-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, October 16, 2013

ਕੰਮ



ਕੰਵਲਜੀਤ ਭੋਲਾ ਲੰਡੇ

ਸਾਹਿਬ ਦੀ ਕੋਠੀ ਬਣ ਰਹੀ ਸੀ। ਸਾਹਿਬ ਨੂੰ ਟੋਕਾ-ਟਾਕੀ ਦੀ ਬਹੁਤ ਆਦਤ ਸੀ। ਕਦੇ ਮਿਸਤਰੀ ਦੇ ਗਲ ਪੈ ਜਾਂਦਾ ਤੇ ਕਦੇ ਮਜ਼ਦੂਰ ਦੇ।
ਐਵੇਂ ਸੀਮਿੰਟ ਥੱਪੀ ਜਾਨੈਂ, ਇੱਟਾਂ ਤੋੜ-ਤੋੜ ਸੁੱਟੀ ਜਾਨੈਂ, ਕਦੇ ਸਾਹਲ ਲੈ ਕੇ ਬੈਠ ਜਾਨੈਂ। ਕੰਮ ਭਲਾਂ ਇਉਂ ਹੁੰਦੇ ਨੇ!ਉਹ ਮਿਸਤਰੀ ਨੂੰ ਆਖਦਾ।
ਉਹ ਮਜ਼ਦੂਰਾਂ ਮਗਰ ਵੀ ਪਿਆ ਰਹਿੰਦਾ, ਸਾਲਿਆਂ ਦੇ ਕਾਨਿਆਂ ਵਰਗੇ ਤਾਂ ਸਰੀਰ ਨੇ, ਕੰਮ ਇਨ੍ਹਾਂ ਨੇ ਸੁਆਹ ਕਰਨੈ। ਜਾਨ ਤਾਂ ਵਿਚ ਹੈ ਨਹੀਂ, ਬੱਸ ਤਲੀ ਤੇ ਜ਼ਰਦਾ ਮੱਲ-ਮੱਲ ਖਾਈ ਜਾਂਦੇ ਐ।
ਉਸ ਤੋਂ ਅੱਕਿਆ ਇਕ ਮਜ਼ਦੂਰ ਬੋਲਿਆ, ਸਾਬ੍ਹ ਜੀ, ਇਕ ਗੱਲ ਮੈਂ ਵੀ ਆਖ ਲਵਾਂ?
ਹਾਂ, ਆਖ ਲੈ ਜਿਹੜੀ ਆਖਣੀ ਐ। ਕੰਮ ਨਹੀਂ ਕਰਨਾ ਤਾਂ ਕੀ, ਗੱਲਾਂ ਕਰਨੀਆਂ ਤਾਂ ਨਹੀਂ ਛੱਡ ਦੇਣੀਆਂ।
ਸਾਬ੍ਹ ਜੀ ਜਿਹੜੇ ਦਫਤਰ ਚ ਤੂੰ ਕੰਮ ਕਰਦੈਂ, ਉੱਥੇ ਮੈਂ ਵੀਰਵਾਰ ਗਿਆ ਸੀ। ਕੰਮ ਉੱਥੇ ਤੂੰ ਵੀ ਕੋਈ ਨ੍ਹੀਂ ਕਰਦਾ। ਹਰ ਵਾਰ ਇਹੀ ਜੁਆਬ ਮਿਲਦੈ ਸੀ, ਸਾਬ੍ਹ ਅਜੇ ਘਰੋਂ ਨ੍ਹੀਂ ਆਏ, ਸਾਬ੍ਹ ਖਾਣਾ ਖਾ ਰਹੇ ਨੇ, ਹੁਣ ਸਾਬ੍ਹ ਅਰਾਮ ਕਰ ਰਹੇ ਨੇ…ਐਵੇਂ ਦੂਜਿਆਂ ਨੂੰ ਕਹਿਣਾ ਸੌਖਾ ਹੁੰਦੈ…।
ਮਜ਼ਦੂਰ ਦੀ ਗੱਲ ਦਾ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।
                                  -0-

No comments: