ਰਘਬੀਰ ਸਿੰਘ ਮਹਿਮੀ
“ਬੱਲਿਆ! ਕੀ ਇਸ
ਟਰੰਕ ਵਿਚ ਗਹਿਣੇ ਪਾ ਕੇ ਰੱਖੇ ਨੇ ਜੋ ਜੰਦਰਾ ਲਗਾ ਕੇ ਰੱਖਿਆ?” ਮੇਰੀ
ਤਾਈ ਨੇ ਮੈਨੂੰ ਪੁੱਛਿਆ।
“ਤਾਈ ਜੀ! ਮੇਰੇ
ਵਰਗੇ ਕਲਰਕ ਕੋਲ ਗਹਿਣੇ ਕਿੱਥੇ? ਇਸ ਵਿਚ ਤਾਂ
ਮੰਮੀ ਦੀਆਂ ਕੁਝ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ।” ਮੈਂ ਆਖਿਆ।
“ਓਏ,
ਅਜਿਹੀਆਂ ਕਿਹੜੀਆਂ ਨਿਸ਼ਾਨੀਆਂ?” ਤਾਈ ਜੀ ਨੇ ਹੈਰਾਨ
ਹੋ ਕੇ ਪੁੱਛਿਆ।
“ਮੰਮੀ ਦੇ
ਸੂਟ, ਚੂੜੀਆਂ, ਸਵੈਟਰ ਆਦਿ।”
“ਸ਼ੇਰਾ! ਇਹ
ਚੀਜ਼ਾਂ ਤਾਂ ਤੂੰ ਸੰਭਾਲ ਕੇ ਰੱਖ ਰਿਹੈਂ, ਚੰਗੀ ਗੱਲ ਹੈ, ਜਿਹੜੀ ਤੇਰੀ ਮਾਂ ਦੀ ਅਸਲੀ ਨਿਸ਼ਾਨੀ
ਹੈ, ਉਹਦੀ ਤੂੰ ਸੰਭਾਲ ਨਹੀਂ ਕਰ ਰਿਹਾ। ਉਹ ਤਾਂ ਦਿਨ-ਪ੍ਰਤਿ-ਦਿਨ ਲਿੱਸੀ ਹੋਈ ਜਾਂਦੀ ਏ।”
“ਤਾਈ ਜੀ,
ਇਹੋ ਜਿਹੀ ਕਿਹੜੀ ਨਿਸ਼ਾਨੀ ਏ, ਜਿਸਦੀ ਮੈਂ ਸੰਭਾਲ ਨਹੀਂ ਕਰ ਰਿਹਾ?”
ਤਾਈ ਜੀ
ਨੇ ਕੰਧ ਤੇ ਟੰਗਿਆ ਹੋਇਆ ਮੂੰਹ ਦੇਖਣ ਵਾਲਾ ਸ਼ੀਸ਼ਾ ਉਤਾਰਿਆ ਅਤੇ ਮੇਰੇ ਮੂੰਹ ਦੇ ਸਾਹਮਣੇ ਕਰ
ਦਿੱਤਾ।
-0-
No comments:
Post a Comment