-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, October 29, 2013

ਰਾਵਣ



ਜਸਵੀਰ ਭਲੂਰੀਆ

ਅਖ਼ਬਾਰ ਵਿਚ ਦਸ ਸਿਰਾਂ ਵਾਲੇ ਰਾਵਣ ਦੀ ਫੋਟੋ ਦੇਖ ਕੇ ਬੱਚੇ ਨੇ ਪਿਤਾ ਨੂੰ ਪੁੱਛਿਆ, ਪਾਪਾ, ਦਸ ਸਿਰਾਂ ਵਾਲੇ ਰਾਵਣ ਹੁਣ ਕਿਉਂ ਨੀ ਪੈਦਾ ਹੁੰਦੇ?
ਹੁੰਦੇ ਐ ਬੇਟੇ, ਤੈਨੂੰ ਕਿਸ ਕਿਹਾ ਹੁਣ ਰਾਵਣ ਪੈਦਾ ਨੀ ਹੁੰਦੇ?ਪਿਤਾ ਨੇ ਪੁੱਤਰ ਨੂੰ ਫਿਰ ਸਵਾਲ ਕਰ ਦਿੱਤਾ।
ਪਰ ਪਾਪਾ, ਕਿਤੇ ਦੇਖੇ ਤਾਂ ਹੈਨੀ!ਪੁੱਤਰ ਨੇ ਫਿਰ ਸਵਾਲ ਕੀਤਾ।
ਬੇਟੇ, ਇਹ ਵੋਟਾਂ ਲੈ ਕੇ ਰਾਜਧਾਨੀ ਚਲੇ ਜਾਂਦੇ ਨੇ। ਫਿਰ ਇਨ੍ਹਾਂ ਨੇ ਉੱਥੇ ਹੀ ਪੰਜ ਸਾਲ ਰਾਵਣ ਲੀਲ੍ਹਾ ਖੇਡਣੀ ਹੁੰਦੀ ਐ। ਇਸ ਲਈ ਆਪਾਂ ਨੂੰ ਪਿੰਡਾਂ ’ਚ ਦਿਖਾਈ ਨੀ ਦਿੰਦੇ।
ਪਰ ਪਾਪਾ ਜੀ, ਵੋਟਾਂ ਵੇਲੇ ਵੀ ਇਨ੍ਹਾਂ ਦੇ ਦਸ ਸਿਰ ਨਹੀਂ, ਸਗੋਂ ਇਕ ਈ ਹੁੰਦਾ ਐ? ਬੇਟੇ ਨੇ ਫਿਰ ਸਵਾਲ ਦਾਗ ਦਿੱਤਾ।
ਬੇਟੇ, ਉਦੋਂ ਇਹ ਰਾਮ ਜੀ ਦਾ ਸਿਰ ਲਾ ਕੇ ਆਉਂਦੇ ਨੇ।
                                        -0-

Tuesday, October 22, 2013

ਖੁਦਗਰਜ਼



ਡਾ. ਸਾਧੂ ਰਾਮ ਲੰਗੇਆਣਾ

ਸੱਸ ਨੂੰਹ ਨੂੰ ਸੰਬੋਧਨ ਕਰਦੀ ਹੋਈ ਕਹਿਣ ਲੱਗੀ, ਕੁੜੇ ਬਹੂ, ਮੈਂ ਆਪਣਾ ਸੂਟ ਉਤਾਰ ਦੇਵਾਂ, ਜੇ ਤੂੰ ਧੋ ਕੇ ਪਾਣੀ ਜਿਹਾ ਹੀ ਕੱਢ ਦੇਵੇਂ ਤਾਂ ਚੰਗਾ ਐ…।
ਬਹੂ ਬੋਲੀ, ਬੁੱਢੜੀਏ, ਕਦੇ ਕਿਸੇ ਦੀ ਚੰਗੀ ਸੁੱਖ ਵੀ ਮੰਗ ਲਿਆ ਕਰ। ਇਕ ਤਾਂ ਉੱਤੋਂ ਦਿਨ ਵੀਰਵਾਰ ਐ, ਇਕ ਬਿਜਲੀ ਦਾ ਡਾਹਢਾ ਖਰਚ ਐ। ਰਾਤ ਤੇਰੇ ਸਾਹਮਣੇ ਜਦੋਂ ਮੈਂ ਮਸ਼ੀਨ ਨਾਲ ਕੱਪੜੇ ਧੋਂਦੀ ਸੀ, ਉਦੋਂ ਨੀ ਮੈਨੂੰ ਸੂਟ ਮਚਾਈ ਦਾ ਫੜਾਈਦਾ ਸੀ। ਵਿੱਚੇ ਇਹਦਾ ਫਾਹਾ ਵੱਢਿਆ ਜਾਂਦਾ…ਹੁਣ ਚਿੱਟੇ ਦਿਨ ਕਿੱਥੋਂ ਬਿਜਲੀ ਦੀ ਕੁੰਡੀ ਲਾ ਕੇ ਤੇਰਾ ਸਿਆਪਾ…ਨਾਲੇ ਹੁਣ ਤੂਂ ਸਜ-ਧਜ ਮੇਲਣ ਬਣਕੇ ਕਿਹੜੇ ਮੋਤੀ ਪੁੰਨ ਕਰਨ ਜਾਣੈ…!
 ਕੁੜੇ, ਮੈਂ ਕਿਹੜਾ ਕੁਸ਼ ਪੇਕਿਆਂ ਨੂੰ ਘੱਲਣੈ। ਜੋ ਬਣਾ ਲਓਂਗੇ ਥੋਡਾ ਈ ਐ…।  ਨੂੰਹ ਦੇ ਤਾਬੜ ਤੋੜ ਬੋਲਾਂ ਦਾ ਸਾਹਮਣਾ ਕਰਦੀ ਹੋਈ ਸੱਸ ਮਰਦਾਊਂ ਜਿਹੀ ਆਵਾਜ਼ ਵਿਚ ਬੋਲੀ, ਆਹ ਮੈਨੂੰ ਤਾਂ ਬੁੜੀ ਨਿਹਾਲੀ ਦੱਸ ਕੇ ਗਈ ਐ, ਵਈ ਅੱਜ ਸ਼ਾਮੀਂ ਤਿੰਨ ਕੁ ਵਜੇ ਪੰਚੈਤ ਵਾਲਿਆਂ ਨੇ ਪੈਲਸਨਾ(ਪੈਨਸ਼ਨਾਂ) ਦਾ ਬਕਾਇਆ ਵੰਡਣੈ।
ਹੈਰਾਨ ਹੁੰਦੀ ਬਹੂ ਬੋਲੀ, ਬੇਬੇ ਜੀ, ਆਹ ਕਿੱਧਰੋਂ ਕੱਛ ’ਚੋਂ  ਮੂੰਗਲੀ ਕੱਢ ਮਾਰੀ!
ਨੂੰਹ ਨੇ ਆਪਣੀ ਬਜ਼ੁਰਗ ਸੱਸ ਦਾ ਸੂਟ ਤੁਰੰਤ ਹੀ ਬਿਨਾਂ ਕਿਸੇ ਵਿਚਾਰ ਕੀਤਿਆਂ ਹੱਥੀਂ ਧੋ ਕੇ ਪ੍ਰੈਸ ਵੀ ਕਰ ਦਿੱਤਾ।
                                         -0-

Wednesday, October 16, 2013

ਕੰਮ



ਕੰਵਲਜੀਤ ਭੋਲਾ ਲੰਡੇ

ਸਾਹਿਬ ਦੀ ਕੋਠੀ ਬਣ ਰਹੀ ਸੀ। ਸਾਹਿਬ ਨੂੰ ਟੋਕਾ-ਟਾਕੀ ਦੀ ਬਹੁਤ ਆਦਤ ਸੀ। ਕਦੇ ਮਿਸਤਰੀ ਦੇ ਗਲ ਪੈ ਜਾਂਦਾ ਤੇ ਕਦੇ ਮਜ਼ਦੂਰ ਦੇ।
ਐਵੇਂ ਸੀਮਿੰਟ ਥੱਪੀ ਜਾਨੈਂ, ਇੱਟਾਂ ਤੋੜ-ਤੋੜ ਸੁੱਟੀ ਜਾਨੈਂ, ਕਦੇ ਸਾਹਲ ਲੈ ਕੇ ਬੈਠ ਜਾਨੈਂ। ਕੰਮ ਭਲਾਂ ਇਉਂ ਹੁੰਦੇ ਨੇ!ਉਹ ਮਿਸਤਰੀ ਨੂੰ ਆਖਦਾ।
ਉਹ ਮਜ਼ਦੂਰਾਂ ਮਗਰ ਵੀ ਪਿਆ ਰਹਿੰਦਾ, ਸਾਲਿਆਂ ਦੇ ਕਾਨਿਆਂ ਵਰਗੇ ਤਾਂ ਸਰੀਰ ਨੇ, ਕੰਮ ਇਨ੍ਹਾਂ ਨੇ ਸੁਆਹ ਕਰਨੈ। ਜਾਨ ਤਾਂ ਵਿਚ ਹੈ ਨਹੀਂ, ਬੱਸ ਤਲੀ ਤੇ ਜ਼ਰਦਾ ਮੱਲ-ਮੱਲ ਖਾਈ ਜਾਂਦੇ ਐ।
ਉਸ ਤੋਂ ਅੱਕਿਆ ਇਕ ਮਜ਼ਦੂਰ ਬੋਲਿਆ, ਸਾਬ੍ਹ ਜੀ, ਇਕ ਗੱਲ ਮੈਂ ਵੀ ਆਖ ਲਵਾਂ?
ਹਾਂ, ਆਖ ਲੈ ਜਿਹੜੀ ਆਖਣੀ ਐ। ਕੰਮ ਨਹੀਂ ਕਰਨਾ ਤਾਂ ਕੀ, ਗੱਲਾਂ ਕਰਨੀਆਂ ਤਾਂ ਨਹੀਂ ਛੱਡ ਦੇਣੀਆਂ।
ਸਾਬ੍ਹ ਜੀ ਜਿਹੜੇ ਦਫਤਰ ਚ ਤੂੰ ਕੰਮ ਕਰਦੈਂ, ਉੱਥੇ ਮੈਂ ਵੀਰਵਾਰ ਗਿਆ ਸੀ। ਕੰਮ ਉੱਥੇ ਤੂੰ ਵੀ ਕੋਈ ਨ੍ਹੀਂ ਕਰਦਾ। ਹਰ ਵਾਰ ਇਹੀ ਜੁਆਬ ਮਿਲਦੈ ਸੀ, ਸਾਬ੍ਹ ਅਜੇ ਘਰੋਂ ਨ੍ਹੀਂ ਆਏ, ਸਾਬ੍ਹ ਖਾਣਾ ਖਾ ਰਹੇ ਨੇ, ਹੁਣ ਸਾਬ੍ਹ ਅਰਾਮ ਕਰ ਰਹੇ ਨੇ…ਐਵੇਂ ਦੂਜਿਆਂ ਨੂੰ ਕਹਿਣਾ ਸੌਖਾ ਹੁੰਦੈ…।
ਮਜ਼ਦੂਰ ਦੀ ਗੱਲ ਦਾ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।
                                  -0-

Wednesday, October 9, 2013

ਕਾਲੇ ਕੱਛੇ ਵਾਲਾ



ਡਾ. ਹਰਨੇਕ ਸਿੰਘ ਕੈਲੇ

ਰਾਤ ਦੇ ਅੱਠ ਕੁ ਵਜੇ ਪਿੰਡ ਦੀ ਫਿਰਨੀ ’ਤੇ ਪਹਿਰਾ ਦੇ ਰਹੇ ਲੋਕਾਂ ਨੇ ਇਕ ਅਜਨਬੀ ਨੂੰ ਘੇਰ ਲਿਆ।
ਇਹ ਤਾਂ ਕਾਲੇ ਕੱਛੇ ਵਾਲੈ।ਉਹਨਾਂ ਵਿੱਚੋਂ ਇਕ ਦੇ ਆਖਣ ਸਾਰ ਸਾਰਿਆਂ ਨੇ ਉਸ ’ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਮੇਰੀ ਬਾਤ ਤੋ ਸੁਨੋ।ਉਸਨੇ ਆਪਣੀ ਗੱਲ ਕਹਿਣ ਦੀ ਤਿੰਨ-ਚਾਰ ਵਾਰ ਕੋਸ਼ਿਸ਼ ਕੀਤੀ, ਪਰ ਉਸਦੀ ਕਿਸੇ ਨੇ ਨਾ ਸੁਣੀ ਅਤੇ ਉਸ ’ਤੇ ਡਾਂਗਾਂ ਵਰ੍ਹਦੀਆਂ ਰਹੀਆਂ। ਉਹ ਬੇਹੋਸ਼ ਹੋ ਗਿਆ।
ਹੁਣ ਕੀ ਕਰੀਏ?ਇਕ ਨੇ ਆਖਿਆ।
ਆਪਾਂ ਇਹਨੂੰ ਸਿਵਿਆਂ ’ਚ ਲਿਜਾ ਕੇ ਫੂਕ ਦੀਏ।ਕਿਸੇ ਨੇ ਆਪਣਾ ਵਿਚਾਰ ਦਿੱਤਾ ਅਤੇ ਸਾਰੇ ਇਸ ’ਤੇ ਸਹਿਮਤ ਹੋ ਗਏ।
ਉਸ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਲਿਆਂਦਾ ਗਿਆ।
‘ਇਕ ਕਾਲੇ ਕੱਛੇ ਵਾਲਾ ਫੜ੍ਹਿਆ ਗਿਆ।’ ਪਿੰਡ ਵਿਚ ਰੌਲਾ ਪੈ ਗਿਆ। ਉਸ ਨੂੰ ਵੇਖਣ ਲਈ ਲੋਕਾਂ ਦੀ ਵੱਡੀ ਭੀੜ ਸ਼ਮਸ਼ਾਨ ਭੂਮੀ ਜਮ੍ਹਾਂ ਹੋ ਗਈ। ਜਦ ਇਕ ਬਿਹਾਰੀ ਮਜ਼ਦੂਰ ਨੇ ਭੀੜ ’ਚੋਂ ਅੱਗੇ ਆ ਕੇ ਉਸਦਾ ਚਿਹਰਾ ਵੇਖਿਆ ਤਾਂ ਉਸਨੇ ਹਾਲ ਦੁਹਾਈ ਪਾ ਦਿੱਤੀ, ਯੇਹ ਤੋ ਮੇਰਾ ਭਾਈ ਹੈ। ਆਜ ਇਸਨੇ ਧਾਨ ਕੀ ਕਟਾਈ ਕੇ ਲਿਏ ਯਹਾਂ ਆਨਾ ਥਾ।
                                         -0-