ਬਲਦੇਵ ਸਿੰਘ ਖਹਿਰਾ (ਡਾ.)
ਸ੍ਰੀਮਤੀ ਖੋਸਲਾ ਅਤੇ ਉਹਨਾਂ ਦੇ ਪਰਿਵਾਰ ਨੂੰ ਅਸ਼ਟਮੀ ਵਾਲੇ
ਦਿਨ ਕੰਜਕਾਂ ਇਕੱਠੀਆਂ ਕਰਕੇ ਭੋਜਨ ਛਕਾਉਣ ਦੀ ਬੜੀ ਚਿੰਤਾ ਸੀ। ਅੱਜਕੱਲ ਤਾਂ ਕੰਜਕਾਂ ਲੱਭਦੀਆਂ
ਹੀ ਨਹੀਂ, ਜੇ ਲੱਭ ਵੀ ਜਾਣ ਤਾਂ ਉਹ ਪਹਿਲਾਂ ਹੀ ਏਨਾ ਖਾ ਚੁੱਕੀਆਂ ਹੁੰਦੀਆਂ ਹਨ ਕਿ ਹੋਰ ਖਾਣ ਲਈ
ਮੰਨਦੀਆਂ ਹੀ ਨਹੀਂ। ਖੋਸਲਾ ਪਰਿਵਾਰ ਨੇ ਦੋ ਦਿਨ ਪਹਿਲਾਂ ਹੀ ਨਿਉਂਦਾ ਦੇਣਾ ਠੀਕ ਸਮਝਿਆ। ਕੰਜਕਾਂ
ਵਾਲੇ ਦਿਨ ਤਿੰਨ ਕੁੜੀਆਂ ਦੇ ਮਾਪਿਆਂ ਨੇ ਅਸਮਰਥਤਾ ਜ਼ਾਹਿਰ ਕਰ ਦਿੱਤੀ। ਜਿਹਨਾਂ ਚਾਰਾਂ ਨੇ ਹਾਂ
ਕੀਤੀ ਸੀ, ਉਹ ਵੀ ਨਹੀਂ ਪਹੁੰਚੀਆਂ।
ਉੜੀਕ-ਉੜੀਕ
ਕੇ ਖੋਸਲਾ ਸਾਹਿਬ ਨੇੜਲੇ ਝੌਂਪੜ-ਪੱਟੀ ਵਾਲੇ ਸਕੂਲ ਵਿਚ ਜਾ ਪਹੁੰਚੇ। ਉੱਥੇ ਦੇਖਾ-ਦੇਖੀ ਅੱਠ-ਦਸ
ਕੁੜੀਆਂ ਭੋਜਨ ਲਈ ਤਿਆਰ ਹੋ ਗਈਆਂ। ਜਦ ਤਕ ਉਹ ਘਰ ਪਹੁੰਚੇ, ਤਦ ਤਕ ਪਹਿਲਾਂ ਵਾਲੀਆਂ ਚਾਰ ਕੰਜਕਾਂ
ਵੀ ਆ ਗਈਆਂ ਸਨ ਤੇ ਪੂਜਾ-ਅਰਾਧਨਾ ਤੋਂ ਬਾਅਦ ਭੋਜਨ ਛਕ ਰਹੀਆਂ ਸਨ।
ਏਨੀਆਂ
ਕੁੜੀਆਂ ਆਈਆਂ ਦੇਖ ਸ੍ਰੀਮਤੀ ਖੋਸਲਾ ਨੂੰ ਘਬਰਾਹਟ ਨਾਲ ਗੁੱਸਾ ਚੜ੍ਹ ਗਿਆ, “ਖੋਸਲਾ ਜੀ, ਤੁਸੀਂ
ਤਾਂ ਜਵਾਂ ਸੋਚਦੇ ਈ ਨਹੀਂ। ਇੱਥੇ ਕੋਈ ਯਤੀਮਖਾਨਾ ਐ? ਚੱਕ ਲਿਆਏ ਹੇੜ ਦੀ ਹੇੜ।”
ਤਿੰਨ
ਠੀਕ-ਠਾਕ ਕਪੜਿਆਂ ਤੇ ਸਾਫ ਸੁਥਰੀਆਂ ਕੁੜੀਆਂ ਨੂੰ ਆਪਣੇ ਨਾਲ ਅੰਦਰ ਲਿਜਾਂਦੀ ਉਹ ਆਪਣੇ ਪਤੀ ਨੂੰ
ਬੋਲੀ, “ਆਹ ਬਾਕੀਆਂ ਨੂੰ ਛੱਡ ਆਓ, ਜਿੱਥੋਂ ਲਿਆਏ ਓਂ…”
-0-
No comments:
Post a Comment