ਸੁਧੀਰ
ਕੁਮਾਰ ਸੁਧੀਰ
ਕੱਚੇ ਘਰਾਂ ਦੀ ਧੁੰਨੀ ਵਿਚ ਵੱਸੇ ਛੱਪਰ ਵਾਲੇ ਹਨੇਰੇ ਕਮਰੇ ਵਿਚ ਰੁਲਦੂ ਬੈਠਾ ਸ਼ਰਾਬ ਪੀ
ਰਿਹਾ ਸੀ। ਉਸਦੀ ਘਰਵਾਲੀ ਚੁੱਲ੍ਹੇ ਪਾਸ ਬੈਠੀ ਧੂੰਏ ਵਿਚ ਧੁਖ ਰਹੀ ਸੀ। ਉਸਦਾ ਸੱਤ ਸਾਲਾ ਲੜਕਾ ਸੂਰਜ ਆਪਣੀ ਮਾਂ ਕੋਲ ਬੈਠਾ ਆਟੇ ਦੀਆਂ ਚਿੜੀਆਂ ਬਣਾ ਰਿਹਾ ਸੀ।
ਰੁਲਦੂ ਨੇ ਅੰਦਰੋਂ ਆਵਾਜ਼ ਦਿੱਤੀ, “ਰੋਟੀ-ਪਾਣੀ ਤਿਆਰ
ਕੀਤਾ ਕਿ ਨਹੀਂ…ਰਤਾ ਛੇਤੀ ਕਰ।”
ਸੂਰਜ ਦੀ ਮਾਂ ਬੁੜਬੁੜ ਕਰਨ ਲੱਗੀ, “ਅੱਜ ਕਈ ਦਿਨਾਂ ਬਾਅਦ ਦਿਹਾੜੀ ਲੱਗੀ ਸੀ, ਇਉਂ ਨਹੀਂ ਬੀ ਚਾਰ ਪੈਸੇ ਘਰੇ
ਲੈ ਜਾਂ…ਆਹ ਜ਼ਹਿਰ ਲਿਆ, ਪੀਣ ਬਹਿ ਗਿਆ! ਸਬਜੀ ਕਿੱਥੋਂ ਬਣੂੰ?”
ਰੁਲਦੂ ਦੀ ਬੋਤਲ ਲਗਭਗ ਖਤਮ ਹੋਣ ਨੂੰ ਸੀ। ਸੂਰਜ ਉਸ ਕੋਲ ਜਾ ਖੜਾ
ਹੋਇਆ ਤੇ ਬੋਲਿਆ, “ਪਾਪਾ, ਬੋਤਲ ਜਲਦੀ ਖਾਲੀ ਕਰੋ।”
“ਬੋਤਲ ਤੈਂ ਕੀ ਕਰਨੀ ਓਏ?” ਰੁਲਦੂ ਲੜਖੜਾਉਂਦੀ ਆਵਾਜ਼ ਵਿਚ
ਬੋਲਿਆ।
“ਸਬਜੀ ’ਚ ਪਾਉਣ ਨੂੰ ਲੂਣ ਹੈ ਨੀਂ, ਸ਼ਾਹ ਦੀ ਹੱਟੀ ’ਤੇ ਬੋਤਲ
ਦੇ ਕੇ ਲੂਣ ਲਿਆਉਣੈ।”
ਸੂਰਜ ਦੇ ਇਹਨਾਂ ਸ਼ਬਦਾਂ ਨੇ ਰੁਲਦੂ ਦੀਆਂ ਅੱਖਾਂ ਮੂਹਰੇ ਹਨੇਰਾ
ਲਿਆ ਦਿੱਤਾ। ਰੁਲਦੂ ਦੀ ਘਰਵਾਲੀ ਘਰ ਵਿਚ ਥੋੜਾ ਚਾਨਣ ਮਹਿਸੂਸ ਕਰਨ ਲੱਗੀ।
-0-
No comments:
Post a Comment