ਜਗਦੀਸ਼ ਰਾਏ ਕੁਲਰੀਆਂ
ਸੇਵਾ ਸਿੰਘ ਅੱਜ ਡੇਰੇ ਵਾਲੇ ਸੰਤਾਂ ਨੂੰ ਮਿਲ ਕੇ, ਸਰੂਰ ਵਿੱਚ ਆ ਦੋ ਹਾੜੇ ਵੱਧ ਹੀ ਲਾ ਗਿਆ ਸੀ।
“ਨਾ ਪੀਏ ਬਿਨਾਂ ਤੇਰੀ ਜਾਨ ਨਿਕਲਦੀ ਐ?…ਘਰ ਵਿੱਚ ਪਹਿਲਾਂ ਹੀ ਭੰਗ ਭੁੱਜਦੀ ਐ…ਨਾਲੇ ਸੰਤਾਂ ਨੇ ਕਿਹਾ ਸੀ ਕਿ ਦਾਰੂ ਘਰ ਵਿੱਚ ਵੜਨ ਨਹੀਂ ਦੇਣੀ…ਪਰ ਤੈਨੂੰ ਭੋਰਾ ਸ਼ਰਮ ਨੀ…ਸਾਰੇ ਘਰ ਦਾ ਫੂਸ ਉਡਾ ਕੇ ਛੱਡੇਂਗਾ…ਪਤਾ ਨੀ ਜੈ ਖਾਣੇ ਵਿਚੋਲੇ ਨੇ ਕਿਹੜੇ ਜਨਮ ਦਾ ਬਦਲਾ ਲਿਐ…ਤੇਰੇ ਨਸ਼ੇੜੀ ਦੇ ਗਲ ਲਾ ਕੇ।” ਲਾਭੋ ਦਾਰੂ ਪੀ ਕੇ ਆਏ ਆਪਣੇ ਘਰਵਾਲੇ ਨਾਲ ਝਗੜ ਰਹੀ ਸੀ।
“ਕਿਉਂ ਸਾਰਾ ਦਿਨ ਲੜਦੀ ਰਹਿੰਦੀ ਐਂ…ਤੇਰਾ ਤਾਂ ਡਮਾਕ ਖਰਾਬ ਐ…ਨਾਲੇ ਬਾਬਿਆਂ ਨੂੰ ਨੀ ਪਤਾ ਕਿ ਇਹ ਕਿਹੜਾ ਰਤਨ ਐ…ਉਹ ਆਪ ਸਾਰਾ ਕੁਛ ਕਰਦੇ ਨੇ…ਵਲੈਤੀ ਪੀਂਦੇ ਆ…ਲੋਕਾਂ ਨੂੰ ਉਪਦੇਸ਼ ਦਿੰਦੇ ਆ…ਇਹ ਤਾਂ ਹੁਣ ਮਰਦੇ ਦਮ ਤੱਕ ਜੱਟ ਦੇ ਨਾਲ ਈ ਜਾਊ…”ਸੇਵਾ ਸਿੰਘ ਨੇ ਲੜਖੜਾਉਂਦੇ ਹੋਏ ਜਵਾਬ ਦਿੱਤਾ।
“ਡਮਾਕ ਮੇਰਾ ਨੀ, ਤੇਰਾ ਖਰਾਬ ਐ…ਮੱਤ ਮਾਰੀ ਗਈ ਐ ਤੇਰੀ…ਐਵੇਂ ਸੰਤਾ ਨੂੰ ਮੰਦਾ-ਚੰਗਾ ਨੀ ਬੋਲੀਦਾ।”
ਡੇਰੇ ਵਿੱਚ ਬੈਠੀ ਲਾਭੋ ਦਾ ਰਾਤ ਦੇ ਕਾਟੋ-ਕਲੇਸ਼ ਨੂੰ ਚੇਤੇ ਕਰਦੇ ਹੋਏ ਮਨ ਭਰ ਆਇਆ। ਉਸਨੇ ਵਾਰੀ ਆਉਣ ਤੇ ਸੰਤਾਂ ਨੂੰ ਮੱਥਾ ਟੇਕਿਆ ਤੇ ਹੱਥ ਜੋੜ ਕੇ ਆਪਣੀ ਵਿਥਿਆ ਸੁਣਾਉਂਦੇ ਹੋਏ ਕਿਹਾ, “ਬਾਬਾ ਜੀ…ਮੈਂ ਤੁਹਾਡੇ ਦੱਸੇ ਸਾਰੇ ਉਪਾਅ ਕੀਤੇ, ਪਰ ਮਿੰਦੀ ਦਾ ਬਾਪੂ ਦਾਰੂ ਪੀਣੋਂ ਨੀ ਹਟਿਆ…ਸਗੋਂ ਹੁਣ ਤਾਂ ਉਹ ਰੋਜ਼ ਦਾਰੂ ਪੀ ਕੇ ਆਉਣ ਲੱਗ ਪਿਐ…ਬਾਬਾ ਜੀ, ਕਰੋ ਕੋਈ ਮੇਹਰ…।”
“ਭਾਈ ਬੀਬਾ, ਅਸੀਂ ਸਾਰਾ ਕੁਛ ਅੰਤਰਧਿਆਨ ਹੋ ਕੇ ਦੇਖ ਲਿਆ ਹੈ…ਤੂੰ ਐਵੇਂ ਨਾ ਘਬਰਾ…ਮੈਂ ਦੇਖ ਰਿਹਾ ਹਾਂ…ਤੁਹਾਡੇ ਚੰਗੇ ਦਿਨ ਆਉਣ ਵਾਲੇ ਨੇ…ਦਾਰੂ-ਦੁਰੂ ਦੀ ਕੋਈ ਚਿੰਤਾ ਨਾ ਕਰ…ਜਦੋਂ ਤੂੰ ਪਹਿਲਾਂ ਆਈ ਸੀ ਉਦੋਂ ਤੁਹਾਡੇ ਘਰ ਧੂਣੇ ’ਚ ਦਾਰੂ ਬੋਲਦੀ ਸੀ, ਹੁਣ ਨਹੀਂ…ਐਵੇਂ ਨਾ ਆਪਣੇ ਘਰਵਾਲੇ ਨੂੰ ਟੋਕਿਆ ਕਰ, ਆਪੇ ਕਰਤਾਰ ਭਲੀ ਕਰੂ…।”
ਸੰਤਾਂ ਦੇ ਪ੍ਰਵਚਨ ਸੁਣ ਕੇ ਲਾਭੋ ਸੁੰਨ ਜਿਹੀ ਹੋ ਕੇ ਬੈਠ ਗਈ।
-0-
No comments:
Post a Comment