-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, September 8, 2015

ਚੀਰੇ ਵਾਲਾ



ਜਗਤਾਰ ਸਿੰਘ ਭਾਈ ਰੂਪਾ

“…ਚੀਰੇ ਵਾਲਾ! ਮਿੰਦੀਏਨੀ ਮਿੰਦੀਏਆ ਜਾ ਨੀ ਰਾਣੋਂ ਦੀ ਬਰਾਤ ਆਗੀ, ਆਜਾ ਨੀਂ ਪਰ੍ਹੋਣਾ ਵੇਖੀਏ, ਕਿੰਨਾਂ ਕੁ ਸੋਹਣੈ…ਤਾਈ ਕਹਿੰਦੀ ਸੀ, ਬਲਾਂ ਈ ਸੋਹਣੈ…” ਦੀਪੀ ਨੇ ਦਰੀ ਬੁਣਦੀ ਮਿੰਦੀ ਦੀ ਬਾਂਹ ਫੜ ਕੇ ਖਿੱਚਦਿਆਂ ਕਿਹਾ।
ਝਟਕੇ ਜਿਹੇ ਨਾਲ ਬਾਂਹ ਛੁਡਾਉਂਦਿਆਂ ਮਿੰਦੀ ਨੇ ਕਿਹਾ, “ਨੀ ਮੈਂ ਨਹੀਂ ਦੇਖਣਾ ਮੱਚੀ ਜਿਹੀ ਦਾ ਪਰ੍ਹੋਣਾ, ਡੇਲੜ ਜਿਹੀ ਦੀ ਪਹਿਲਾਂ ਈ ਆਕੜ ਨੀ ਝੱਲੀ ਜਾਂਦੀ” ਮਿੰਦੀ ਨੇ ਜਿਵੇਂ ਅੰਦਰਲੀ ਭੜਾਸ ਨੂੰ ਕੱਢਿਆ।
ਦੀਪੀ ਕੱਚੀ ਕੰਧੋਲੀ ਉੱਤੇ ਚੜ੍ਹ ਕੇ ਕੰਧ ਉੱਤੋਂ ਦੀ ਗਲੀ ਵਿੱਚੋਂ ਲੰਘਦੀ ਬਰਾਤ ਦੇਖਣ ਲੱਗ ਪਈ। ਬੈਂਡ ਵਾਜਿਆਂ ਦੀ ਭੰਗੜੇ ਵਾਲੀ ਬੀਟ ਉੱਤੇ ਬਰਾਤੀ ਮੁੰਡੇ ਕੱਚੀ ਗਲੀ ਵਿਚ ਧੂੜਾਂ ਪੁੱਟਦੇ ਆ ਰਹੇ ਸਨ। ਬੈਂਡ ਵਾਜਿਆਂ ਦੀ ਸੰਗੀਤਕ ਮਸਤੀ ਨੇ ਪੰਦਰਵੇਂ ਸਾਲ ਦੇ ਜਵਾਨੀ ਵਾਲੇ ਮੁੱਢਲੇ ਟੰਬਿਆਂ ਤੇ ਖੜੀ ਦੀਪੀ ਦੇ ਦਿਲ ਵਿਚ ਇਕ ਅਜੀਬ ਜਿਹੀ ਤਰੰਗ ਛੇੜ ਦਿੱਤੀ। ਦਿਲ ਵਿਚ ਉੱਠੀ ਤਰੰਗ ਨੇ ਅੰਦਰਲੀ ਖੁਸ਼ੀ ਨੂੰ ਛੱਲ ਜਿਹੀ ਮਾਰੀ ਤਾਂ ਦੀਪੀ ਦੇ ਬੁੱਲ੍ਹਾਂ ਵਿੱਚੋਂ ਆਪ ਮੁਹਾਰੇ ਹਾਸਾ ਖਿੱਲਰ ਗਿਆ ਤੇ ਜਾ ਕੇ ਬਰਾਤੀਆਂ ਦੇ ਨਾਲ ਚੜਚੋਕਾਂ ਪਾਉਣ ਲੱਗਾ।
ਇੱਧਰ ਆਪਣੇ ਦਾਜ ਦੇ ਆਹਰ ਵਿਚ ਲੱਗੀ ਮਿੰਦੀ ਨੂੰ ਲੱਗਿਆ ਜਿਵੇਂ ਬਰਾਤ ਕਿਸੇ ਹੋਰ ਦੀ ਨਹੀਂ ਉਸੇ ਦੀ ਹੀ ਆਈ ਹੋਵੇ। ਉਸਦੇ ਖਿਆਲਾਂ ਵਿਚ ਕਈ ਤਰ੍ਹਾਂ ਦੀਆਂ ਰੰਗੀਨ ਫੁਲਝੜੀਆਂ ਆਪ ਮੁਹਾਰੇ ਫੁੱਟ ਰਹੀਆਂ ਸਨ। ਪਲ ਦੀ ਪਲ ਬਣੇ ਵਿਆਹ ਦੇ ਮਾਹੌਲ ਨੇ ਉਸਨੂੰ ਜਿਵੇਂ ਵਹੁਟੀ ਬਣਾ ਦਿੱਤਾ ਸੀ। ਉਹ ਗੋਡੇ ਉੱਤੇ ਠੋਡੀ ਰੱਖ ਕੇ ਉਨਾਭੀ ਰੰਗ ਦੇ ਸੂਤ ਵਾਲੀ ਅੱਟੀ ਨੂੰ ਲਪੇਟਦੀ ਪਤਾ ਨਹੀਂ ਕਿਹੜੇ ਗੁਲਾਬੀ ਰੰਗੇ ਸੁਪਨਿਆਂ ਵਿਚ ਗੁਆਚੀ ਆਪਣੇ ਚੀਰੇ ਵਾਲੇ ਦੀ ਟੋਹ ਲੈਂਦੀ ਫਿਰਦੀ ਸੀ।
ਪਲ ਦੀ ਪਲ ਉਸਨੂੰ ਆਪਣੇ ਪਿੰਡੇ ਵਿਚੋਂ ਅਜੀਬ ਮਦਭਰੀ ਖੁਸ਼ਬੋਈ ਜਿਹੀ ਆ ਰਹੀ ਸੀ। ਪਤਾ ਨੀਂ ਕਿਹੜੀ ਸੰਗ ਨੇ ਉਸਦੇ ਕਣਕਵੰਨੇ ਰੰਗ ਵਿੱਚੋਂ ਗੁਲਾਬੀ ਭਾ ਮਾਰਨ ਲਾ ਦਿੱਤੀ ਸੀ। ਉਸਨੂੰ ਆਪਣੇ ਉਲਝੇ ਵਾਲਾਂ ਦੀ ਢਿੱਲੀ ਜਿਹੀ ਗੁੱਤ ਵਿੱਚੋਂ ਕਲੀਆਂ ਦੀ ਮਹਿਕ ਦਾ ਬੁੱਲਾ ਜਿਹਾ ਵੱਜਾ। ਉਸਨੂੰ ਲੱਗਾ ਜਿਵੇਂ ਵਹੁਟੀ ਬਣੀ ਮਿੰਦੀ ਦੀ ਚੂੜੇ ਵਾਲੀ ਬਾਂਹ ਫੜ ਕੇ ਕੋਈ ਦੂਰ ਲਈ ਜਾ ਰਿਹਾ ਸੀ। ਇੱਧਰ ਬਰਾਤ ਗਲੀ ਦਾ ਮੋੜ ਮੁੜ ਚੁੱਕੀ ਸੀ। ਦੀਪੀ ਨੇ ਕੰਧੋਲੀ ਉੱਤੋਂ ਧੜਾਮ ਦੇਣੇ ਛਾਲ ਮਾਰੀ ਤੇ ਛੜੱਪੇ ਲਾਉਂਦੀ ਮਿੰਦੀ ਨੂੰ ਚਿੰਬੜ ਗਈ। ਸੁਪਨਿਆਂ ਦੇ ਅੰਬਰੀਂ ਉੱਡਦੀ ਮਿੰਦੀ ਨੂੰ ਲੱਗਿਆ ਜਿਵੇਂ ਕਿਸੇ ਨੇ ਉਸਨੂੰ ਗੁੱਤੋਂ ਫੜ ਕੇ ਦਰੀ ਵਾਲੇ ਫੱਟੇ ਉੱਤੇ ਲਿਆ ਮਾਰਿਆ ਹੋਵੇ। ਮਿੰਦੀ ਦਾ ਜੀ ਕਰੇ ਕਿ ਕੜਾਕ ਕਰਦੀ ਇਕ ਚਪੇੜ ਦੀਪੀ ਦੇ ਜੜ ਦੇਵੇ। ਪਰ ਪਤਾ ਨਹੀਂ ਕਿਹੜੇ ਅੰਦਰਲੇ ਡਰ ਕਰਕੇ ਕਸੀਸ ਜਿਹੀ ਵੱਟ ਗਈ। ਪਰ ਦੀਪੀ ਆਪਣੀ ਮਸਤੀ ਦੀ ਲੋਰ ਵਿਚ ਸੀ। ਆਖੀ ਜਾਵੇ, “ਨੀ ਮਿੰਦੀਏ, ਹਾਏ ਨੀ ਮਿੰਦੀਏ! ਤੇਜੋ ਦੀ ਕੁੜੀ ਦੇ ਤਾਂ ਭਾਗ ਈ ਖੁੱਲ੍ਹਗੇ, ਸੱਚੀਂ ਮੁੰਡਾ ਤਾਂ ਬਲਾਂ ਈ ਸੋਹਣੈ…ਤੈਨੂੰ ਕਿਹਾ ਸੀ, ਆਜਾ ਦੇਖਲੈ…ਦਰੀ ਨੂੰ ਫੇਰ ਫੂਕ ਲੀਂ” ਦੀਪੀ ਨੇ ਜਦ ਮਿੰਦੀ ਦਾ ਚਿਹਰਾ ਤੱਕਿਆ ਤਾਂ ਉਸਨੂੰ ਲੱਗਿਆ ਜਿਵੇਂ ਮਿੰਦੀ ਦੇ ਮੁੱਖ ਉੱਤੇ ਕੋਈ ਨੂਰ ਆ ਗਿਆ ਹੋਵੇ।
ਇੰਨੇ ਨੂੰ ਮਿੰਦੀ ਦੀ ਬੀਬੀ ਗਲ ਪਾਈ ਚੁੰਨੀ ਵਿਚ ਪਕੌੜੇ ਤੇ ਕੁਝ ਜਲੇਬੀਆਂ ਲਪੇਟੀ ਆ ਗਈ।
“ਲਿਆ ਨੀਂ ਦੀਪੀਏ, ਚੁੱਲ੍ਹੇ ਤੋਂ ਚਾਹ ਲਾਹ ਲਿਆ। ਆਜੋ ਥੋਨੂੰ ਤੱਤੇ ਤੱਤੇ ਪਤੌੜ ਖੁਆਵਾਂ।”
ਦੀਪੀ ਬਾਟੀਆਂ ਵਿਚ ਚਾਹ ਪਾ ਲਿਆਈ। ਸਭ ਨੇ ਰਲ ਕੇ ਚਾਹ ਪੀਤੀ, ਪਕੌੜੇ ਖਾਧੇ, ਪਰ ਮਿੰਦੀ ਨੂੰ ਅੱਜ ਚਾਹ ਫਿੱਕੀ ਤੇ ਪਕੌੜੇ ਬੇਸੁਆਦੇ ਜਿਹੇ ਲੱਗ ਰਹੇ ਸਨ। ਉਹਦਾ ਚੀਰੇ ਵਾਲਾ ਕਿਤੇ ਗੁਆਚ ਗਿਆ ਸੀ।
                                         -0-

No comments: