-moz-user-select:none; -webkit-user-select:none; -khtml-user-select:none; -ms-user-select:none; user-select:none;

Thursday, January 20, 2011

ਪਰਾਈ ਪੀਡ਼

ਐਮ. ਅਨਵਾਰ ਅੰਜੁਮ
ਜਦੋਂ ਜ਼ੈਲਦਾਰ ਹਰਨਾਮ ਸਿੰਘ ਦੀ ਪਤਨੀ ਨੇ ਤੀਜੀ ਵਾਰ ਕੁਡ਼ੀ ਨੂੰ ਹੀ ਜਨਮ ਦਿੱਤਾ ਤਾਂ ਉਸ ਦਾ ਦਿਲ ਟੁੱਟ ਗਿਆ। ਬਹੁਤ ਹੀ ਦੁਖੀ ਹਿਰਦੇ ਅਤੇ ਬੋਝਲ ਕਦਮਾਂ ਨਾਲ ਉਹ ਗੁਰਦੁਆਰੇ ਪਹੁੰਚਿਆ। ਵਾਹਿਗੁਰੂ ਨੂੰ ਸੰਬੋਧਤ ਹੁੰਦਿਆਂ ਬੋਲਿਆ, ਮੈਂ ਤੇਰਾ ਕੀ ਵਿਗਾਡ਼ਿਐ? ਹਰ ਵਾਰ ਈ ਕੁਡ਼ੀ ਦੇ ਦਿਨੈਂ। ਇਨ੍ਹਾਂ ਕੁਡ਼ੀਆਂ ਨਾਲੋਂ ਤਾਂ ਮੈਂ ਬੇਔਲਾਦ ਈ ਚੰਗਾ ਸੀ। ਹੇ ਵਾਹਿਗੁਰੂ, ਸੱਚੇ ਪਾਤਸ਼ਾਹ! ਜੇ ਦੇਣਾ ਈ ਐ ਤਾਂ ਮੈਨੂੰ ਇਕ ਪੁੱਤਰ ਦੇ ਦੇ, ਮੇਰਾ ਵਾਰਸ ਤੇ ਖਾਨਦਾਨ ਚਲਾਉਣ ਵਾਲਾ।
ਹਰਨਾਮ ਸਿੰਘ ਆਪਣੀ ਅਰਦਾਸ ਵਿਚ ਮਗਨ ਸੀ। ਤਦੇ ਉੱਥੇ ਪਿੰਡ ਦਾ ਸਰਪੰਚ ਸਾਧੂ ਸਿੰਘ ਆਇਆ। ਸਾਧੂ ਸਿੰਘ ਕੋਲ ਕਰੋਡ਼ਾਂ ਦੀ ਜਾਇਦਾਦ ਸੀ। ਸਾਧੂ ਸਿੰਘ ਵੀ ਅਰਦਾਸ ਕਰਨ ਲੱਗਾ, ਵਾਹਿਗੁਰੂ! ਤੇਰੇ ਘਰ ਕਿਸ ਚੀਜ ਦੀ ਘਾਟ ਐ! ਸਾਡੇ ਘਰ ਵੀ ਇਕ ਔਲਾਦ ਬਖਸ਼ਦੇ। ਮੈਂ ਤਾਂ ਤੇਰੇ ਕੋਲੋਂ ਮੁੰਡਾ ਵੀ ਨਹੀਂ ਮੰਗਦਾ, ਮੈਨੂੰ ਤਾਂ ਭਾਵੇਂ ਕੁਡ਼ੀ ਦੀ ਦਾਤ ਈ ਦੇ ਦੇ। ਮੈਂ ਵੀ ‘ਪਿਓ’ ਕਹਾਉਣ ਦੀ ਖੁਸ਼ੀ ਲੈ ਸਕਾਂ। ਮੇਰੇ ਤੇ ਮਿਹਰ ਕਰ ਰੱਬਾ! ਦੇਖੀਂ ਕਿਤੇ ਦੁਨੀਆਂ ਤੋਂ ਮੈਂ ਔਂਤਰਾ ਈ ਨਾ ਤੁਰ ਜਾਵਾਂ।
ਸਰਪੰਚ ਸਾਧੂ ਸਿੰਘ ਦੀ ਅਰਦਾਸ ਸੁਣ ਹਰਨਾਮ ਸਿੰਘ ਚੁੱਪਚਾਪ ਆਪਣੇ ਘਰ ਵੱਲ ਤੁਰ ਪਿਆ। ਘਰ ਪਹੁੰਚ ਕੇ ਉਹ ਆਪਣੀ ਨਵਜੰਮੀਂ ਬੱਚੀ ਨੂੰ ਗੋਦੀ ਵਿਚ ਲੈ ਚੁੰਮਣ ਲੱਗ ਪਿਆ।
                                                        -0-


                                                                                        

Saturday, January 8, 2011

ਦਸਵੰਧ


 ਡਾ. ਕਰਮਜੀਤ ਸਿੰਘ ਨਡਾਲਾ
ਹੋਰਨਾਂ ਮਜ਼ਦੂਰਾਂ ਵਾਂਗੂੰ ਜੀਰੂ ਵੀ ਸਾਰਾ ਦਿਨ ਸੀਮਿੰਟ ਵਿਚ ਭੂਤ ਬਣਿਆ ਰਹਿੰਦਾ। ਥੱਕ-ਟੁਟ ਜਾਂਦਾ। ਬਿੰਦ-ਝੱਟ ਆਰਾਮ ਕਰਨ ਨੂੰ ਜੀਅ ਕਰਦਾ ਵੀ ਤਾਂ ਸਾਹਮਣੇ ਬੈਠਾ ਠੇਕੇਦਾਰ ਸੂਈ ਕੁੱਤੀ ਵਾਂਗੂੰ ਪੈ ਨਿਕਲਦਾ।
ਅੱਜ ਉਹਨੂੰ ਪੰਜਾਂ ਦਿਹਾਡ਼ੀਆਂ ਦੇ ਪੈਸੇ ਮਿਲੇ ਤਾਂ ਘਰ ਲਈ ਦਾਲ, ਖੰਡ, ਘਿਉ, ਮਸਾਲੇ ਤੇ ਬੱਚਿਆਂ ਲਈ ਖੱਟੀਆਂ-ਮਿੱਠੀਆਂ ਗੋਲੀਆਂ ਲੈ ਲਈਆਂ। ਅਜੇ ਵੀ ਉਸ ਕੋਲ ਤੀਹ ਕੁ ਰੁਪਏ ਬਚ ਗਏ ਸਨ।
ਮੰਦਰ ਵਾਲੀ ਗਲੀ ਵਿੱਚੋਂ ਲੰਘਦਿਆਂ ਉਸਨੂੰ ਮੰਦਰ ਦੀ ਟੱਲੀ ਖਡ਼ਕਦੀ ਸੁਣਾਈ ਦਿੱਤੀ। ਉਸਦਾ ਜੀਅ ਕੀਤਾ ਕਿ ਅੱਜ ਪੈਸੇ ਮਿਲੇ ਨੇ, ਚਲੋ ਕੁਝ ਦਸਵੰਧ ਕੱਢਕੇ ਮੰਦਰ ਵਿੱਚ ਵੀ ਮੱਥਾ ਟੇਕਿਆ ਜਾਵੇ।
ਪੰਡਤ ਮੂਰਤੀ ਦੇ ਲਾਗੇ ਬੈਠਾ ਗਿਰੀਆਂ ਤੇ ਕਾਜੂ ਦੁੱਧ ਨਾਲ ਛਕ ਰਿਹਾ ਸੀ। ਜੀਰੂ ਨੇ ਮੂਰਤੀ ਅੱਗੇ ਗੋਡੇ ਟੇਕੇ, ਅੱਖਾਂ ਮੂੰਦ ਲਈਆਂ, ਹੇ ਭਗਵਾਨ…ਤੇਰੀ ਕ੍ਰਿਪਾ ਨਾਲ ਅੱਜ ਵਾਰੇ-ਨਿਆਰੇ ਨੇ…ਚਾਰ ਦਿਨ ਰੁੱਖਾ-ਸੁੱਖਾ ਖਾਵਾਂਗੇ… ਤਾਕਤ ਬਖਸ਼ੀਂ…ਨਾਲੇ ਇਵੇਂ ਈ ਮਾਡ਼ਾ-ਮੋਟਾ ਤੋਰੀ-ਫੁਲਕਾ ਰੇਡ਼੍ਹੀ ਜਾਵੀਂ…।
ਇੰਨਾਂ ਕੁਝ ਮਨ ਵਿਚ ਕਹਿੰਦਿਆਂ ਉਸਨੇ ਇੱਕ ਰੁਪਈਏ ਦਾ ਸਿੱਕਾ ਬਡ਼ੀ ਸ਼ਰਧਾ ਨਾਲ ਭਗਵਾਨ ਦੇ ਚਰਨਾਂ ਵਿੱਚ ਸੁੱਟ ਦਿੱਤਾ। ਸਿੱਕਾ ਇੰਜ ਖਡ਼ਕਿਆ ਜਿਵੇਂ ਲਾਗੇ ਬੈਠੇ ਪੰਡਤ ਦੇ ਸਿਰ ਵਿਚ ਜਾ ਕੇ ਵੱਜਾ ਹੋਵੇ।
ਪੰਡਤ ਦਾ ਚਿਹਰਾ ਇਕਦਮ ਗੁੱਸੇ ਨਾਲ ਲਾਲ ਹੋ ਗਿਆ। ਅੰਦਰੋਂ-ਅੰਦਰ ਉਹ ਇਵੇਂ ਵਿੱਸ ਘੋਲਣ ਲੱਗਾ ਜਿਵੇਂ ਕੋਈ ਫ਼ਨੀਅਰ ਨਾਗ ਉਸ ਮਜਦੂਰ ਦੀ ਪਟਾਰੀ ਵਿੱਚੋਂ ਨਿਕਲ ਕੇ ਉਸਨੂੰ ਡਸ ਗਿਆ ਹੋਵੇ।
ਪੰਡਤ ਉਸਦੀ ਪਾਟੀ ਕਮੀਜ਼ ਨੂੰ ਦੇਖਕੇ ਖਿਝਿਆ ਤੇ ਸਿੱਕਾ ਚੁੱਕ ਕੇ ਉਸ ਵੱਲ ਵਗ੍ਹਾ ਕੇ ਮਾਰਿਆ, ਓਏ ਏਨੇ ਦਾ ਤਾਂ ਤੂੰ ਸਾਡਾ ਫਰਸ਼ ਈ ਗੰਦਾ ਕਰ ਦਿੱਤੈ…ਸਾਲਾ ਭੁੱਖਾ-ਨੰਗਾ…ਏਨੀ ਮਹਿੰਗਾਈ ’ਚ ਰੁਪਈਏ ਨਾਲ ਮੱਥਾ ਟੇਕਦਿਆਂ ਤੈਨੂੰ ਸ਼ਰਮ ਨ੍ਹੀਂ ਆਈ…ਇੱਕ ਰੁਪਏ ਨਾਲ ਅੱਜਕੱਲ ਭਗਵਾਨ ਖੁਸ਼ ਨਹੀਂ ਹੁੰਦਾ…ਨਾ ਈ ਏਨੇ ਨਾਲ ਤੇਰੀ ਹਾਲਤ ਸੁਧਰਨੀ ਏ…ਜਿੰਨਾ ਗੁਡ਼ ਪਾਵੇਂਗਾ, ਓਨਾ ਈ ਮਿੱਠਾ ਹੋਊ…।
ਜੀਰੂ ਕੁਝ ਨਾ ਬੋਲਿਆ। ਸਿੱਕਾ ਫਰਸ਼ ਉੱਤੋਂ ਚੁੱਕਿਆ, ਜੇਬ ਵਿਚ ਪਾਇਆ ਤੇ ਪਿੱਛੇ ਮੁਡ਼ ਮੰਦਰ ਦੀਆਂ ਪੌਡ਼ੀਆਂ ਉਤਰ ਗਿਆ।
                                                  -0-

Saturday, January 1, 2011

ਖੁਸ਼ਆਮਦੀਦ

                                  ‘ਪੰਜਾਬੀ ਮਿੰਨੀ’ ਦੇ ਪਾਠਕਾਂ ਤੇ ਸ਼ੁਭਚਿੰਤਕਾਂ ਦੇ ਵਿਹਡ਼ੇ 
                                        ਨਵਾਂ ਵਰ੍ਹਾ ਲਿਆਵੇ ਨਵੀਆਂ ਖੁਸ਼ੀਆਂ-ਖੇਡ਼ੇ!
                                                          *******