-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, September 30, 2009

ਕੌੜਾ ਸੱਚ



ਨਾਇਬ ਸਿੰਘ ਮੰਡੇਰ

ਸੜਕ ਹਾਦਸੇ ਵਿਚ ਸਕੂਲ ਦੇ ਮੁੱਖ ਅਧਿਆਪਕ ਸਤਨਾਮ ਸਿੰਘ ਦੀ ਮੌਤ ਨੇ ਸਾਰਿਆਂ ਦੇ ਹਿਰਦਿਆਂ ਨੂੰ ਵਲੂੰਧਰ ਦਿੱਤਾ। ਉਸ ਸ਼ਾਮ ਕਿਸੇ ਨੇ ਵੀ ਚੁੱਲ੍ਹੇ ਅੱਗ ਨਾ ਬਾਲੀ। ਆਖਿਰ ਪਿੰਡ ਦੇ ਬਜ਼ੁਰਗ ਕਿਸ਼ਨ ਸਿੰਘ ਨੇ ਸਤਨਾਮ ਸਿੰਘ ਦੇ ਘਰ ਜੁੜੀ ਸੰਗਤ ਨੂੰ ਦਿਲਾਸਾ ਦਿੰਦਿਆਂ ਕਿਹਾ, “ਭਾਈ, ‘ਘੱਲੇ ਆਏ ਨਾਨਕਾ, ਸੱਦੇ ਉੱਠੀ ਜਾਇ’ ਦੇ ਮਹਾਂ-ਵਾਕ ਮੁਤਾਬਕ ਇਸ ਦੁਨੀਆਂ ਤੋਂ ਹਰ ਇਕ ਨੇ ਵਾਰੋ-ਵਾਰੀ ਤੁਰ ਜਾਣਾ ਏ, ਢੇਰੀ ਢਾਹ ਕੇ ਕੁਝ ਨਹੀਂ ਬਣਦਾ। ਹਿੰਮਤ ਤੋਂ ਕੰਮ ਲਓ ਤੇ ਉਨ੍ਹਾਂ ਵੱਲੋਂ ਛੱਡੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀ ਸੋਚੋ।”
ਬਾਪੂ ਕਿਸ਼ਨ ਸਿੰਘ ਦੀ ਗੱਲ ਸਭ ਨੂੰ ਚੰਗੀ ਲੱਗੀ। ਭੋਗ ਦੀ ਰਸਮ ਤਕ ਸਾਰਾ ਪਿੰਡ ਉਹਨਾਂ ਦੇ ਸੱਥਰ ਉੱਤੇ ਜੁੜਿਆ ਰਿਹਾ। ਹਰ ਪਾਸੇ ਸਤਨਾਮ ਸਿੰਘ, ਮੁੱਖ ਅਧਿਆਪਕ ਵੱਲੋਂ ਕੀਤੇ ਚੰਗੇ ਕੰਮਾਂ ਦੀ ਸਿਫਤ ਹੋ ਰਹੀ ਸੀ। ਭੋਗ ਵਾਲੇ ਦਿਨ ਵੱਡੀ ਗਿਣਤੀ ਵਿਚ ਅਧਿਆਪਕ, ਸਮਾਜਸੇਵੀ, ਰਾਜਨੀਤਕ ਲੋਕ ਤੇ ਪਿੰਡਾਂ ਦੇ ਲੋਕ ਹੁੰਮ-ਹੁਮਾ ਕੇ ਪਹੁੰਚੇ। ਕਈ ਕਿੱਲਿਆਂ ਵਿਚ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ, ਪਰ ਉਹ ਵੀ ਘੱਟ ਰਹਿ ਗਿਆ ਸੀ। ਸ਼ਰਧਾਂਜਲੀ ਦੇਣ ਵਾਲਿਆਂ ਨੇ ਪੁੱਜ ਕੇ ਉਹਨਾਂ ਦੀ ਪ੍ਰਸੰਸਾ ਕੀਤੀ। ਕਈ ਸਕੂਲ ਮੁਖੀਆਂ ਨੇ ਕਿਹਾ, “ਸਾਡੀ ਬਰਾਦਰੀ ਵਿੱਚੋਂ ਬਹੁਤ ਹਿੰਮਤੀ ਤੇ ਇਮਾਨਦਾਰ ਬੰਦਾ ਵਿੱਛੜ ਗਿਐ।” ਕਈਆਂ ਨੇ ਉਹਨਾਂ ਦੀ ਯਾਦ ਵਿਚ ਗੇਟ ਬਣਾਉਣ ਤੇ ਕਈਆਂ ਨੇ ਸਕੂਲ ਦਾ ਨਾਂ ਉਹਨਾਂ ਦੇ ਨਾਂ ਉੱਤੇ ਰੱਖਣ ਦੀ ਮੰਗ ਕੀਤੀ। ਬਜ਼ੁਰਗ ਕਿਸ਼ਨ ਸਿੰਘ ਸਭ ਦੀਆਂ ਦਲੀਲਾਂ ਤੇ ਗੱਲਾਂ ਨੂੰ ਸੁਣ ਰਿਹਾ ਸੀ। ਉਸ ਨੇ ਖੜੇ ਹੋ ਕੇ ਸਿਫਤਾਂ ਦੇ ਪੁਲ ਬੰਨ੍ਹਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, “ਸਾਨੂੰ ਕਿਸੇ ਚੀਜ ਦੀ ਲੋੜ ਨਹੀਂ। ਪਿੰਡ ਵਾਲਿਆਂ ਨੂੰ ਉਨ੍ਹਾਂ ਵਰਗਾ ਲਾਇਕ, ਹਿੰਮਤੀ ਤੇ ਚੰਗੀ ਸੋਚ ਵਾਲਾ ਮੁਖੀਆ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਇਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ।”
ਸੱਚੀ ਤੇ ਕੌੜੀ ਗੱਲ ਸੁਣ ਕੇ ਵੱਡੀਆਂ ਵੱਡੀਆਂ ਸਿਫਤਾਂ ਕਰਨ ਵਾਲਿਆਂ ਵਿਚ ਝੱਟ ਖਾਮੋਸ਼ੀ ਛਾ ਗਈ।
-0-

Tuesday, September 22, 2009

ਸੁਆਲ





ਹਰਪ੍ਰੀਤ ਸਿੰਘ ਰਾਣਾ

ਜਦੋਂ ਉਸਦੀ ਪ੍ਰੇਮ ਲੀਲਾ ਦੀ ਖਬਰ ਉਸ ਦੇ ਘਰਦਿਆਂ ਦੇ ਕੰਨੀਂ ਪਈ ਤਾਂ ਸਾਰੇ ਘਰ ਵਿਚ ਜਿਵੇਂ ਉਧਮ ਜਿਹਾ ਮੱਚ ਗਿਆ।
“ਬਦਜਾਤ! ਸਾਡੀ ਇੱਜ਼ਤ ਮਿੱਟੀ ’ਚ ਰੋਲਤੀ, ਕਾਲਜ ਜਾਣ ਦੇ ਬਹਾਨੇ ਕਿਹੜੇ ਗੁੱਲ ਖਿਲਾਉਂਦੀ ਫਿਰਦੀ ਐ!” ਭਰਾ ਦੀ ਆਵਾਜ਼।
“ਹਾਏ! ਹਾਏ! ਤੈਨੂੰ ਸ਼ਰਮ ਨਾ ਆਈ ਆਪਣੇ ਖ਼ਾਨਦਾਨ ਦੀ ਇੱਜ਼ਤ ਨੂੰ ਦਾਗ ਲਾਉਂਦੇ। ਆਪਣੇ ਭਰਾ ਦੀ ਇੱਜ਼ਤ ਦਾ ਤਾਂ ਖਿਆਲ ਰੱਖ ਲੈਂਦੀ, ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ।” ਭਰਜਾਈ ਦੀ ਆਵਾਜ਼।
“ਕਲੈਹਨੀਏ! ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਤੂੰ ਵੱਡੇ ਹੋ ਕੇ ਇਹ ਚੱਜ ਖਿਲਾਰਨੇ ਐ ਤਾਂ ਜੰਮਦੇ ਸਾਰ ਈ ਤੇਰਾ ਗਲਾ ਘੁੱਟ ਦਿੰਦੀ।” ਮਾਂ ਦੀ ਅਜੀਬ ਆਵਾਜ਼ ਸੀ।
“ਬੇਸ਼ਰਮੇ! ਆਪਣੀ ਨਹੀਂ ਤਾਂ ਆਪਣੇ ਬੁੱਢੇ ਬਾਪ ਦੀ ਚਿੱਟੀ ਦਾੜ੍ਹੀ ਦੀ ਤਾਂ ਲਾਜ਼ ਰੱਖ ਲੈਂਦੀ। ਸਾਰੇ ਪਿੰਡ ’ਚ ਨੱਕ ਕਟਵਾ ਕੇ ਰੱਖਤੀ।” ਪਿਉ ਝੁਰਿਆ।
ਉਹ ਅੱਖਾਂ ਨੀਵੀਆਂ ਕਰੀ ਚੁੱਪ-ਚਾਪ ਸਭ ਸੁਣਦੀ ਰਹੀ। ਉਸਨੂੰ ਚੁੱਪ ਦੇਖ ਕੇ ਉਸ ਦੇ ਭਰਾ ਦਾ ਪਾਰਾ ਹੋਰ ਚੜ੍ਹ ਗਿਆ। ਉਸਨੇ ਗੁੱਸੇ ਵਿਚ ਉਸ ਉੱਤੇ ਥੱਪੜਾਂ ਦੀ ਝੜੀ ਲਾ ਦਿੱਤੀ। ਦਰਦ ਨਾਲ ਉਸਦੀਆਂ ਚੀਕਾਂ ਨਿਕਲ ਗਈਆਂ। ਉਸ ਤੋਂ ਹੋਰ ਸਬਰ ਨਾ ਹੋ ਸਕਿਆ। ਉਹ ਬੋਲ ਉੱਠੀ, “ਤੂੰ ਤੇ ਭਰਜਾਈ ਨੇ ਵੀ ਲਵ-ਮੈਰਿਜ ਕੀਤੀ ਸੀ, ਜੇ ਮੈਂ ਕਿਸੇ ਨਾਲ ਪਿਆਰ ਕਰ ਲਿਆ ਤਾਂ ਕਿਹੜਾ ਗੁਨਾਹ ਕੀਤੈ।”
ਥੱਪੜ ਮਾਰਦੇ ਉਸ ਦੇ ਭਰਾ ਦਾ ਹੱਥ ਰੁਕ ਗਿਆ। ਉਹ ਬਿਟਰ-ਬਿਟਰ ਉਸ ਵੱਲ ਤੱਕਣ ਲੱਗਾ। ਸਾਰੇ ਘਰ ਵਿਚ ਚੁੱਪ ਜਿਹੀ ਪਸਰ ਗਈ।
-0-

Wednesday, September 2, 2009

ਪਹਿਚਾਣ


ਦੀਪ ਜ਼ੀਰਵੀ


ਬੱਸ ਵਿਚ ਚੜ੍ਹਦਿਆਂ ਉਹਨੇ ਵੇਖਿਆ ਕਿ ਉਹਨੂੰ ਕੋਈ ਘੂਰ ਰਿਹਾ ਹੈ। ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖਾੜਕੂ ਕਿਸਮ ਦੀ ਕੁੜੀ ਮੰਨੀ ਜਾਂਦੀ ਸੀ। ਹੁਣ ਕਾਲਜ ਵਿਚ ਲੈਕਚਰਾਰ ਬਣਨ ਦੇ ਬਾਵਜੂਦ ਉਹਦਾ ਖਾੜਕੂ ਸੁਭਾ ਕਾਇਮ ਸੀ। ਅੱਜ ਉਹਨੇ ਪੱਕਾ ਧਾਰ ਲਿਆ ਸੀ ਕਿ ਇਸ ਘੂਰੀਬਾਜ਼ ਨੂੰ ਮਜਾ ਦੱਸਣਾ ਹੀ ਦੱਸਣਾ ਹੈ। ਸਫਰ ਦੌਰਾਨ ਜਿੰਨੀ ਵਾਰ ਵੇਖਿਆ, ਉਹ ਘੂਰਦਾ ਜਿਹਾ ਹੀ ਲੱਗਾ। ‘ਆ ਜਾਣ ਦੇ ਬੱਚੂ ਮੇਰਾ ਸਟਾਪ…ਤੇਰੀ ਭੁਗਤ ਮੈਂ ਸੰਵਾਰੂੰ’, ਉਹ ਮਨ ਵਿਚ ਬੜਬੜ ਕਰੀ ਜਾਂਦੀ ਸੀ।

ਉਹ ਬਸ ਸਟਾਪ ਉੱਤੇ ਉਤਰ ਕੇ ਆਪਣੇ ਵੀਰਾਂ ਨੂੰ ਫੋਨ ਕਰਨ ਹੀ ਲੱਗੀ ਸੀ ਕਿ ਉਹੀ ਘੂਰੀਬਾਜ਼ ਉਹਦੇ ਕੋਲ ਆ ਗਿਆ ਤੇ ਪੈਰੀਂ ਹੱਥ ਲਾਉਂਦਾ ਬੋਲਿਆ, ਮੈਂ ਤੁਹਾਡੇ ਕੋਲੋਂ ਪੜ੍ਹਿਐਂ। ਤੁਸੀਂ ਮੈਨੂੰ ਪਛਾਣਿਆ ਨਹੀਂ?

ਉਹ ਮਨ ਹੀ ਮਨ ਪਛਤਾ ਰਹੀ ਸੀ ਕਿ ਉਹ ਸੱਚੀ ਪਹਿਚਾਣ ਕਰਨ ਵੱਚ ਧੋਖਾ ਖਾ ਗਈ ।

-0-