ਵਿਵੇਕ
“ਆਹ ਵੇਖ ਯਾਰ! ਨੇਤਾ ਜੀ ਜਿਹੜੇ ਹਫਤੇ ਤੋਂ ਭੁੱਖ ਹੜਤਾਲ ’ਤੇ ਬੈਠੇ ਸਨ, ਉਨ੍ਹਾਂ ਦੀ ਹਾਲਤ ਕਿੰਨੀ ਮਾੜੀ ਹੋ ਗੀ! ਪੁਲਸ ਮਸਾਂ ਚੁੱਕ ਰਈ ਐ…’ਖਬਾਰ ’ਚ ਫੋਟੋ ਛਪੀ ਐ।”ਲੇਬਰ ਚੌਂਕ ਵਿਚ ਤਖਤਪੋਸ਼ ਉੱਤੇ ਪਏ ਅਖਬਾਰ ਨੂੰ ਪੜ੍ਹਦਿਆਂ ਬੀਰੂ ਨੇ ਆਪਣੇ ਸਾਥੀ ਮੰਗਲੂ ਨੂੰ ਕਿਹਾ।
“ਹਾਂ ਮੈਂ ਵੀ ਵੇਖੀ ਸੀ ਖਬਰ।” ਮੰਗਲੂ ਨੇ ਦੂਰ ਸੜਕ ਵੱਲ ਨਜ਼ਰ ਮਾਰਦਿਆਂ ਰੁੱਖੇ ਜਿਹੇ ਲਹਿਜੇ ਵਿਚ ਕਿਹਾ।
“ਵੇਖ ਤਾਂ ਸਹੀ, ਨੇਤਾ ਜੀ ਕਿਵੇਂ ਨਿਢਾਲ ਹੋਏ ਪਏ ਨੇ! ਚਾਰ ਸਿਪਾਹੀਆਂ ਨੇ ਮਸਾਂ ਫੜਿਐ।” ਬੀਰੂ ਦੀ ਨਿਗ੍ਹਾ ਅਜੇ ਵੀ ਅਖਬਾਰ ਉੱਪਰ ਹੀ ਸੀ। ਉਹਦੇ ਚਿਹਰੇ ਉੱਤੇ ਚਿੰਤਾ ਦੀਆਂ ਲਕੀਰਾਂ ਸਨ।
“ਤੂੰ ਕਿਉਂ ਫਿਕਰ ਕਰਦੈਂ! ਕੀਹੋਇਆ ਜੇ ਦੋ ਦਿਨ ਭੁੱਖ ਹੜਤਾਲ ਕਰਲੀ। ਜਦੋਂ ਗੱਦੀ ਮਿਲੀ, ਸਾਰਾ ਮਾਲ ਇਨ੍ਹਾਂ ਨੇ ਈ ਖਾਣੈ। ਸਿਹਤ ਜਮਾ ਠੀਕ ਹੋਜੂ…ਤੂੰ ਅਖਬਾਰ ਛੱਡ, ਘੜੀ ਵੇਖ– ਗਿਆਰਾਂ ਵੱਜਗੇ, ਅਜੇ ਤਕ ਕਿਸੇ ਨੇ ਦਿਹਾੜੀ ਵਾਸਤੇ ਨੀ ਪੁੱਛਿਆ…ਏਦਾਂ ਈ ਰਿਆ ਤਾਂ ਅੱਜ ਸਾਰੇ ਟੱਬਰ ਦੀ ਭੁੱਖ ਹੜਤਾਲ ਹੋਜੂ। ਆਪਣੀ ਤਾਂ ਕਿਤੇ ਖਬਰ ਵੀ ਨੀ ਛਾਪਣੀ।”
-0-
No comments:
Post a Comment