ ਗਰੀਬ ਮੁੰਡੇ ਨਾਲ ਭੱਜਣ ਦੀ ਗੱਲ ਪੂਰੇ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ।

ਕੁਡ਼ੀ ਦੇ ਇਸ ਕਦਮ ਨੇ ਸਰਦਾਰ ਦਿਲਾਵਰ ਸਿੰਘ ਨੂੰ ਕਿਧਰੇ ਮੂੰਹ ਦਿਖਾਉਣ ਜੋਗਾ ਨਹੀਂ ਸੀ ਛੱਡਿਆ। ਉਸਨੇ ਆਪਣੀ ਬੰਦੂਕ ਨੂੰ ਲੋਡ ਕੀਤਾ ਤੇ ਮੁੰਡੇ ਦੇ ਘਰ ਵੱਲ ਨੂੰ ਚੱਲ ਪਿਆ।

ਕਿੱਥੇ ਐ ਉਹ ਭੈਣ ਦਾ…ਬਚਨੀਏ, ਸਿੱਧੀ ਹੋ ਕੇ ਦੱਸ ਕਿ ਤੇਰਾ ਮੁੰਡਾ ਮੇਰੀ ਕੁਡ਼ੀ ਨੂੰ ਕਿੱਧਰ ਲੈ ਗਿਆ?…ਮੈਂ ਤਾਂ ਸਾਲੇ ਦੇ ਸੀਰਮੇ ਪੀ ਜੂੰ…ਇਕ ਵੇਰਾਂ ਮੇਰੇ ਸਾਮ੍ਹਣੇ ਆਜੇ…ਸਾਰੀਆਂ ਗੋਲੀਆਂ ਕੇਰਾਂ ਈ ਵਿਚ ਦੀ ਕੱਢ ਦੂੰ… ਇੱਕੋ ਸਾਹੇ ਸਰਦਾਰ ਮੁੰਡੇ ਦੀ ਮਾਂ ਨੂੰ ਕਾਫੀ ਕੁਝ ਕਹਿ ਗਿਆ।

ਮੈਨੂੰ ਕੀ ਪਤਾ… ਕਿੱਧਰ ਗਿਐ… ਉਹ…।

ਚੁੱਪ ਕਰ ਬਾਹਲੀ ਚਬਰ-ਚਬਰ ਨਾ ਕਰ…ਜੇ ਦੋ ਅੱਖਰ ਪਡ਼੍ਹ ਗਿਐ ਤਾਂ ਕੀ ਅਸਮਾਨ ਨੂੰ ਟਾਕੀਆਂ ਲਾਉਣੀਆਂ ਨੇ…ਆਪਣੀ ਜਾਤ ਨੀ ਦੇਖਦੇ…ਸਰਦਾਰ ਦੀ ਇੱਜ਼ਤ ਨੂੰ ਹੱਥ ਪਾਇਐ।

…ਜਾਣਦੀ ਐਂ…ਜਾਣਦੀ ਐਂ, ਵੱਡੇ ਸਰਦਾਰ ਦੀ ਇੱਜਤ ਨੂੰ…ਆਪਣੀ ਵਾਰੀ ਹੁਣ ਸੇਕ ਲਗਦੈ…ਜਦੋਂ ਮੈਂ ਗੋਹਾ-ਕੂਡ਼ਾ ਕਰਨ ਆਉਂਦੀ ਸੀ, ਉਦੋਂ ਕਿਵੇਂ ਚੋਰੀ-ਛਿਪੇ ਸਬਾਤ ’ਚ ਲੈ ਜਾਂਦਾ ਸੈਂ…ਮੈਂ ਪਤਾ ਨੀ ਉਦੋਂ ਕੀ ਸੋਚ ਕੇ ਚੁੱਪ ਕਰ ਜਾਂਦੀ ਸਾਂ…ਪਰ ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲੈ…ਮੇਰਾ ਪੁੱਤ ਅੱਜ ਈ ਕਚਹਿਰੀ ’ਚੋਂ ਵਿਆਹ ਕਰਾ ਕੇ ਮੁਡ਼ੂ…ਕਰ ਲੀਂ ਜੋ ਤੇਥੋਂ ਹੁੰਦੈ…ਮੈਂ ਵੀ ਦੇਖਦੀ ਐਂ ਜ਼ੋਰ, ਤੇਰਾ ਵੱਡੇ ਸਰਦਾਰ ਦਾ।

ਬਚਨੀ ਸ਼ੀਂਹਣੀ ਬਣੀ ਖਲੋਤੀ ਸੀ।

-0-

Monday, March 8, 2010

ਬੇਬਸੀ


ਦਰਸ਼ਨ ਸਿੰਘ ਬਰੇਟਾ


ਪਤਾ ਨਹੀਂ ਕਿਉਂ ਸਵੇਰੇ ਬਿਰਧ ਆਸ਼ਰਮ ਵਿਚ ਅਖਬਾਰ ਦੇ ਪੰਨੇ ਪਲਟਦਿਆਂ ਉਸ ਦਾ ਧਿਆਨ ਬੀਤੀ ਜ਼ਿੰਦਗੀ ਦੇ ਪ੍ਰਤੀਬਿੰਬਾਂ ਨਾਲ ਜਾ ਜੁਡ਼ਿਆ। ਕਈ ਦਿਨਾਂ ਤੋਂ ਉਹ ਬੇਚੈਨੀ ਵਿਚ ਜੀ ਰਿਹਾ ਸੀ।
“ਦੋ ਪੁੱਤ ਪਾਲੇ-ਪੋਸੇ, ਪੈਰਾਂ ਸਿਰ ਕੀਤੇ। ਵੱਡੇ ਨੂੰ ਵਿਦੇਸ਼ ਸੈੱਟ ਕਰਨ ਲਈ ਮਕਾਨ ਸਮੇਤ ਹੋਰ ਸਭ ਨਿੱਕ-ਸੁੱਕ ਵੇਚਣੇ ਪਏ। ਉਹ ਬਸ ਉੱਥੋਂ ਦਾ ਹੀ ਹੋ ਕੇ ਰਹਿ ਗਿਆ। ਖੈਰ, ਉਹਦੇ ਤਾਂ ਕੋਈ ਵੱਸ ਨਹੀਂ। ਪਰ ਏਥੇ ਵਾਲਾ ਤਾਂ ਸਭ ਕੁਝ ਕਰ ਸਕਦੈ। ਚੰਗਾ ਦੋਨੋਂ ਜੀਅ ਨੌਕਰੀ ਲੱਗੇ ਐ। ਕੋਈ ਕਮੀ ਨਹੀਂ।”
ਪਤਾ ਨਹੀਂ ਕੀ ਕੁਝ ਉਹ ਬੁਡ਼ਬੁਡ਼ਾਈ ਗਿਆ।
“ਆਹ ਨੂੰਹ ਦਾ ਹਾਲ ਦੇਖ ਲੋ, ਜਦੋਂ ਲੋਡ਼ ਸੀ ਤਾਂ ਬਾਪੂ ਜੀ ਆਹ ਕਰ ਦਿਓ, ਓਹ ਵੀ ਕਰ ਦਿਓ। ਹੁਣ ਮੁੰਨੇ ਨੂੰ ਘੁਮਾ ਲਿਆਓ। ਹੁਣ ਮੈਂ ਦਫਤਰ ਚੱਲੀ ਆਂ, ਜਰਾ ਧਿਆਨ ਰੱਖਿਓ। ਆਪ ਔਖੇ ਹੋ ਚਾਵਾਂ ਨਾਲ ਪੋਤੇ ਨੂੰ ਪਾਲਿਆ। ਮੈਂ ਵੀ ਆਪਣੇ ਆਪ ਨੂੰ ਪਰਿਵਾਰ ’ਚ ਰਹਿਦਾ ਕਿਸਮਤ ਵਾਲਾ ਸਮਝਦਾ।
ਬੱਚੇ ਦੇ ਪਡ਼੍ਹਨ ਲੱਗਣ ’ਚ ਹਾਲੇ ਕਈ ਮਹੀਨੇ ਬਾਕੀ ਸਨ, ਪਹਿਲਾਂ ਹੀ ਦੋਨਾਂ ਜੀਆਂ ਨੇ ਆਪਣੀ ਵੱਡੇ ਸ਼ਹਿਰ ਦੀ ਬਦਲੀ ਲਈ ਓਹਡ਼ ਪੋਹਡ਼ ਵੱਢ ਦਿੱਤੇ। ਅਖੇ ਵੱਡੇ ਸ਼ਹਿਰ ਚੰਗੇ ਸਕੂਲ ’ਚ ਬੱਚੇ ਦਾ ਭਵਿੱਖ ਚੰਗਾ ਬਣੂ।
ਮੈਂ ਬਥੇਰਾ ਕਿਹਾ, ‘ਭਾਈ ਕਾਕਾ, ਤੂੰ ਵੀ ਏਥੇ ਪਡ਼੍ਹ ਕੇ ਨੌਕਰੀ ਲੱਗਿਐਂ। ਸਭ ਕੁਝ ਐ ਏਥੇ।’
ਅਖੇ, ਨਹੀਂ ਬਾਪੂ ਜੀ, ਸਾਡੇ ਵੇਲੇ ਗੱਲ ਹੋਰ ਸੀ। ਹੁਣ ਜ਼ਮਾਨਾ ਬਦਲ ਗਿਐ।
ਦੋਨਾਂ ਦੀ ਬਦਲੀ ਕੀ ਹੋ ਗਈ, ਮੇਰੀ ਤਾਂ ਕੰਬਖਤੀ ਆ ਗਈ। ਦਫਤਰੋਂ ਆਉਂਦਿਆਂ ਹੀ ਨੂੰਹ ਨੇ ਫਰਮਾਨ ਸੁਣਾਇਆ, “ਬਾਪੂ ਜੀ, ਅਸੀਂ ਦੋ-ਚਾਰ ਦਿਨਾਂ ’ਚ ਵੱਡੇ ਸ਼ਹਿਰ ਚਲੇ ਜਾਣੈ। ਉੱਥੇ ਮਕਾਨਾਂ ਦਾ ਕਿਰਾਇਆ ਬਹੁਤ ਜ਼ਿਆਦੈ। ਇਸ ਮਕਾਨ ਦਾ ਕਿਰਾਇਆ ਥੋਡੇ ਕੱਲਿਆਂ ਲਈ ਦੇਣਾ ਕੋਈ ਸਿਆਣਪ ਨਹੀਂ। ਜੋ ਭਲਾ ਤੁਸੀਂ ਹੁਣ…ਆਹ ਬਿਰਧ ਆਸ਼ਰਮ ’ਚ…।’
‘ਬਸ ਭਈ ਮੈਂ ਸਮਝ ਗਿਆ। ਠੀਕ ਐ, ਮੈਂ ਕੱਲ੍ਹ ਈ ਚਲਿਆ ਜਾਊਂ। ਤੁਸੀਂ ਰਾਜੀ ਰਹੋ, ਮੇਰਾ ਕੀ ਐ।’…”
“ਬਾਬਾ ਜੀ, ਕੀਹਨੂੰ ਰਾਜੀ ਰੱਖ ਰਹੇ ਓਂ, ਚਾਹ ਪੀ ਲੋ।” ਆਸ਼ਰਮ ਦੇ ਲਾਂਗਰੀ ਦੇ ਕਹਿੰਦਿਆਂ ਸਾਰ ਉਹਦੀ ਬਿਰਤੀ ਵਾਪਸ ਪਰਤੀ।
“ਨਹੀਂ-ਨਹੀਂ, ਕੁਝ ਨਹੀਂ।” ਆਖਦਿਆਂ ਉਸ ਨੇ ਚਾਹ ਦਾ ਕੱਪ ਚੁੱਕਿਆ।
ਹੁਣ ਉਹ ਨਵੀਂ ਪੀਡ਼੍ਹੀ ਦੀ ਅਖੌਤੀ ਆਧੁਨਿਕ ਸੋਚ ਦਾ ਸਤਾਇਆ ਬੇਬਸੀ ਦੇ ਹੰਝੂਆਂ ਨੂੰ ਵਹਿਣ ਤੋਂ ਰੋਕ ਨਾ ਸਕਿਆ।
-0-

Sunday, March 7, 2010

ਜਾਗ



ਅਸ਼ਵਨੀ ਖੁਡਾਲ

ਦੋ ਤਿੰਨ ਦਿਨਾਂ ਤੋਂ ਡੰਗਰਾਂ ਦਾ ਗੋਹਾ-ਕੂਡ਼ਾ ਕਰਨ ਵਾਲੀ ਸੀਤੋ ਕੰਮ ਕਰਨ ਨਹੀਂ ਆਈ ਸੀ। ਹਵੇਲੀ ਵਾਲੇ ਬਚਨ ਸਿੰਘ ਦੀ ਘਰਵਾਲੀ ਕਾਫੀ ਔਖੀ ਹੋਈ ਪਈ ਸੀ, “ਮੈਂ ਕਿਹਾ, ਜੀਤੋ ਦੇ ਬਾਪੂ, ਤੂੰ ਈ ਜਾ ਕੇ ਪਤਾ ਕਰਿਆ…ਏਸ ਜਾਤ ਨੇ ਵੀ ਹੱਦ ਈ ਕਰਤੀ…।”
ਉਹਦੇ ਵਾਰ-ਵਾਰ ਕਹਿਣ ਉੱਤੇ ਬਚਨ ਸਿੰਘ ਜਦੋਂ ਕੈਲੇ ਦੇ ਘਰ ਪਹੁੰਚਿਆ ਤਾਂ ਸੀਤੋ ਘਰ ਹੀ ਸੀ।
“ਕਿਉਂ ਬਈ ਕੈਲਿਆ! ਸੀਤੋ ਕਈ ਦਿਨਾਂ ਤੋਂ ਕੰਮ ’ਤੇ ਨਹੀਂ ਆਈ…?”
“ਕੰਮ ’ਤੇ ਤਾਂ ਸਰਦਾਰਾ ਹੁਣ ਕੋਈ ਹਸਾਬ ਕਰਕੇ ਈ ਆਊ…।” ਅੱਗੋਂ ਕੈਲੇ ਦੇ ਬੋਲਾਂ ਵਿਚ ਤਲਖੀ ਸੀ।
“ਹਿਸਾਬ ਕਾਹਦਾ ਓਏ? ਅਜੇ ਤਾਂ ਦਿੱਤੀ ਰਕਮ ਦਾ ਵਿਆਜ ਈ ਨੀ ਪੂਰਾ ਹੋਇਆ।”
“ਲੈ, ਅਜੇ ਵਿਆਜ ਈ ਰਹਿ ਗਿਆ…ਪੰਜ ਸਾਲ ਹੋਗੇ ਦੋ ਹਜ਼ਾਰ ਦੇ ਵਿਆਜ ’ਚ ਗੋਹਾ-ਕੂਡ਼ਾ ਕਰਦਿਆਂ ਨੂੰ। ਹੁਣ ਤਾਂ ਜੇ ਮਹਿਨੇ ਦੇ ਮਹੀਨੇ ਕੋਈ ਬੱਝਵੇਂ ਪੈਸੇ ਮਿਲਣਗੇ, ਤਾਂ ਈ ਸੀਤੋ ਕੰਮ ’ਤੇ ਆਊ…।”
“ਅੱਛਾ, ਤਾਂ ਫੇਰ ਲੱਗੇ ਆਪਣੀ ਜਾਤ ਦਿਖਾਉਣ, ਹਿਸਾਬ ਤਾਂ ਭਾਈ ਪੰਚੈਤ ਈ ਕਰੂ ਫੇਰ।”
“ਪੰਚੈਤ ਵੀ ਤਾਂ ਸਰਦਾਰਾ ਤੇਰੀ ਓਈ ਐ…ਪਹਿਲਾਂ ਕੇਹਡ਼ਾ ਪੰਚੈਤ ਦੇ ਕਰੇ ਹਸਾਬ ਨੀ ਦੇਖੇ…ਜੇ ਐਂ ਈ ਕਰਨੈ ਤਾਂ ਫੇਰ ਮੈਂ ਵੀ ਮਜਦੂਰ ਜੱਥੇਬੰਦੀ ਵਾਲਿਆਂ ਨੂੰ ਬੁਲਾ ਲੂੰ…।”
“ਬੁਲਾ ਲੀਂ, ਬੁਲਾ ਲੀਂ…ਦੇਖ ਲਾਂਗੇ…।” ਕਹਿੰਦਾ ਬਚਨ ਸਿੰਘ ਮੁਡ਼ ਘਰ ਨੂੰ ਚੱਲ ਪਿਆ। ਪਰ ਅੰਦਰੋਂ-ਅੰਦਰੀ ਸੋਚਦਾ ਜਾ ਰਿਹਾ ਸੀ–ਹੁਣ ਤਾਂ ਇਹਨਾਂ ਕੰਮੀਂ-ਕਮੀਨਾਂ ਦੇ ਵੀ ਖੰਭ ਲੱਗਗੇ, ਪੁਰਾਣਾ ਹਿਸਾਬ ਹੁਣ ਬਹੁਤਾ ਚਿਰ ਨਹੀਂ ਚੱਲਣਾ।
-0-

Monday, March 1, 2010

ਚਿੱਬੇ ਚਿੱਬੇ


ਹਮਦਰਦਵੀਰ ਨੌਸ਼ਹਿਰਵੀ(ਪ੍ਰੋ.)


ਸਡ਼ਕ ਦੇ ਰੇਲਵੇ ਫਾਟਕ ਉੱਤੇ ਬੈਠੇ ਭਿਖਾਰੀਆਂ ਨੂੰ ਉਹ ਖੀਰ ਵੰਡਦੀ ਜਾ ਰਹੀ ਸੀ। ਚਿੱਬੇ ਕੌਲੇ, ਵਿੰਗੀਆਂ ਟੇਢੀਆਂ ਥਾਲੀਆਂ ਦੀ ਲਾਈਨ। ਪਾਣੀ ਵਿਚ ਦੁੱਧ ਪਾ ਕੇ ਬਣਾਈ ਖੀਰ। ਸਿਲਵਰ ਦੇ ਪਤਲੇ ਤੇ ਲੰਮੇ ਸਾਰੇ ਵੱਡੇ ਡੱਬੇ ਵਿੱਚੋਂ ਹਰ ਇਕ ਲਈ ਇਕ ਇਕ ਨਿੱਕੀ ਜਿਹੀ ਕਡ਼ਛੀ ਭਰਦੀ ਸੀ ਤੇ ਅੱਗੇ ਪਏ ਕੌਲੇ ਜਾਂ ਕਰਮੰਡਲ ਵਿਚ ਪਲਟਾ ਦਿੰਦੀ ਸੀ। ਮੰਗਤੇ ਅਸੀਸਾਂ ਦੇ ਰਹੇ ਸਨ।

ਪਿੱਛੇ ਪਿਛੇ ਉਸ ਦੀ ਸਕੂਲ ਪਡ਼੍ਹਦੀ ਬੇਟੀ ਆ ਰਹੀ ਸੀ।

ਮੰਮੀ, ਇਕ ਦੋ ਥਾਲੀਆਂ ’ਚ ਈ ਪਾ ਦਿਓ । ਤੁਸੀਂ ਤਾਂ ਭੋਰਾ ਭੋਰਾ ਪਾਂਦੇ ਓ। ਇਸ ਨਾਲ ਇਨ੍ਹਾਂ ਦਾ ਕੀ ਬਣੇਗਾ?

ਬੇਟੇ, ਇਹ ਸਾਰੇ ਭੁੱਖੇ ਨੇ। ਸਾਰਿਆਂ ਨੂੰ ਕੁਝ ਮਿਲਣਾ ਚਾਹੀਦਾ ਹੈ।

ਮੰਮੀ, ਇਹ ਵਾਰੀ ਕਿਉਂ ਨਹੀਂ ਬੰਨ੍ਹ ਲੈਂਦੇ, ਜਿਵੇਂ ਰਿਕਸ਼ੇ, ਟੈਂਪੂ ਵਾਲੇ ਆਪਣੀ ਵਾਰੀ ਸਿਰ ਈ ਸਵਾਰੀ ਚੁੱਕਦੇ ਨੇ। ਇਕ ਭਰਿਆ ਤੇ ਤੁਰਿਆ, ਫੇਰ ਅਗਲੇ ਦੀ ਵਾਰੀ…।

ਬੇਟੇ, ਇਨ੍ਹਾਂ ਦੀ ਕੋਈ ਯੂਨੀਅਨ ਥੋਡ਼੍ਹੀ ਏ? ਇਹ ਤਾਂ ਵਿਚਾਰੇ …।

ਵਿਚਾਰੇ ਅਪਾਹਜ਼! ਚਿਹਰੇ ਕਿਵੇਂ ਚਿੱਬ ਖਡ਼ਿਬੇ ਨੇ, ਵਿੰਗੇ ਟੇਢੇ। ਕਿਸੇ ਦੀ ਅੱਖ ਨਹੀਂ ਤੇ ਕਿਸੇ ਦੀ ਬਾਂਹ ਗਾਇਬ। ਕਿਸੇ ਦੀ ਲੱਤ ਹੈ ਨਹੀਂ ਤੇ ਕਿਸੇ ਦੇ ਚਿਹਰੇ ਦਾ ਅੱਧਾ ਹਿੱਸਾ ਈ ਨਹੀਂ। ਬਿਲਕੁਲ ਭਾਰਤ ਦੇ ਨਕਸ਼ੇ ਵਰਗਾ।

ਨਾਲੇ ਪੁੱਤਰ, ਸਾਰਿਆਂ ਨੂੰ ਅਸੀਸਾਂ ਦੇਣ ਦਾ ਵੀ ਤਾਂ ਮੌਕਾ ਮਿਲਣਾ ਚਾਹੀਦੈ।

ਤਾਂ ਹੁਣ ਪਤਾ ਲੱਗਾ। ਤੁਸੀਂ ਤਾਂ ਅਸੀਸਾਂ ਲੈਣੀਆਂ ਚਾਹੁੰਦੇ ਹੋ। ਤਾਹੀਓਂ ਤੁਸੀਂ ਗੂੰਗੇ ਭਿਖਾਰੀ ਦੇ ਕੌਲੇ ਵਿਚ ਕੁਝ ਨਹੀਂ ਪਾਇਆ।

-0-