-moz-user-select:none; -webkit-user-select:none; -khtml-user-select:none; -ms-user-select:none; user-select:none;

Monday, April 30, 2012

ਅਹਿਸਾਸ


 ਅਸ਼ਵਨੀ ਖੁਡਾਲ

ਮਾਂ ਵੱਡੇ ਭਰਾ ਵੱਲ ਰਹਿੰਦੀ ਹੋਣ ਕਰਕੇ, ਮੌਤ ਤੋਂ ਬਾਅਦ ਦੀਆਂ ਕਿਰਿਆਵਾਂ ਵੱਡੇ ਭਰਾ ਘਰ ਹੀ ਹੋਈਆਂ ਸਨ। ਰਿਸ਼ਤੇਦਾਰਾਂ ਅਤੇ ਸਮਾਜ ਦੇ ਲੋਕਾਂ ਦਾ ਆਉਣਾ-ਜਾਣਾ ਵੀ ਉੱਥੇ ਹੀ ਸੀ। ਮਹਿੰਦਰ ਕੁਮਾਰ ਅਤੇ ਉਹਦੀ ਪਤਨੀ ਸਵੇਰੇ ਵੱਡੇ ਭਰਾ ਦੇ ਘਰ ਜਾ ਕੇ ਸ਼ਾਮ ਨੂੰ ਆਪਣੇ ਘਰ ਆ ਜਾਂਦੇ।
ਅੱਜ ਘਰ ਆਉਂਦਿਆਂ ਹੀ ਪਤਨੀ ਬੋਲੀ, ਚਲੋ ਜੀ, ਆਹ ਤਾਂ ਚੰਗਾ ਐ, ਸਵੇਰੇ ਜਾ ਕੇ ਸ਼ਾਮ ਨੂੰ ਘਰ ਆ ਜਾਨੇਂ ਆਂ। ਨਹੀਂ ਤਾਂ ਕੌਣ ਸਾਂਭੇ ਅੱਜ ਕੱਲ ਲੋਕਾਂ ਨੂੰ।
ਪਤੀ ਨੇ ਗੱਲ ਮੋਡ਼ਦਿਆਂ ਕਿਹਾ, ਉਂਜ ਭਾਬੀ ਹੈ ਵੀ ਬਡ਼ੀ ਚੰਗੀ, ਬਡ਼ੀ ਸੇਵਾ ਕੀਤੀ ਮਾਂ ਦੀ। ਨਾਲੇ ਮੈਂ ਆਪਣੇ ਬੰਟੀ ਨੂੰ ਮਾਂ ਬਾਰੇ ਫੋਨ ਕਰ ਦਿੱਤਾ ਸੀ।
ਪਤਨੀ ਨੇ ਜਿਵੇਂ ਕੋਈ ਮਾਡ਼ੀ ਖਬਰ ਸੁਣ ਲਈ ਹੋਵੇ, ਨਾ ਜੀ, ਏਨੀ ਦੂਰ ਜੁਆਕ ਨੂੰ ਕਾਹਤੋਂ ਫਿਕਰ ਪਾਉਣਾ ਸੀ। ਦੱਸ ਦਿੰਦੇ ਹੌਲੀ-ਹੌਲੀ। ਕਿਤੇ ਹੁਣੇ ਈ ਨਾ ਆ ਜਾਵੇ। ਇਸ ਕੰਪਨੀ ਚ ਤਾਂ ਛੁੱਟੀ ਵੀ ਮਸਾਂ ਮਿਲਦੀ ਐ। ਨਾਲੇ ਸੁਣਿਐ, ਉਹਦੀ ਤਰੱਕੀ ਵੀ ਨੇਡ਼ੇ ਈ ਐ।
ਭਲੀਏ ਮਾਨਸੇ, ਉਹਦੀ ਵੀ ਤਾਂ ਦਾਦੀ ਸੀ। ਤੂੰ ਤਾਂ ਏਸ ਸ਼ਹਿਰ ਚ ਰਹਿ ਕੇ ਵੀ ਕਿਵੇਂ ਸੋਚਦੀ ਐਂਕਿ ਮਾਂ ਆਪਣੇ ਘਰ ਨਹੀਂ ਸੀ ਤਾਂ ਚੰਗਾ ਹੋਇਆ। ਪਰ ਆਪਣਾ ਪੁੱਤ ਤਾਂ ਕਿੰਨੀ ਦੂਰ ਮਹਾਨਗਰ ਚ ਬੈਠੈ। ਉਹਦੇ ਅੰਦਰ ਤਾਂ ਰਿਸ਼ਤਿਆਂ ਦਾ ਕੁਝ ਅਹਿਸਾਸ ਰਹਿਣ ਦੇ। ਇਹ ਨਾ ਹੋਵੇ ਕਿ ਆਪਣੇ ਵੇਲੇ ਉਹ ਚਿਖਾ ਨੂੰ ਅਗਨੀ ਦੇਣ ਵੀ ਨਾ ਆਵੇ।
ਪਤੀ ਦੀਆਂ ਖਰੀਆਂ-ਖਰੀਆਂ ਸੁਣ ਕੇ ਪਤਨੀ ਚੁੱਪ ਸੀ।
                                        -0-

Tuesday, April 17, 2012

ਬਹਾਨਾ


ਹਰਭਜਨ ਖੇਮਕਰਨੀ
ਸਕੂਟਰ ਦੇ ਪਿੱਛੇ ਬੈਠੀ ਪਤਨੀ ਦੀ ਅੱਖ ਲਾਗੇ, ਹਵਾ ਵਿਚ ਉੱਡਦੀ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗ ਮਾਰਿਆ ਤਾਂ ਉਹ ਤਡ਼ਪ ਉੱਠੀ। ਵੇਖਦਿਆਂ-ਵੇਖਦਿਆਂ ਹੀ ਅੱਖ ਤੇ ਸੋਜ਼ ਆਉਣੀ ਸ਼ੁਰੂ ਹੋ ਗਈ। ਰਸਤੇ ਵਿਚ ਡਾਕਟਰ ਦਾ ਕਲਿਨਿਕ ਵੇਖ, ਉਹ ਰੁਕ ਗਏ।
 ਡਾਕਟਰ ਨੇ ਚੈੱਕ ਕਰਨ ਉਪਰੰਤ ਅੰਦਾਜ਼ੇ ਨਾਲ ਕਿਹਾ, ਭੂੰਡ ਲਡ਼ ਗਿਆ ਜਾਪਦੈ, ਘਬਰਾਉਣ ਦੀ ਕੋਈ ਗੱਲ ਨਹੀਂ। ਛੇ-ਅੱਠ ਘੰਟਿਆਂ ਵਿਚ ਸੋਜ਼ ਉਤਰ ਜਾਵੇਗੀ। ਐਹ ਦਰਦ ਵਾਸਤੇ ਗੋਲੀਆਂ ਨੇ, ਤਿੰਨ-ਤਿਨ ਘੰਟੇ ਬਾਦ ਖਾ ਲੈਣੀਆਂ।
‘ਭੂੰਡਾਂ ਦੀਆਂ ਖੱਖਰਾਂ ਤਾਂ ਮੇਰੇ ਵਿਹਡ਼ੇ ਦੀ ਨਿੰਮ ਤੇ ਵੀ ਨੇ। ਉਹਨਾਂ ਨੂੰ ਲਾਹੁਣਾ ਮੈਂ ਪਿੰਡ ਤਬਾਹ ਕਰਨ ਦੇ ਬਰਾਬਰ ਸਮਝਦੈਂ। ਪਰ ਹੁਣ ਕੁਝ ਕਰਨਾ ਹੀ ਪੈਣੈ।’ ਘਰ ਵੱਲ ਸਕੂਟਰ ਚਲਾਉਂਦਿਆਂ ਪਤਨੀ ਦੀ ਅੱਖ ਤੇ ਵਧ ਰਹੀ ਸੋਜ਼ ਨੂੰ ਵੇਖਦਿਆਂ ਉਹ ਮਨ ਹੀ ਮਨ ਬੁਡ਼ਬੁਡ਼ਾਇਆ।
ਘਰ ਆਉਂਦਿਆਂ ਹੀ ਉਸਨੇ ਡਾਂਗ ਦੇ ਸਿਰੇ ਤੇ ਕਪਡ਼ਾ ਬੰਨ੍ਹ, ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਤਾਂ ਧੂਆਂ ਦੇਖ ਗੁਆਂਢੀ ਭੱਜਾ-ਭੱਜਾ ਆਇਆ।
ਇਹ ਕੀ ਕਰਨ ਲੱਗੇ ਓ?
ਯਾਰ, ਸਕੂਟਰ ਤੇ ਆਉਂਦਿਆਂ ਪਤਨੀ ਦੀ ਅੱਖ ਤੇ ਭੂੰਡ ਲਡ਼ ਗਿਆ, ਮੈਂ ਸਾਰੇ ਮਾਰ ਦੇਣੇ ਨੇ।ਵਿਹਡ਼ ਦੀ ਨਿੰਮ ਤੇ ਲੱਗੀ ਭੂੰਡਾਂ ਦੀ ਖੱਖਰ ਵੱਲ ਇਸ਼ਾਰਾ ਕਰਦਿਆਂ ਉਹ ਬੋਲਿਆ।
ਪਰ ਯਾਰ, ਕਸੂਰ ਤਾਂ ਸਡ਼ਕ ਵਾਲੇ ਭੂੰਡ ਦਾ ਸੀ। ਇਹ ਤਾਂ ਬੇਦੋਸ਼ੇ ਨੇ।
ਬੇਦੋਸ਼ੇ! ਹਮਲਾਵਰ ਤਾਂ ਇਹਨਾਂ ਦੀ ਕੌਮ ਦਾ ਈ ਸੀ।ਕਹਿੰਦਿਆਂ ਉਹ ਨਿੰਮ ਤੇ ਲੱਗੀਆਂ ਖੱਖਰਾਂ ਸਾਡ਼ਨ ਲੱਗ ਪਿਆ।
                                                   -0-

Tuesday, April 10, 2012

ਅਸਲੀ ਨਿਸ਼ਾਨੀ


                                
ਰਘਬੀਰ ਸਿੰਘ ਮਹਿਮੀ

ਬੱਲਿਆ! ਕੀ ਇਸ ਟਰੰਕ ਵਿਚ ਗਹਿਣੇ ਪਾ ਕੇ ਰੱਖੇ ਨੇ ਜੋ ਜੰਦਰਾ ਲਗਾ ਕੇ ਰੱਖਿਆ?ਮੇਰੀ ਤਾਈ ਨੇ ਮੈਨੂੰ ਪੁੱਛਿਆ।
ਤਾਈ ਜੀ! ਮੇਰੇ ਵਰਗੇ ਕਲਰਕ ਕੋਲ ਗਹਿਣੇ ਕਿੱਥੇ? ਇਸ ਵਿਚ ਤਾਂ ਮੰਮੀ ਦੀਆਂ ਕੁਝ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ।ਮੈਂ ਆਖਿਆ।
ਓਏ, ਅਜਿਹੀਆਂ ਕਿਹੜੀਆਂ ਨਿਸ਼ਾਨੀਆਂ?ਤਾਈ ਜੀ ਨੇ ਹੈਰਾਨ ਹੋ ਕੇ ਪੁੱਛਿਆ।
ਮੰਮੀ ਦੇ ਸੂਟ, ਚੂੜੀਆਂ, ਸਵੈਟਰ ਆਦਿ।
ਸ਼ੇਰਾ! ਇਹ ਚੀਜ਼ਾਂ ਤਾਂ ਤੂੰ ਸੰਭਾਲ ਕੇ ਰੱਖ ਰਿਹੈਂ, ਚੰਗੀ ਗੱਲ ਹੈ, ਜਿਹੜੀ ਤੇਰੀ ਮਾਂ ਦੀ ਅਸਲੀ ਨਿਸ਼ਾਨੀ ਹੈ, ਉਹਦੀ ਤੂੰ ਸੰਭਾਲ ਨਹੀਂ ਕਰ ਰਿਹਾ। ਉਹ ਤਾਂ ਦਿਨ-ਪ੍ਰਤਿ-ਦਿਨ ਲਿੱਸੀ ਹੋਈ ਜਾਂਦੀ ਏ।
ਤਾਈ ਜੀ, ਇਹੋ ਜਿਹੀ ਕਿਹੜੀ ਨਿਸ਼ਾਨੀ ਏ, ਜਿਸਦੀ ਮੈਂ ਸੰਭਾਲ ਨਹੀਂ ਕਰ ਰਿਹਾ?
ਤਾਈ ਜੀ ਨੇ ਕੰਧ ਤੇ ਟੰਗਿਆ ਹੋਇਆ ਮੂੰਹ ਦੇਖਣ ਵਾਲਾ ਸ਼ੀਸ਼ਾ ਉਤਾਰਿਆ ਅਤੇ ਮੇਰੇ ਮੂੰਹ ਦੇ ਸਾਹਮਣੇ ਕਰ ਦਿੱਤਾ।
                                                    -0-

Monday, April 2, 2012

ਗੁਰਮੰਤਰ


ਜਗਦੀਸ਼ ਰਾਏ ਕੁਲਰੀਆਂ

ਸੇਵਾ ਸਿੰਘ ਅੱਜ ਡੇਰੇ ਵਾਲੇ ਸੰਤਾਂ ਨੂੰ ਮਿਲ ਕੇ, ਸਰੂਰ ਵਿੱਚ ਆ ਦੋ ਹਾੜੇ ਵੱਧ ਹੀ ਲਾ ਗਿਆ ਸੀ।
ਨਾ ਪੀਏ ਬਿਨਾਂ ਤੇਰੀ ਜਾਨ ਨਿਕਲਦੀ ਐ?…ਘਰ ਵਿੱਚ ਪਹਿਲਾਂ ਹੀ ਭੰਗ ਭੁੱਜਦੀ ਐ…ਨਾਲੇ ਸੰਤਾਂ ਨੇ ਕਿਹਾ ਸੀ ਕਿ ਦਾਰੂ ਘਰ ਵਿੱਚ ਵੜਨ ਨਹੀਂ ਦੇਣੀ…ਪਰ ਤੈਨੂੰ ਭੋਰਾ ਸ਼ਰਮ ਨੀ…ਸਾਰੇ ਘਰ ਦਾ ਫੂਸ ਉਡਾ ਕੇ ਛੱਡੇਂਗਾ…ਪਤਾ ਨੀ ਜੈ ਖਾਣੇ ਵਿਚੋਲੇ ਨੇ ਕਿਹੜੇ ਜਨਮ ਦਾ ਬਦਲਾ ਲਿਐ…ਤੇਰੇ ਨਸ਼ੇੜੀ ਦੇ ਗਲ ਲਾ ਕੇ।ਲਾਭੋ ਦਾਰੂ ਪੀ ਕੇ ਆਏ ਆਪਣੇ ਘਰਵਾਲੇ ਨਾਲ ਝਗੜ ਰਹੀ ਸੀ।
ਕਿਉਂ ਸਾਰਾ ਦਿਨ ਲੜਦੀ ਰਹਿੰਦੀ ਐਂ…ਤੇਰਾ ਤਾਂ ਡਮਾਕ ਖਰਾਬ ਐ…ਨਾਲੇ ਬਾਬਿਆਂ ਨੂੰ ਨੀ ਪਤਾ ਕਿ ਇਹ ਕਿਹੜਾ ਰਤਨ ਐ…ਉਹ ਆਪ ਸਾਰਾ ਕੁਛ ਕਰਦੇ ਨੇ…ਵਲੈਤੀ ਪੀਂਦੇ ਆ…ਲੋਕਾਂ ਨੂੰ ਉਪਦੇਸ਼ ਦਿੰਦੇ ਆ…ਇਹ ਤਾਂ ਹੁਣ ਮਰਦੇ ਦਮ ਤੱਕ ਜੱਟ ਦੇ ਨਾਲ ਈ ਜਾਊ…ਸੇਵਾ ਸਿੰਘ ਨੇ ਲੜਖੜਾਉਂਦੇ ਹੋਏ ਜਵਾਬ ਦਿੱਤਾ।
ਡਮਾਕ ਮੇਰਾ ਨੀ, ਤੇਰਾ ਖਰਾਬ ਐ…ਮੱਤ ਮਾਰੀ ਗਈ ਐ ਤੇਰੀ…ਐਵੇਂ ਸੰਤਾ ਨੂੰ ਮੰਦਾ-ਚੰਗਾ ਨੀ ਬੋਲੀਦਾ।
ਡੇਰੇ ਵਿੱਚ ਬੈਠੀ ਲਾਭੋ ਦਾ ਰਾਤ ਦੇ ਕਾਟੋ-ਕਲੇਸ਼ ਨੂੰ ਚੇਤੇ ਕਰਦੇ ਹੋਏ ਮਨ ਭਰ ਆਇਆ। ਉਸਨੇ ਵਾਰੀ ਆਉਣ ਤੇ ਸੰਤਾਂ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ, ਬਾਬਾ ਜੀ…ਮੈਂ ਤੁਹਾਡੇ ਦੱਸੇ ਸਾਰੇ ਉਪਾਅ ਕੀਤੇ, ਪਰ ਮਿੰਦੀ ਦਾ ਬਾਪੂ ਦਾਰੂ ਪੀਣੋਂ ਨੀ ਹਟਿਆ…ਸਗੋਂ ਹੁਣ ਤਾਂ ਉਹ ਰੋਜ਼ ਦਾਰੂ ਪੀ ਕੇ ਆਉਣ ਲੱਗ ਪਿਐ…ਬਾਬਾ ਜੀ, ਕਰੋ ਕੋਈ ਮੇਹਰ…।
ਭਾਈ ਬੀਬਾ, ਅਸੀਂ ਸਾਰਾ ਕੁਛ ਅੰਤਰਧਿਆਨ ਹੋ ਕੇ ਦੇਖ ਲਿਆ ਹੈ…ਤੂੰ ਐਵੇਂ ਨਾ ਘਬਰਾ…ਮੈਂ ਦੇਖ ਰਿਹਾ ਹਾਂ…ਤੁਹਾਡੇ ਚੰਗੇ ਦਿਨ ਆਉਣ ਵਾਲੇ ਨੇ…ਦਾਰੂ-ਦੁਰੂ ਦੀ ਕੋਈ ਚਿੰਤਾ ਨਾ ਕਰ…ਜਦੋਂ ਤੂੰ  ਪਹਿਲਾਂ ਆਈ ਸੀ ਉਦੋਂ ਤੁਹਾਡੇ ਘਰ ਧੂਣੇ ’ਚ ਦਾਰੂ ਬੋਲਦੀ ਸੀ, ਹੁਣ ਨਹੀਂ…ਐਵੇਂ ਨਾ ਆਪਣੇ ਘਰਵਾਲੇ ਨੂੰ ਟੋਕਿਆ ਕਰ, ਆਪੇ ਕਰਤਾਰ ਭਲੀ ਕਰੂ…।
ਸੰਤਾਂ ਦੇ ਪ੍ਰਵਚਨ ਸੁਣ ਕੇ ਲਾਭੋ ਸੁੰਨ ਜਿਹੀ ਹੋ ਕੇ ਬੈਠ ਗਈ।
                                            -0-