ਬਲਬੀਰ ਪਰਵਾਨਾ
ਸਰਦਾਰ ਲਸ਼ਕਰ ਸਿੰਘ ਨੇ ਜਿਉਂ ਹੀ ਸਕੂਟਰ ਫਾਰਮ ਨੂੰ ਮੋੜਿਆ ਤਾਂ ਅੰਬਾਂ ਦੇ ਬੂਟਿਆਂ ਨੂੰ ਗੋਡੀ ਕਰਦੇ ਚੁੰਨੂੰ ਤੇ ਗਾਮੀ ਦੇ ਚਿਹਰੇ ਆਸਵੰਦ ਜਹੇ ਹੋ ਗਏ। ਪਰ ਸਕੂਟਰ ਖੜਾ ਕਰ ਉਸ ਨੂੰ ਖਾਲੀ ਹੱਥ ਆਉਂਦਿਆਂ ਤਕ ਕੇ ਉਹ ਮੁੜ ਹਿਰਾਸੇ ਗਏ।
“ਰੋਟੀ ਤਾਂ ਯਾਰ ਹੁਣ ਵੀ ਨਹੀਂ ਆਈ।” ਗਾਮੀ ਨੇ ਕਿਹਾ।
“ਤੇ ਤੇਰਾ ਕੀ ਖਿਆਲ ਸੀ, ਸਰਦਾਰ ਸਾਡੀ ਰੋਟੀ ਲੈ ਕੇ ਆ ਰਿਹਾ…।”
“ਸਵੇਰ ਦੀ ਰੋਟੀ ਅਜੇ ਤਕ ਨਹੀਂ ਆਈ। ਲੌਢਾ ਵੇਲਾ ਹੋਣ ਲੱਗਾ…ਨੌਕਰਾਂ ਦੀ ਤਾਂ ਇਹ ਵੱਡੇ ਲੋਕ ਕੁੱਤੇ ਜਿੰਨੀ ਕਦਰ ਨਹੀਂ ਕਰਦੇ…”
ਤਦ ਤਾਈਂ ਸਰਦਾਰ ਉਹਨਾਂ ਕੋਲ ਆ ਗਿਆ ਸੀ ਤੇ ਉਹਨੂ ਕੋਲ ਆਇਆ ਤੱਕ ਉਹ ਚੁੱਪ ਜਹੇ ਕਰ ਗਏ। ਇਕ ਸਰਸਰੀ ਜਿਹੀ ਨਜ਼ਰ ਉਹਨਾਂ ਵੱਲ ਮਾਰ ਸਰਦਾਰ ਅਗਾਂਹ ਡੇਰੀ ਫਾਰਮ ਵੱਲ ਲੰਘ ਗਿਆ ਤਾਂ ਦਸਾਂ ਕੁ ਵਰ੍ਹਿਆਂ ਦੇ ਗਾਮੀ ਨੇ ਹਰਾਸਿਆਂ ਕਿਹਾ, “ਜੇ ਮੇਰਾ ਬਾਪੂ ਨਾ ਮਰਦਾ, ਮੈਂ ਕਾਹਨੂੰ ਇਹਨਾਂ ਦੇ ਲੱਗਣਾ ਸੀ!”
“ਅਸੀਂ ਵੀ ਜੇ ਇਹਨਾਂ ਤੋਂ ਤਿੰਨ ਸੌ ਰੁਪਏ ਨਾ ਲਏ ਹੁੰਦੇ…।”
-0-
No comments:
Post a Comment