-moz-user-select:none; -webkit-user-select:none; -khtml-user-select:none; -ms-user-select:none; user-select:none;

Monday, April 30, 2012

ਅਹਿਸਾਸ


 ਅਸ਼ਵਨੀ ਖੁਡਾਲ

ਮਾਂ ਵੱਡੇ ਭਰਾ ਵੱਲ ਰਹਿੰਦੀ ਹੋਣ ਕਰਕੇ, ਮੌਤ ਤੋਂ ਬਾਅਦ ਦੀਆਂ ਕਿਰਿਆਵਾਂ ਵੱਡੇ ਭਰਾ ਘਰ ਹੀ ਹੋਈਆਂ ਸਨ। ਰਿਸ਼ਤੇਦਾਰਾਂ ਅਤੇ ਸਮਾਜ ਦੇ ਲੋਕਾਂ ਦਾ ਆਉਣਾ-ਜਾਣਾ ਵੀ ਉੱਥੇ ਹੀ ਸੀ। ਮਹਿੰਦਰ ਕੁਮਾਰ ਅਤੇ ਉਹਦੀ ਪਤਨੀ ਸਵੇਰੇ ਵੱਡੇ ਭਰਾ ਦੇ ਘਰ ਜਾ ਕੇ ਸ਼ਾਮ ਨੂੰ ਆਪਣੇ ਘਰ ਆ ਜਾਂਦੇ।
ਅੱਜ ਘਰ ਆਉਂਦਿਆਂ ਹੀ ਪਤਨੀ ਬੋਲੀ, ਚਲੋ ਜੀ, ਆਹ ਤਾਂ ਚੰਗਾ ਐ, ਸਵੇਰੇ ਜਾ ਕੇ ਸ਼ਾਮ ਨੂੰ ਘਰ ਆ ਜਾਨੇਂ ਆਂ। ਨਹੀਂ ਤਾਂ ਕੌਣ ਸਾਂਭੇ ਅੱਜ ਕੱਲ ਲੋਕਾਂ ਨੂੰ।
ਪਤੀ ਨੇ ਗੱਲ ਮੋਡ਼ਦਿਆਂ ਕਿਹਾ, ਉਂਜ ਭਾਬੀ ਹੈ ਵੀ ਬਡ਼ੀ ਚੰਗੀ, ਬਡ਼ੀ ਸੇਵਾ ਕੀਤੀ ਮਾਂ ਦੀ। ਨਾਲੇ ਮੈਂ ਆਪਣੇ ਬੰਟੀ ਨੂੰ ਮਾਂ ਬਾਰੇ ਫੋਨ ਕਰ ਦਿੱਤਾ ਸੀ।
ਪਤਨੀ ਨੇ ਜਿਵੇਂ ਕੋਈ ਮਾਡ਼ੀ ਖਬਰ ਸੁਣ ਲਈ ਹੋਵੇ, ਨਾ ਜੀ, ਏਨੀ ਦੂਰ ਜੁਆਕ ਨੂੰ ਕਾਹਤੋਂ ਫਿਕਰ ਪਾਉਣਾ ਸੀ। ਦੱਸ ਦਿੰਦੇ ਹੌਲੀ-ਹੌਲੀ। ਕਿਤੇ ਹੁਣੇ ਈ ਨਾ ਆ ਜਾਵੇ। ਇਸ ਕੰਪਨੀ ਚ ਤਾਂ ਛੁੱਟੀ ਵੀ ਮਸਾਂ ਮਿਲਦੀ ਐ। ਨਾਲੇ ਸੁਣਿਐ, ਉਹਦੀ ਤਰੱਕੀ ਵੀ ਨੇਡ਼ੇ ਈ ਐ।
ਭਲੀਏ ਮਾਨਸੇ, ਉਹਦੀ ਵੀ ਤਾਂ ਦਾਦੀ ਸੀ। ਤੂੰ ਤਾਂ ਏਸ ਸ਼ਹਿਰ ਚ ਰਹਿ ਕੇ ਵੀ ਕਿਵੇਂ ਸੋਚਦੀ ਐਂਕਿ ਮਾਂ ਆਪਣੇ ਘਰ ਨਹੀਂ ਸੀ ਤਾਂ ਚੰਗਾ ਹੋਇਆ। ਪਰ ਆਪਣਾ ਪੁੱਤ ਤਾਂ ਕਿੰਨੀ ਦੂਰ ਮਹਾਨਗਰ ਚ ਬੈਠੈ। ਉਹਦੇ ਅੰਦਰ ਤਾਂ ਰਿਸ਼ਤਿਆਂ ਦਾ ਕੁਝ ਅਹਿਸਾਸ ਰਹਿਣ ਦੇ। ਇਹ ਨਾ ਹੋਵੇ ਕਿ ਆਪਣੇ ਵੇਲੇ ਉਹ ਚਿਖਾ ਨੂੰ ਅਗਨੀ ਦੇਣ ਵੀ ਨਾ ਆਵੇ।
ਪਤੀ ਦੀਆਂ ਖਰੀਆਂ-ਖਰੀਆਂ ਸੁਣ ਕੇ ਪਤਨੀ ਚੁੱਪ ਸੀ।
                                        -0-

No comments: