ਦਰਸ਼ਨ ਸਿੰਘ ਬਰੇਟਾ
ਪਤਾ ਨਹੀਂ ਕਿਉਂ ਸਵੇਰੇ ਬਿਰਧ ਆਸ਼ਰਮ ਵਿਚ ਅਖਬਾਰ ਦੇ ਪੰਨੇ ਪਲਟਦਿਆਂ ਉਸ ਦਾ ਧਿਆਨ ਬੀਤੀ ਜ਼ਿੰਦਗੀ ਦੇ ਪ੍ਰਤੀਬਿੰਬਾਂ ਨਾਲ ਜਾ ਜੁਡ਼ਿਆ। ਕਈ ਦਿਨਾਂ ਤੋਂ ਉਹ ਬੇਚੈਨੀ ਵਿਚ ਜੀ ਰਿਹਾ ਸੀ।
“ਦੋ ਪੁੱਤ ਪਾਲੇ-ਪੋਸੇ, ਪੈਰਾਂ ਸਿਰ ਕੀਤੇ। ਵੱਡੇ ਨੂੰ ਵਿਦੇਸ਼ ਸੈੱਟ ਕਰਨ ਲਈ ਮਕਾਨ ਸਮੇਤ ਹੋਰ ਸਭ ਨਿੱਕ-ਸੁੱਕ ਵੇਚਣੇ ਪਏ। ਉਹ ਬਸ ਉੱਥੋਂ ਦਾ ਹੀ ਹੋ ਕੇ ਰਹਿ ਗਿਆ। ਖੈਰ, ਉਹਦੇ ਤਾਂ ਕੋਈ ਵੱਸ ਨਹੀਂ। ਪਰ ਏਥੇ ਵਾਲਾ ਤਾਂ ਸਭ ਕੁਝ ਕਰ ਸਕਦੈ। ਚੰਗਾ ਦੋਨੋਂ ਜੀਅ ਨੌਕਰੀ ਲੱਗੇ ਐ। ਕੋਈ ਕਮੀ ਨਹੀਂ।”
ਪਤਾ ਨਹੀਂ ਕੀ ਕੁਝ ਉਹ ਬੁਡ਼ਬੁਡ਼ਾਈ ਗਿਆ।
“ਆਹ ਨੂੰਹ ਦਾ ਹਾਲ ਦੇਖ ਲੋ, ਜਦੋਂ ਲੋਡ਼ ਸੀ ਤਾਂ ਬਾਪੂ ਜੀ ਆਹ ਕਰ ਦਿਓ, ਓਹ ਵੀ ਕਰ ਦਿਓ। ਹੁਣ ਮੁੰਨੇ ਨੂੰ ਘੁਮਾ ਲਿਆਓ। ਹੁਣ ਮੈਂ ਦਫਤਰ ਚੱਲੀ ਆਂ, ਜਰਾ ਧਿਆਨ ਰੱਖਿਓ। ਆਪ ਔਖੇ ਹੋ ਚਾਵਾਂ ਨਾਲ ਪੋਤੇ ਨੂੰ ਪਾਲਿਆ। ਮੈਂ ਵੀ ਆਪਣੇ ਆਪ ਨੂੰ ਪਰਿਵਾਰ ’ਚ ਰਹਿਦਾ ਕਿਸਮਤ ਵਾਲਾ ਸਮਝਦਾ।
ਬੱਚੇ ਦੇ ਪਡ਼੍ਹਨ ਲੱਗਣ ’ਚ ਹਾਲੇ ਕਈ ਮਹੀਨੇ ਬਾਕੀ ਸਨ, ਪਹਿਲਾਂ ਹੀ ਦੋਨਾਂ ਜੀਆਂ ਨੇ ਆਪਣੀ ਵੱਡੇ ਸ਼ਹਿਰ ਦੀ ਬਦਲੀ ਲਈ ਓਹਡ਼ ਪੋਹਡ਼ ਵੱਢ ਦਿੱਤੇ। ਅਖੇ ਵੱਡੇ ਸ਼ਹਿਰ ਚੰਗੇ ਸਕੂਲ ’ਚ ਬੱਚੇ ਦਾ ਭਵਿੱਖ ਚੰਗਾ ਬਣੂ।
ਮੈਂ ਬਥੇਰਾ ਕਿਹਾ, ‘ਭਾਈ ਕਾਕਾ, ਤੂੰ ਵੀ ਏਥੇ ਪਡ਼੍ਹ ਕੇ ਨੌਕਰੀ ਲੱਗਿਐਂ। ਸਭ ਕੁਝ ਐ ਏਥੇ।’
ਅਖੇ, ਨਹੀਂ ਬਾਪੂ ਜੀ, ਸਾਡੇ ਵੇਲੇ ਗੱਲ ਹੋਰ ਸੀ। ਹੁਣ ਜ਼ਮਾਨਾ ਬਦਲ ਗਿਐ।
ਦੋਨਾਂ ਦੀ ਬਦਲੀ ਕੀ ਹੋ ਗਈ, ਮੇਰੀ ਤਾਂ ਕੰਬਖਤੀ ਆ ਗਈ। ਦਫਤਰੋਂ ਆਉਂਦਿਆਂ ਹੀ ਨੂੰਹ ਨੇ ਫਰਮਾਨ ਸੁਣਾਇਆ, “ਬਾਪੂ ਜੀ, ਅਸੀਂ ਦੋ-ਚਾਰ ਦਿਨਾਂ ’ਚ ਵੱਡੇ ਸ਼ਹਿਰ ਚਲੇ ਜਾਣੈ। ਉੱਥੇ ਮਕਾਨਾਂ ਦਾ ਕਿਰਾਇਆ ਬਹੁਤ ਜ਼ਿਆਦੈ। ਇਸ ਮਕਾਨ ਦਾ ਕਿਰਾਇਆ ਥੋਡੇ ਕੱਲਿਆਂ ਲਈ ਦੇਣਾ ਕੋਈ ਸਿਆਣਪ ਨਹੀਂ। ਜੋ ਭਲਾ ਤੁਸੀਂ ਹੁਣ…ਆਹ ਬਿਰਧ ਆਸ਼ਰਮ ’ਚ…।’
‘ਬਸ ਭਈ ਮੈਂ ਸਮਝ ਗਿਆ। ਠੀਕ ਐ, ਮੈਂ ਕੱਲ੍ਹ ਈ ਚਲਿਆ ਜਾਊਂ। ਤੁਸੀਂ ਰਾਜੀ ਰਹੋ, ਮੇਰਾ ਕੀ ਐ।’…”
“ਬਾਬਾ ਜੀ, ਕੀਹਨੂੰ ਰਾਜੀ ਰੱਖ ਰਹੇ ਓਂ, ਚਾਹ ਪੀ ਲੋ।” ਆਸ਼ਰਮ ਦੇ ਲਾਂਗਰੀ ਦੇ ਕਹਿੰਦਿਆਂ ਸਾਰ ਉਹਦੀ ਬਿਰਤੀ ਵਾਪਸ ਪਰਤੀ।
“ਨਹੀਂ-ਨਹੀਂ, ਕੁਝ ਨਹੀਂ।” ਆਖਦਿਆਂ ਉਸ ਨੇ ਚਾਹ ਦਾ ਕੱਪ ਚੁੱਕਿਆ।
ਹੁਣ ਉਹ ਨਵੀਂ ਪੀਡ਼੍ਹੀ ਦੀ ਅਖੌਤੀ ਆਧੁਨਿਕ ਸੋਚ ਦਾ ਸਤਾਇਆ ਬੇਬਸੀ ਦੇ ਹੰਝੂਆਂ ਨੂੰ ਵਹਿਣ ਤੋਂ ਰੋਕ ਨਾ ਸਕਿਆ।
-0-
No comments:
Post a Comment