-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, April 17, 2012

ਬਹਾਨਾ


ਹਰਭਜਨ ਖੇਮਕਰਨੀ
ਸਕੂਟਰ ਦੇ ਪਿੱਛੇ ਬੈਠੀ ਪਤਨੀ ਦੀ ਅੱਖ ਲਾਗੇ, ਹਵਾ ਵਿਚ ਉੱਡਦੀ ਕਿਸੇ ਜ਼ਹਿਰੀਲੀ ਚੀਜ਼ ਨੇ ਡੰਗ ਮਾਰਿਆ ਤਾਂ ਉਹ ਤਡ਼ਪ ਉੱਠੀ। ਵੇਖਦਿਆਂ-ਵੇਖਦਿਆਂ ਹੀ ਅੱਖ ਤੇ ਸੋਜ਼ ਆਉਣੀ ਸ਼ੁਰੂ ਹੋ ਗਈ। ਰਸਤੇ ਵਿਚ ਡਾਕਟਰ ਦਾ ਕਲਿਨਿਕ ਵੇਖ, ਉਹ ਰੁਕ ਗਏ।
 ਡਾਕਟਰ ਨੇ ਚੈੱਕ ਕਰਨ ਉਪਰੰਤ ਅੰਦਾਜ਼ੇ ਨਾਲ ਕਿਹਾ, ਭੂੰਡ ਲਡ਼ ਗਿਆ ਜਾਪਦੈ, ਘਬਰਾਉਣ ਦੀ ਕੋਈ ਗੱਲ ਨਹੀਂ। ਛੇ-ਅੱਠ ਘੰਟਿਆਂ ਵਿਚ ਸੋਜ਼ ਉਤਰ ਜਾਵੇਗੀ। ਐਹ ਦਰਦ ਵਾਸਤੇ ਗੋਲੀਆਂ ਨੇ, ਤਿੰਨ-ਤਿਨ ਘੰਟੇ ਬਾਦ ਖਾ ਲੈਣੀਆਂ।
‘ਭੂੰਡਾਂ ਦੀਆਂ ਖੱਖਰਾਂ ਤਾਂ ਮੇਰੇ ਵਿਹਡ਼ੇ ਦੀ ਨਿੰਮ ਤੇ ਵੀ ਨੇ। ਉਹਨਾਂ ਨੂੰ ਲਾਹੁਣਾ ਮੈਂ ਪਿੰਡ ਤਬਾਹ ਕਰਨ ਦੇ ਬਰਾਬਰ ਸਮਝਦੈਂ। ਪਰ ਹੁਣ ਕੁਝ ਕਰਨਾ ਹੀ ਪੈਣੈ।’ ਘਰ ਵੱਲ ਸਕੂਟਰ ਚਲਾਉਂਦਿਆਂ ਪਤਨੀ ਦੀ ਅੱਖ ਤੇ ਵਧ ਰਹੀ ਸੋਜ਼ ਨੂੰ ਵੇਖਦਿਆਂ ਉਹ ਮਨ ਹੀ ਮਨ ਬੁਡ਼ਬੁਡ਼ਾਇਆ।
ਘਰ ਆਉਂਦਿਆਂ ਹੀ ਉਸਨੇ ਡਾਂਗ ਦੇ ਸਿਰੇ ਤੇ ਕਪਡ਼ਾ ਬੰਨ੍ਹ, ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਤਾਂ ਧੂਆਂ ਦੇਖ ਗੁਆਂਢੀ ਭੱਜਾ-ਭੱਜਾ ਆਇਆ।
ਇਹ ਕੀ ਕਰਨ ਲੱਗੇ ਓ?
ਯਾਰ, ਸਕੂਟਰ ਤੇ ਆਉਂਦਿਆਂ ਪਤਨੀ ਦੀ ਅੱਖ ਤੇ ਭੂੰਡ ਲਡ਼ ਗਿਆ, ਮੈਂ ਸਾਰੇ ਮਾਰ ਦੇਣੇ ਨੇ।ਵਿਹਡ਼ ਦੀ ਨਿੰਮ ਤੇ ਲੱਗੀ ਭੂੰਡਾਂ ਦੀ ਖੱਖਰ ਵੱਲ ਇਸ਼ਾਰਾ ਕਰਦਿਆਂ ਉਹ ਬੋਲਿਆ।
ਪਰ ਯਾਰ, ਕਸੂਰ ਤਾਂ ਸਡ਼ਕ ਵਾਲੇ ਭੂੰਡ ਦਾ ਸੀ। ਇਹ ਤਾਂ ਬੇਦੋਸ਼ੇ ਨੇ।
ਬੇਦੋਸ਼ੇ! ਹਮਲਾਵਰ ਤਾਂ ਇਹਨਾਂ ਦੀ ਕੌਮ ਦਾ ਈ ਸੀ।ਕਹਿੰਦਿਆਂ ਉਹ ਨਿੰਮ ਤੇ ਲੱਗੀਆਂ ਖੱਖਰਾਂ ਸਾਡ਼ਨ ਲੱਗ ਪਿਆ।
                                                   -0-

No comments: