ਸੁਰਿੰਦਰ ਮਕਸੂਦਪੁਰੀ
ਹਸਪਤਾਲ ਦੇ ਡਾਕਟਰ ਨੇ ਜਦੋਂ ਸੁਖਰਾਜ ਨੂੰ ਦੱਸਿਆ ਕਿ ਉਹਦੇ ਘਰ ਚੰਨ ਵਰਗੇ ਪੁੱਤਰ ਨੇ ਜਨਮ ਲਿਆ ਹੈ ਤਾਂ ਉਸਦੇ ਚਾਵਾਂ ਤੇ ਖੁਸ਼ੀਆਂ ਨੂੰ ਜਿਵੇਂ ਖੰਭ ਲੱਗ ਗਏ ਹੋਣ। ਹੁਣ ਸੁਖਰਾਜ ਇਹ ਖੁਸ਼ੀ ਦੀ ਖ਼ਬਰ ਆਪਣੇ ਘਰਦਿਆਂ ਨੂੰ ਸੁਣਾਉਣ ਲਈ ਤਰਲੋਮੱਛੀ ਹੋ ਰਿਹਾ ਸੀ।
ਸ਼ਹਿਰ ਤੋਂ ਉਹਦੇ ਪਿੰਡ ਨੂੰ ਜਾਂਦੀ ਆਖਰੀ ਬੱਸ ਲੰਘ ਚੁੱਕੀ ਸੀ। ਤੇ ਫਿਰ ਉਸਨੇ ਹਰ ਹਾਲਤ ਵਿਚ ਪਿੰਡ ਪੁੱਜਣ ਲਈ ਕਿਰਾਏ ਦੀ ਕਾਰ ਕਰਵਾ ਲਈ। ਘਰ ਜਾਂਦਿਆਂ ਹੀ ਸੁਖਰਾਜ ਚਾਈਂ-ਚਾਈਂ ਆਪਣੇ ਬਾਪੂ ਨੂੰ ਕਹਿਣ ਲੱਗਾ–“ਆ ਬਾਪੂ, ਤੈਨੂੰ ਇੱਕ ਚੰਗੀ ਖ਼ਬਰ ਸੁਣਾਵਾਂ।”
“ਕਾਹਦੀ ਚੰਗੀ ਖ਼ਬਰ ਐ ਪੁੱਤਰਾ?”
“ਕਿਸੇ ਚੰਗੀ ਚੀਜ਼ ਦੀ ਖ਼ਬਰ।”
“ਹਾਂ ਦੱਸ, ਕਿਹੜੀ ਚੰਗੀ ਚੀਜ਼ ਦੀ ਖ਼ਬਰ?”
“ਬਾਪੂ, ਆਪਣੇ ਘਰ ਸੁਖ ਨਾਲ ਬੇਟਾ ਜਨਮਿਆ ਏ, ਬੇਟਾ!”
ਇਹ ਖ਼ਬਰ ਜਿਵੇਂ ਬਾਪੂ ਦੀ ਦੁਖਦੀ ਰਗ ਤੇ ਠੋਕਰ ਮਾਰ ਗਈ ਹੋਵੇ। ਉਹ ਨਿਰਉੱਤਰ ਜਿਹਾ ਕਿਸੇ ਡੂੰਘੀ ਸੋਚ ਵਿਚ ਗੁਆਚਿਆ, ਟਿਕਟਿਕੀ ਲਾ ਕੇ ਆਪਣੇ ਤੋਂ ਬੇਮੁੱਖ ਤੇ ਬੇਵਫ਼ਾ ਹੋਏ ਪੁੱਤਰ ਸੁਖਰਾਜ ਦੇ ਮੁੰਹ ਵੱਲ ਵੇਖਣ ਲੱਗ ਪਿਆ।
ਤੇ ਫਿਰ ਸੁਖਰਾਜ ਨੇ ਬਾਪੂ ਦੀ ਸੋਚ ਨੂੰ ਝਜੋੜਦਿਆਂ ਕਿਹਾ, “ਬਾਪੂ, ਕੀ ਗੱਲ ਤੂੰ ਖੁਸ਼ੀ ਵਿਚ ਝੂਮਿਆ ਕਿਉਂ ਨ੍ਹੀਂ? ਗਮਗੀਨ ਜਿਹਾ ਕਿਉਂ ਹੋ ਗਿਆ ਏਂ? ਆਪੇ ਤਾਂ ਤੂੰ ਕਿਹਾ ਕਰਦਾ ਸੀ ਕਿ ਆਪਣੇ ਘਰ ਕੋਈ ਚੰਗੀ ਚੀਜ਼ ਆਵੇ ਤਾਂ ਚੰਗੈ ਤੇ ਅੱਜ…?”
“ਪੁੱਤਰਾ! ਤੂੰ ਵੀ ਤਾਂ ਮੇਰੇ ਘਰ ਇਕ ਦਿਨ ਚੰਗੀ ਚੀਜ਼ ਬਣ ਕੇ ਆਇਆ ਸੀ, ਤੇਰੇ ਆਉਣ ਤੇ ਮੈਂ ਲੱਖ ਖੁਸ਼ੀਆਂ ਮਣਾਈਆਂ, ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ ਤੇ ਚੰਗੀ ਕੁਰਸੀ ’ਤੇ ਬਿਠਾਇਆ…।“ ਬਾਪੂ ਨੇ ਇਕ ਲੰਮਾ ਹਉਕਾ ਭਰਿਆ ਤੇ ਸੇਜਲ ਹੋਈਆਂ ਅੱਖਾਂ ਨੂੰ ਮੋਢੇ ਉੱਤੇ ਰੱਖੇ ਪਰਨੇ ਦੇ ਪੱਲੂ ਨਾਲ ਪੂੰਝਣ ਲੱਗ ਪਿਆ।
-0-
No comments:
Post a Comment