ਕਰਮਜੀਤ
ਸਿੰਘ ਨਡਾਲਾ
ਭੋਗ ’ਤੇ ਜਾਣ ਲਈ ਅਮਰੀਕ ਸਿੰਘ ਸਵੇਰੇ ਦਸ ਵਜੇ ਨਹਾ ਧੋ ਕੇ ਤਿਆਰ ਹੋ ਗਿਆ ਸੀ। ਸਫ਼ਾਰੀ ਸੂਟ ਤੇ ਉਨਾਭੀ ਰੰਗ ਦੀ ਪੱਗ ਉਹਨੇ ਕੁਝ ਪੋਚਵੀਂ
ਜਿਹੀ ਬੰਨ੍ਹ ਲਈ। ਆਪਣੇ-ਆਪ ਨੂੰ ਸ਼ੀਸ਼ੇ ’ਚ ਦੇਖਦਿਆਂ ਉਹਦਾ ਮਨ ਨਸ਼ਿਆ ਉੱਠਿਆ।
“ਭਾਗਵਾਨੇ ਛੇਤੀ ਕਰ, ਮੈਂ ਤਾਂ ਤਿਆਰ ਹੋ ਗਿਆ…।”
“ਜੀ ਬਸ ਦਸ ਮਿੰਟ ਹੋਰ…।”
“ਓ ਹੋ…ਛੇਤੀ ਕਰ, ਆਪਾਂ ਜਰਾ ਜਲਦੀ ਪਹੁੰਚਣੈ…।”
“ਬਈ ਆਪਣੇ ਬਲਕਾਰ ਦੇ ਭੋਗ ’ਤੇ ਕੁਝ ਬੁਲਾਰਿਆਂ ਨੇ ਭਾਸ਼ਨ ਵੀ ਕਰਨੇ ਨੇ…ਮੈਂ ਸਟੇਜ ਸਕੱਤਰ ਹੋਣੈ…ਏਸ ਮੌਕੇ ਸਟੇਜ ਸਕੱਤਰ ਦਾ ਮੁਫ਼ਤ ਮੁੱਲਾ ਹੀ ਟੌਹਰ
ਹੁੰਦੈ…ਵੇਖੀਂ ਮੈਂ ਕਿਵੇਂ ਲੱਛੇਦਾਰ ਭਾਸ਼ਨ ਕਰਦਿਆਂ ਲੋਕਾਂ ਦੀਆਂ ਅੱਖਾਂ ’ਚੋਂ ਹੰਝੂਆਂ ਦੇ ਹੜ੍ਹ
ਵਗਾਉਂਦੈਂ…ਨਾਲੇ ਐਧਰ ਮੇਰੇ ਵੱਲ ਦੇਖੀ ਜਰਾ…ਫੱਬੂ ਫੇਰ ਸਰਦਾਰ ਮਾਈਕ ’ਤੇ ਬੋਲਦਾ…।”
“ਜੀ ਬਿਲਕੁਲ, ਲਾੜੇ ਪਏ ਲਗਦੇ ਓ…।”
“ਅੱਛਾ! ਚੱਲ ਫਿਰ ਛੇਤੀ ਪਾ ਕਪੜੇ…ਮੈਂ ਗੱਡੀ ਬਾਹਰ ਕੱਢਦਾਂ…।”
ਕੁਝ ਕੁ ਮਿੰਟਾਂ ਬਾਅਦ ਘਰਵਾਲੀ ਵੀ ਚਿੱਟਾ ਸੂਟ ਪਾ ਕੇ ਘਰਵਾਲੇ
ਦੀ ਪੱਗ ਨਾਲ ਮੈਚ ਕਰਦੀ, ਉਨਾਭੀ ਚੁੰਨੀ ਲੈ ਕੇ ਗੱਡੀ ’ਚ ਆ ਬੈਠੀ।
“ਹੈਂ! ਇਹ ਕੀ…ਬਈ ਆਪਾਂ ਮਰੇ ਦੇ ਭੋਗ ’ਤੇ ਜਾਣੈ…ਕਿਸੇ ਪੈਲਸ ’ਚ
ਵਿਆਹ ਖਾਣ ਨਹੀਂ ਚੱਲੇ…ਕਹਿਰ ਦੀ ਮੌਤ ਹੋਈ ਏ…ਔਰਤਾਂ ਏਸ ਮੌਕੇ ਚਿੱਟੀਆਂ ਚੁੰਨੀਆਂ ਲੈਂਦੀਆਂ ਹੀ
ਚੰਗੀਆਂ ਲਗਦੀਆਂ… ਤੇ ਤੂੰ ਉਨਾਭੀ ਚੁੰਨੀ ਲੈ ਕੇ ਤੁਰ ਪਈ…ਤੇਰਾ ਦਿਮਾਗ ਤਾਂ ਨਹੀਂ ਖ਼ਰਾਬ…ਹੈਂ। ਜਨਾਨੀਆਂ
ਨੂੰ ਖੌਰੇ ਕਦੋਂ ਅਕਲ ਆਊ…ਕਮਾਲ ਕਰਤੀ ਤੂੰ ਤਾਂ…ਕੋਈ ਹੈ ਤੈਨੂੰ ਮਰਨ ਵਾਲੇ ਨਾਲ ਹਮਦਰਦੀ…।”
ਸ਼ਰਮਿੰਦੀ ਜਿਹੀ ਹੋਈ ਨੇ ਉਹਦੀ ਉਨਾਭੀ ਪੱਗ ਵੱਲ ਤਿਰਸ਼ੀ ਅੱਖ
ਨਾਲ ਝਾਕਿਆ। ਪਰ ਬੋਲੀ ਕੁਝ ਨਾ। ਅੰਦਰ ਚਲੀ ਗਈ ਚਿੱਟੀ ਚੁੰਨੀ ਲੈਣ ਲਈ।
-0-
No comments:
Post a Comment