ਹਮਦਰਦਵੀਰ ਨੌਸ਼ਹਿਰਵੀ(ਪ੍ਰੋ.)
ਸਡ਼ਕ ਦੇ ਰੇਲਵੇ ਫਾਟਕ ਉੱਤੇ ਬੈਠੇ ਭਿਖਾਰੀਆਂ ਨੂੰ ਉਹ ਖੀਰ ਵੰਡਦੀ ਜਾ ਰਹੀ ਸੀ। ਚਿੱਬੇ ਕੌਲੇ, ਵਿੰਗੀਆਂ ਟੇਢੀਆਂ ਥਾਲੀਆਂ ਦੀ ਲਾਈਨ। ਪਾਣੀ ਵਿਚ ਦੁੱਧ ਪਾ ਕੇ ਬਣਾਈ ਖੀਰ। ਸਿਲਵਰ ਦੇ ਪਤਲੇ ਤੇ ਲੰਮੇ ਸਾਰੇ ਵੱਡੇ ਡੱਬੇ ਵਿੱਚੋਂ ਹਰ ਇਕ ਲਈ ਇਕ ਇਕ ਨਿੱਕੀ ਜਿਹੀ ਕਡ਼ਛੀ ਭਰਦੀ ਸੀ ਤੇ ਅੱਗੇ ਪਏ ਕੌਲੇ ਜਾਂ ਕਰਮੰਡਲ ਵਿਚ ਪਲਟਾ ਦਿੰਦੀ ਸੀ। ਮੰਗਤੇ ਅਸੀਸਾਂ ਦੇ ਰਹੇ ਸਨ।
ਪਿੱਛੇ ਪਿਛੇ ਉਸ ਦੀ ਸਕੂਲ ਪਡ਼੍ਹਦੀ ਬੇਟੀ ਆ ਰਹੀ ਸੀ।
“ਮੰਮੀ, ਇਕ ਦੋ ਥਾਲੀਆਂ ’ਚ ਈ ਪਾ ਦਿਓ । ਤੁਸੀਂ ਤਾਂ ਭੋਰਾ ਭੋਰਾ ਪਾਂਦੇ ਓ। ਇਸ ਨਾਲ ਇਨ੍ਹਾਂ ਦਾ ਕੀ ਬਣੇਗਾ?”
“ਬੇਟੇ, ਇਹ ਸਾਰੇ ਭੁੱਖੇ ਨੇ। ਸਾਰਿਆਂ ਨੂੰ ਕੁਝ ਮਿਲਣਾ ਚਾਹੀਦਾ ਹੈ।”
“ਮੰਮੀ, ਇਹ ਵਾਰੀ ਕਿਉਂ ਨਹੀਂ ਬੰਨ੍ਹ ਲੈਂਦੇ, ਜਿਵੇਂ ਰਿਕਸ਼ੇ, ਟੈਂਪੂ ਵਾਲੇ ਆਪਣੀ ਵਾਰੀ ਸਿਰ ਈ ਸਵਾਰੀ ਚੁੱਕਦੇ ਨੇ। ਇਕ ਭਰਿਆ ਤੇ ਤੁਰਿਆ, ਫੇਰ ਅਗਲੇ ਦੀ ਵਾਰੀ…।”
“ਬੇਟੇ, ਇਨ੍ਹਾਂ ਦੀ ਕੋਈ ਯੂਨੀਅਨ ਥੋਡ਼੍ਹੀ ਏ? ਇਹ ਤਾਂ ਵਿਚਾਰੇ …।”
“ਵਿਚਾਰੇ ਅਪਾਹਜ਼! ਚਿਹਰੇ ਕਿਵੇਂ ਚਿੱਬ ਖਡ਼ਿਬੇ ਨੇ, ਵਿੰਗੇ ਟੇਢੇ। ਕਿਸੇ ਦੀ ਅੱਖ ਨਹੀਂ ਤੇ ਕਿਸੇ ਦੀ ਬਾਂਹ ਗਾਇਬ। ਕਿਸੇ ਦੀ ਲੱਤ ਹੈ ਨਹੀਂ ਤੇ ਕਿਸੇ ਦੇ ਚਿਹਰੇ ਦਾ ਅੱਧਾ ਹਿੱਸਾ ਈ ਨਹੀਂ। ਬਿਲਕੁਲ ਭਾਰਤ ਦੇ ਨਕਸ਼ੇ ਵਰਗਾ।”
“ਨਾਲੇ ਪੁੱਤਰ, ਸਾਰਿਆਂ ਨੂੰ ਅਸੀਸਾਂ ਦੇਣ ਦਾ ਵੀ ਤਾਂ ਮੌਕਾ ਮਿਲਣਾ ਚਾਹੀਦੈ।”
“ਤਾਂ ਹੁਣ ਪਤਾ ਲੱਗਾ। ਤੁਸੀਂ ਤਾਂ ਅਸੀਸਾਂ ਲੈਣੀਆਂ ਚਾਹੁੰਦੇ ਹੋ। ਤਾਹੀਓਂ ਤੁਸੀਂ ਗੂੰਗੇ ਭਿਖਾਰੀ ਦੇ ਕੌਲੇ ਵਿਚ ਕੁਝ ਨਹੀਂ ਪਾਇਆ।”
-0-
No comments:
Post a Comment