Saturday, March 10, 2012

ਕੰਧ 'ਚ ਮੇਖਾਂ


ਡਾ. ਹਰਦੀਪ ਕੌਰ ਸੰਧੂ

           ਗੁਰਦੇਵ ਸਿੰਘ, ਜਿਸ ਨੂੰ ਸਾਰੇ ਦੇਬਾ ਫੌਜੀ ਕਹਿ ਕੇ ਬੁਲਾਉਂਦੇ ਸਨ, ਆਪਣੀ ਫੌਜ ਦੀ ਨੌਕਰੀ ਪੂਰੀ ਕਰਕੇ ਹੁਣ ਪਿੰਡ ਰਹਿਣ ਲੱਗਾ ਸੀ। ਗੁਸੈਲੇ ਤੇ ਅੜੀਅਲ ਸੁਭਾਅ ਕਰਕੇ ਦੇਬੇ ਫੌਜੀ ਤੋਂ ਸਾਰੇ ਕਿਨਾਰਾ ਜਿਹਾ ਕਰਕੇ ਲੰਘ ਜਾਂਦੇ। ਗੁੱਸਾ ਤਾਂ ਹਰਦਮ ਉਸ ਦੇ ਨੱਕ 'ਤੇ ਬੈਠਾ ਰਹਿੰਦਾ। ਬੋਲਣ ਲੱਗਿਆ ਓਹ ਅੱਗਾ-ਪਿੱਛਾ ਨਾ ਦੇਖਦਾ। ਪਰ ਕੋਈ ਉਸ ਅੱਗੇ ਕੁਝ ਨਾ ਬੋਲਦਾ। ਦੇਬੇ ਨੂੰ ਇਸੇ ਗੱਲ ਦੀ ਹੈਂਕੜ ਸੀ ਕਿ ਸਾਰੇ ਉਸ ਤੋਂ ਡਰਦੇ ਨੇ।
           ਅੱਜ ਗੱਲਾਂ-ਗੱਲਾਂ 'ਚ ਹੀ ਉਸ ਦਾ ੨੦-੨੨ ਸਾਲਾਂ ਦਾ ਮੁੰਡਾ ਸੀਰਾ ਉਸ ਨਾਲ ਪਤਾ ਨਹੀਂ ਕਿਹੜੀ ਗੱਲੋਂ ਖਹਿਬੜ ਪਿਆ ਤੇ ਪਿਓ ਨੂੰ ਉਚਾ-ਨੀਵਾਂ ਬੋਲ ਗਿਆ। ਦੇਬੇ ਦਾ ਦਿਲ ਛਲਣੀ-ਛਲਣੀ ਹੋ ਗਿਆ, ਪਰ ਉਹ ਆਪਣਾ ਗੁੱਸਾ ਅੰਦਰੋ-ਅੰਦਰੀ ਹੀ ਪੀ ਗਿਆ। ਆਪਣੀ ਗਲਤੀ ਦਾ ਅਹਿਸਾਸ ਹੋਣ 'ਤੇ ਮੁੰਡੇ ਨੇ ਪਿਓ ਤੋਂ ਮਾਫੀ ਵੀ ਮੰਗੀ, ਪਰ ਗੁਰਦੇਵ ਸਿੰਘ ਹੁਣ ਬਿਲਕੁਲ ਖ਼ਾਮੋਸ਼ ਸੀ। ਅੱਜ ਉਸ ਨੂੰ ਆਪਣੇ ਸਾਰੀ ਉਮਰ ਬੋਲੇ ਕੌੜੇ ਬੋਲਾਂ ਤੇ ਗੁਸੈਲੇ ਸੁਭਾਅ ਦਾ ਅਹਿਸਾਸ ਹੋਇਆ।
          "ਭਾਪਾ, ਹੁਣ ਤਾਂ ਮੈਂ ਮਾਫ਼ੀ ਵੀ ਮੰਗ ਲਈ, ਅਜੇ ਵੀ ਨਾਰਾਜ਼ਗੀ ਆ ਮੇਰੇ ਨਾਲ਼?" ਸੀਰੇ ਨੇ ਪਿਓ ਦੀ ਖ਼ਾਮੋਸ਼ੀ ਤੋੜਨੀ ਚਾਹੀ, "ਜੋ ਤੂੰ ਚਾਹੇਂਗਾ ਬੱਸ ਓਹੀ ਹੋਊ, ਤੇਰੀ ਹਰ ਸਜ਼ਾ ਮੈਨੂੰ ਮੰਜ਼ੂਰ ਆ" ਸੀਰੇ ਨੇ ਫਿਰ ਤਰਲਾ ਜਿਹਾ ਮਾਰਿਆ।
          "ਪੁੱਤਰਾ, ਸਜ਼ਾ ਤਾਂ ਕਾਹਦੀ ? ਪਰ ਜੇ ਤੂੰ ਮੇਰੀ ਮੰਨੇ ਤਾਂ ਫਿਰ ਇਓਂ ਕਰ ਬਈ ਆਪਣੀ ਬਾਹਰਲੇ ਘਰ ਵਾਲੀ ਪਿਛਲੀ ਕੰਧ 'ਚ  ਮੇਖਾਂ ਗੱਡ ਕੇ ਆ, ਬਾਕੀ ਦਾ ਕੰਮ ਮੈਂ ਫੇਰ ਦੱਸੂੰ" ਆਪਣੀ ਦਿਮਾਗੀ ਉਲਝਣ ਨੂੰ ਆਪੂੰ ਸੁਲਝਾਉਂਦਿਆਂ ਦੇਬੇ ਨੇ ਆਪਣਾ ਫੌਜੀ ਫ਼ਰਮਾਨ ਜਾਰੀ ਕੀਤਾ।
ਸੀਰੇ ਨੇ ਸਾਈਕਲ ਚੁੱਕਿਆ ਤੇ ਬਾਪ ਦਾ ਹੁਕਮ ਵਜਾਉਣ ਬਾਹਰਲੇ ਘਰ ਨੂੰ ਚਲ ਪਿਆ। ਦੋ ਘੰਟਿਆਂ ਮਗਰੋਂ ਮੁੜਕੋ-ਮੁੜਕੀ ਹੋਇਆ ਸੀਰਾ ਜਦੋਂ ਮੁੜ ਕੇ  ਆਇਆ ਤਾਂ ਪਿਓ ਨੇ ਓਹੀਓ ਗੱਡੀਆਂ ਮੇਖਾਂ ਨੂੰ ਪੁਟਣ ਮੁੜ ਭੇਜ ਦਿੱਤਾ। ਸੀਰਾ ਥੋੜਾ ਖਿਝਿਆ, ਪਰ ਪਿਓ ਕੋਲੋਂ ਆਪਣੇ ਹਾਵ-ਭਾਵ ਲੁਕਾਉਂਦਾ ਓਨ੍ਹੀਂ ਪੈਰੀਂ ਮੁੜ ਮੇਖਾਂ ਨੂੰ ਕੰਧ 'ਚੋਂ ਕੱਢਣ ਤੁਰ ਗਿਆ। ਇਸੇ ਠੋਕਣ-ਕੱਢਣ 'ਚ ਸਾਰੀ ਦਿਹਾੜੀ ਲੰਘ ਗਈ।
           "ਭਾਪਾ, ਇੱਕ ਗੱਲ ਪੁੱਛਾਂ?" ਆਥਣੇ ਸੀਰੇ ਨੇ ਥੋੜਾ ਝਿਜਕਦਿਆਂ ਆਪਣੇ ਪਿਓ ਕੋਲ ਦਿਲ ਦੀ ਸ਼ੰਕਾ ਜ਼ਾਹਿਰ ਕਰਨੀ ਚਾਹੀ, "ਅੱਜ ਤੈਂ ਮੈਨੂੰ ਚੰਗੇ ਕਿੱਤੇ ਲਾਇਆ। ਕਦੇ ਮਰ ਚਿੜੀਏ, ਕਦੇ ਜਿਓਂ ਚਿੜੀਏ। ਕਦੇ ਮੇਖਾਂ ਠੋਕ ਤੇ ਕਦੇ ਪੁੱਟ" ਗੁਰਦੇਵ ਸਿੰਘ ਕੁਝ ਨਾ ਬੋਲਿਆ ਤੇ ਸੀਰੇ ਦੀ ਪਿੱਠ 'ਤੇ ਪੋਲਾ ਜਿਹਾ ਧੱਫਾ ਮਾਰ ਉਸ ਨੂੰ ਆਪਣੇ ਨਾਲ ਬਾਹਰਲੇ ਘਰ ਜਾਣ ਲਈ ਇਸ਼ਾਰਾ ਕੀਤਾ।
            ਉਸ ਕੰਧ ਕੋਲ ਪਹੁੰਚ ਕੇ ਦੇਬੇ ਫੌਜੀ ਨੇ ਕੁਝ ਗੰਭੀਰ ਹੁੰਦਿਆਂ ਕਹਿਣਾ ਸ਼ੁਰੂ ਕੀਤਾ, "ਪੁੱਤਰਾ, ਅੱਜ ਮੈਂ ਤੈਨੂੰ ਜ਼ਿੰਦਗੀ ਦੀ ਇੱਕ ਬਹੁਤ ਹੀ ਅਹਿਮ ਗੱਲ ਸਮਝਾਉਣੀ ਆ। ਜਿਸ ਦਾ ਅਹਿਸਾਸ ਮੈਨੂੰ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਰ ਮੈਂ ਤਾਂ ਸਾਰੀ ਉਮਰ ਹੀ ਕੱਢ ਤੀ ਬਿਨਾਂ ਸਮਝਿਆਂ। ਮੈਂ ਨੀ ਚਾਹੁੰਦਾ ਕਿ ਮੇਰਾ ਪੁੱਤਰ ਵੀ ਓਹੀਓ ਗ਼ਲਤੀ ਦੁਹਰਾਵੇ"
ਭਾਪਾ ਕੀ ਬੁਝਾਰਤਾਂ ਜਿਹੀਆਂ ਪਾਉਣ ਡਿਹਾਂ ਏ। ਖੁੱਲ ਕੇ ਦੱਸ ਕਿਹੜੀ ਕੀਮਤੀ ਗੱਲ ਸਮਝਾਉਣੀ ਏਂ" ਸੀਰੇ ਨੇ ਉਤਾਵਲ਼ੇ ਹੁੰਦਿਆਂ ਸੁਆਲੀਆ ਨਜ਼ਰਾਂ ਨਾਲ਼ ਕਿਹਾ।
ਦੇਬੇ ਨੇ ਸੀਰੇ ਨੂੰ ਆਪਣੀ ਗਲਵਕੜੀ 'ਚ ਲੈਂਦਿਆਂ ਕਹਿਣਾ ਸ਼ੁਰੂ ਕੀਤਾ, "ਪੁੱਤਰਾ, ਅੱਜ ਤੈਂ ਪਹਿਲਾਂ ਮੇਖਾਂ ਕੰਧ 'ਚ ਗੱਡੀਆਂ, ਇਹ ਤੇਰੇ ਵਲੋਂ ਕੀਤੀ ਗਲਤੀ, ਭਾਵ ਮੈਨੂੰ ਕੌੜਾ ਬੋਲਣਾ। ਫੇਰ ਤੂੰ ਮੇਖਾਂ ਪੁੱਟੀਆਂ, ਇਹ ਤੇਰੇ ਵਲੋਂ ਮੰਗੀ ਮਾਫ਼ੀ ਆ"। ਪਰ ਜ਼ਰਾ ਗਹੁ ਨਾਲ ਓਸ  ਕੰਧ ਵੱਲ ਵੇਖ ਦੇਬੇ ਨੇ ਕੰਧ ਵੱਲ ਇਸ਼ਾਰਾ ਕਰਦਿਆਂ ਆਪਣੀ ਗੱਲ ਜਾਰੀ ਰੱਖੀ, " ਭਾਵੇਂ ਤੂੰ ਸਾਰੀਆਂ ਮੇਖਾਂ ਕੱਢਤੀਆਂ, ਪਰ ਕੰਧ 'ਚ ਨਿਸ਼ਾਨ ਅਜੇ ਵੀ ਬਾਕੀ ਨੇ। ਤੂੰ ਕਿਸੇ ਨੂੰ ਕੌੜਾ ਬੋਲਕੇ ਚਾਹੇ ਮਾਫੀ ਵੀ ਮੰਗ ਲਵੇਂ, ਪਰ ਤੇਰੇ ਓਹ ਕੌੜੇ ਬੋਲਾਂ ਦੇ ਧੱਬੇ ਜਿਹੜੇ ਦੂਜੇ ਦੇ ਦਿਲ 'ਤੇ ਲੱਗ ਗਏ ਓਹ ਕਿਵੇਂ ਮਿਟਾਵੇਂਗਾ? ਮੈਂ ਇਹ ਨੀ ਕਹਿੰਦਾ ਬਈ ਤੂੰ ਗਲਤੀ ਕਰਕੇ ਮਾਫੀ ਮੰਗਣੀ ਵੀ ਛੱਡ ਦਵੇਂ। ਹੋਰ ਮਾੜੀਆਂ-ਮੋਟੀਆਂ ਗਲਤੀਆਂ ਤਾਂ ਮਾਫੀ ਯੋਗ ਨੇ ਪਰ ਇੱਕ ਵਾਰ ਕੌੜਾ ਬੋਲਣਾ ਤਾਂ ਸੌ ਗਲਤੀਆਂ ਸਮਾਨ ਆ। ਕੌੜੇ ਬੋਲ ਤਾਂ ਓਹ ਗੁੱਝੇ ਫੱਟ ਦਿੰਦੇ  ਨੇ ਜੋ ਉਮਰ ਭਰ ਨੀ ਭਰਦੇ। ਅੱਜ ਤੋਂ ਬਸ ਇੱਕ ਗੱਲ ਪੱਲੇ ਬੰਨ ਲਾ,ਬਈ ਕਿਸੇ ਨੂੰ ਕੌੜਾ ਨੀ ਬੋਲਣਾ"। ਪੁੱਤਰ ਨੂੰ ਸਮਝਾਕੇ ਦੇਬੇ ਨੂੰ ਜਿਵੇਂ ਮਾਨਸਿਕ ਤਸੱਲੀ ਹੋ ਗਈ ਸੀ ਕਿਉਂਕਿ ਮਨ ਹੀ ਮਨ ਉਸ ਆਪਣੀ ਗ਼ਲਤੀ ਨੂੰ ਵੀ ਦਰੁੱਸਤ ਕਰ ਲਿਆ ਸੀ।
ਓਸ ਦਿਨ ਮਗਰੋਂ ਲੋਕਾਂ ਨੇ ਦੇਬੇ ਫ਼ੌਜੀ 'ਚ ਵੀ ਇੱਕ ਵੱਡਾ ਬਦਲਾਓ ਵੇਖਿਆ। ਹੁਣ ਉਹ ਮਿਠਾਸ ਤੇ ਨਿਮਰਤਾ ਦੀ ਮੂਰਤ ਬਣ ਗਿਆ ਸੀ ਤੇ ਦੇਬੇ ਫ਼ੌਜੀ ਤੋਂ ਲੋਕਾਂ ਦਾ ਚਹੇਤਾ ਫ਼ੌਜੀ ਗੁਰਦੇਵ ਸਿੰਘ
                                        -0-


Sunday, March 4, 2012

ਅੰਦਰਲਾ ਜ਼ਖ਼ਮ


ਨਾਇਬ ਸਿੰਘ ਮੰਡੇਰ

ਬੱਸ ਅੱਡੇ ਉੱਤੇ ਬੈਠੀ ਤਾਰੋ ਦਾ ਰੋਣਾ ਆਪ ਮੁਹਾਰੇ ਹੀ ਫੁੱਟ ਪਿਆ। ਉਹ ਏਨਾ ਰੋਈ ਕਿ ਹਟਕੋਰੇ ਲੈਂਦਿਆਂ ਉਸ ਦਾ ਸੰਘ ਸੁੱਕ ਗਿਆ ਤੇ ਬੇਹੋਸ਼ ਹੋ ਗਈ। ਆਪਣੀ ਧੀ ਨੂੰ ਤੀਆਂ ਦਾ ਸਮਾਨ ਦੇ ਕੇ ਬੱਸ ਤੋਂ ਉਤਰੀ ਮੇਲੋ ਨੇ ਦੇਖਿਆ ਕਿ ਤਾਰੋ ਥਡ਼ੇ ਉੱਤੇ ਹੀ ਮੱਧੇ ਮੂੰਹ ਪਈ ਹੈ। ਉਹਨੇ ਤਾਰੋ ਨੂੰ ਹਿਲਾਇਆ ਤੇ ਭੱਜਕੇ ਨਲਕੇ ਤੋਂ ਬੁੱਕ ਨਾਲ ਹੀ ਪਾਣੀ ਲਿਆਕੇ  ਉਹਦੇ ਮੂੰਹ ਨੂੰ ਲਾਇਆ। ਤਾਰੋ ਨੂੰ ਹੋਸ਼ ਆ ਗਈ।
ਕਿਵੇਂ ਅਡ਼ੀਏ, ਤੇਰਾ ਇਹ ਹਾਲ? ਮੇਲੋ ਨੇ ਕਿਹਾ।
ਤਾਰੋ ਬਿਨਾ ਕੁਝ ਬੋਲਿਆਂ ਮੇਲੋ ਦੀ ਹਿੱਕ ਨਾਲ ਲੱਗਕੇ ਫੇਰ ਹੁਬਕੀ ਹੁਬਕੀ ਰੋਣ ਲੱਗੀ।
ਨੀ, ਸੁੱਖ ਨਾਲ ਤੈਨੂੰ ਕਿਸ ਚੀਜ ਦੀ ਥੋਡ਼ ਐ! ਚੰਗੀ ਜ਼ਮੀਨ ਜਾਇਦਾਦ। ਨੂੰਹ-ਪੁੱਤ ਤੇਰੀ ਸੇਵਾ ਕਰਨ ਨੂੰ। ਕੁਡ਼ੀ ਤੇਰੇ ਹੈ ਨਹੀਂ, ਬਈ ਉਹਦਾ ਦੁੱਖ ਐ।ਮੇਲੋ ਨੇ ਹਟਕੋਰੇ ਲੈਂਦੀ ਤਾਰੋ ਨਾਲ ਗੱਲ ਕਰਦਿਆਂ ਕਿਹਾ।
ਤਾਰੋ ਨੇ ਚੁੰਨੀ ਦੇ ਪੱਲੇ ਨਾਲ ਮੂੰਹ ਪੂੰਝਦਿਆਂ ਕਿਹਾ, ਮੇਲੋ, ਤੂੰ ਤਾਂ ਮੇਰੇ ਨਾਲੋਂ ਸੌ ਗੁਣਾ ਚੰਗੀ ਐਂ, ਜੀਦ੍ਹੀ ਇੱਕੋ ਇੱਕ ਕੁਡ਼ੀ ਕੰਡਾ ਵੱਜੇ ਤੇ ਵੀ ਭੱਜੀ ਆਉਂਦੀ ਐ। ਮੇਰੀ ਜੂਨ ਕਿੰਨੀ ਮਾਡ਼ੀ ਐ, ਇਹ ਮੈਨੂੰ ਈ ਪਤੈ। ਦਸ ਦਿਨ ਹੋਗੇ ਭੈਡ਼ੀ ਬਿਮਾਰੀ ਲੱਗੀ ਨੂੰ, ਕਿਸੇ ਨੇ ਜਾਤ ਨਹੀਂ ਪੁੱਛੀ। ਧੀ ਹੁੰਦੀ ਤਾਂ ਹੱਥਾਂ ਤੇ ਚੁੱਕ ਲੈਂਦੀ।ਆਪਣਾ ਦਰਦ ਦੱਸ ਤਾਰੋ ਫੇਰ ਫਿੱਸ ਪਈ।
ਨਾ ਅਡ਼ੀਏ, ਮਨ ਹੌਲਾ ਨਾ ਕਰ, ਰੱਬ ਭਲੀ ਕਰੂ। ਚੱਲ ਘਰ ਚੱਲੀਏ।
ਨੀ ਮੇਲੋ, ਕਿਹਡ਼ੇ ਘਰ ਦੀ ਗੱਲ ਕਰਦੀ ਐਂ! ਘਰ ਤਾਂ ਉਦੋਂ ਦਾ ਈ ਓਪਰਾ ਹੋ ਗਿਆ ਸੀ, ਜਦੋਂ ਦਾ ਤੇਰਾ ਜੇਠ ਗੁਜਰਿਐ। ਕੋਈ ਜਾਤ ਨਹੀਂ ਪੁੱਛਦਾ।ਤਾਰੋ ਨੇ ਦੁਖੀ ਮਨ ਨਾਲ ਦਰਦ ਦੱਸਿਆ।
ਨੀ, ਨੂੰਹ ਨਹੀਂ ਬੁਲਾਊ, ਪੁੱਤ ਨੂੰ ਤਾਂ ਤਰਸ ਆਊ। ਚੱਲ ਮੇਰੇ ਨਾਲ ਘਰ।ਮੇਲੋ ਨੇ ਜ਼ੋਰ ਦੇ ਕੇ ਕਿਹਾ।
ਮੇਲੋ, ਕਿਹਡ਼ੇ ਪੁੱਤ ਦੀ ਗੱਲ ਕਰਦੀ ਐਂ, ਉਸ ਕੋਲੋਂ ਤਾਂ ਸਹੁਰੇ ਈ ਨਹੀਂ ਸੰਭਦੇ। ਉਹਨੇ ਅੱਜ ਮੈਨੂੰ ਧੱਕੇ ਦੇ ਕੇ ਘਰੋਂ ਕੱਢਤਾ। ਹਾਏ ਓਏ ਮੇਰਿਆ ਰੱਬਾ! ਕੀ ਰੱਖਿਆ ਸੀ ਪੁੱਤ ਨੂੰ, ਮੈਨੂੰ ਤਾਂ ਇੱਕ ਧੀ ਈ ਦੇ ਦਿੰਦਾ।ਤਾਰੋ ਫੇਰ ਬੇਹੋਸ਼ ਹੋ ਗਈ।
ਪਿੰਡ ਦੀ ਪੰਚਾਇਤ ਤਾਰੋ ਨੂੰ ਚੁੱਕ ਕੇ ਘਰ ਲੈ ਗਈ। ਪੁੱਤ ਦਾ ਮੂੰਹ ਦੇਖਣ ਨੂੰ ਤਰਸਦੀ ਮੇਲੋ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, ਪੁੱਤ ਦੀ ਮਾਂ ਨਾਲੋਂ ਤਾਂ ਧੀ ਦੀ ਮਾਂ ਹੋਣਾ ਈ ਚੰਗੈ।
                                             -0-

Tuesday, February 28, 2012

ਬੀਬਾ ਬੰਦਾ


ਅਮ੍ਰਿਤ ਲਾਲ ਮੰਨਣ

ਮੰਨੂ ਦੌਡ਼ਦੀ ਹੋਈ ਘਰ ਵਿਚ ਦਾਖਲ ਹੋਈ ਤੇ ਅਵਾਜ਼ ਦਿੱਤੀ, ਚਾਚੀ ਜੀ, ਬਾਹਰ ਡਾਕੀਆ ਖਡ਼ੈ, ਤੁਹਾਡਾ ਅੱਜ ਇਕ ਹੋਰ ਪਾਸਪੋਰਟ ਆਇਐ।
ਹਰੀਸ਼ ਦੀ ਪਤਨੀ ਪਤੀ ਨੂੰ ਪੁੱਛਣ ਲੱਗੀ, ਦੱਸੋ ਜੀ, ਡਾਕੀਏ ਨੂੰ ਕਿੰਨੇ ਪੈਸੇ ਦੇਈਏ, ਛੋਟੂ ਦਾ ਪਾਸਪੋਰਟ ਆਇਆ ਹੋਣੈ।
ਹਰੀਸ਼ ਬੋਲਿਆ, ਪੰਜਾਹ ਕੁ ਰੁਪਏ ਦੇ ਦੇ, ਅਜੇ ਪਰਸੋਂ ਈ ਤੇਰੇ ਪਾਸਪੋਰਟ ਦੇ ਪੰਜਾਹ ਦਿੱਤੇ ਸੀ।
ਦੋ ਕੁ ਮਿੰਟ ਮਗਰੋਂ ਪਤਨੀ ਵਾਪਸ ਆ ਗਈ। ਆਪਣੇ ਦਿੱਲੀ ਵਾਲੇ ਪੋਤਰੇ ਦਾ ਪਾਸਪੋਰਟ ਉਸਨੂੰ ਫਡ਼ਾ ਕਹਿਣ ਲੱਗੀ, ਆਹ ਲਓ ਜੀ ਪੰਜਾਹ ਰੁਪਏ ਵੀ ਨਹੀਂ ਲਏ ਉਸਨੇ।
ਸਤੀਸ਼ ਇਕਦਮ ਭਡ਼ਕ ਉੱਠਿਆ, ਨਹੀਂ ਲਏ ਸਾਲੇ ਨੇ! ਹੋਰ ਮੱਝ ਖੋਲ੍ਹ ਦੇਈਏ। ਡਿਉਟੀ ਕਰਦੇ  ਐ ਸਾਲੇ, ਸਾਡੇ ਸਿਰ ਅਹਿਸਾਨ ਨਹੀਂ ਕਰਦੇ।ਸਤੀਸ਼ ਇੱਕੋ ਸਾਹੇ ਬੋਲ ਗਿਆ।
ਉਸਦੀ ਪਤਨੀ ਬੋਲੀ, ਗੱਲ ਤਾਂ ਸੁਣ ਲਓ ਜੀ ਪੂਰੀ, ਵਿਹਲੇ ਲਡ਼ਨ ਲਈ ਤਿਆਰ ਰਹਿੰਦੇ ਓ। ਡਾਕੀਆ ਕਹਿੰਦਾ ‘ਉਸਨੂੰ ਸਾਡੇ ਪੁੱਤਰ ਤੇ ਪੋਤਰੇ ਦੇ ਨਾਵਾਂ ਦਾ ਪਤਾ ਨਹੀਂ ਸੀ ਤੇ ਅਡਰੈੱਸ ਅਧੂਰਾ ਹੋਣ ਕਰਕੇ ਉਹ ਦੋ ਦਿਨ ਇੱਧਰ-ਉੱਧਰ ਪੁੱਛਦਾ ਰਿਹਾ। ਅੱਜ ਪਤਾ ਲੱਗਾ ਕਿ ਇਹ ਪਾਸਪੋਰਟ ਸਾਡੇ ਪੋਤਰੇ ਦਾ ਹੈ’।
ਅੱਛਾ! ਫਿਰ ਸੌ ਰੁਪਏ ਦੇ ਦੇ ਉਹਦੀ ਖੱਜਲ-ਖੁਆਰੀ ਦੇ।ਸਤੀਸ਼ ਬੋਲਿਆ।
ਬੀਬਾ ਬੰਦਾ ਐ ਜੀ, ਵਧਾਈ ਨਹੀਂ ਲਈ ਉਹਨੇ। ਕਹਿੰਦਾ ‘ਪਰਸੋਂ ਵੀ ਤੁਸੀਂ ਬਦੋ-ਬਦੀ ਪੰਜਾਹ ਰੁਪਏ ਦੇ ਦਿੱਤੇ ਸੀ, ਡਾਕ ਵੰਡਣਾ ਤਾਂ ਸਾਡੀ ਡਿਊਟੀ ਐ, ਕੋਈ ਅਹਿਸਾਨ ਨਹੀਂ’।
                                              -0-