ਵਿਵੇਕ
“ਅੱਜ ਤੀਜਾ ਦਿਨ ਐ ਤਾਪ ਚੜ੍ਹੇ ਨੂੰ… ਘੱਟ ਹੋਣ ਦਾ ਨਾਂ ਈ ਨਹੀਂ ਲੈਂਦਾ… ਕਿਸੇ ਚੰਗੇ ਡਾਕਟਰ ਕੋਲ ਜਾਨੈਂ।” ਬੁਖਾਰ ਨਾਲ ਟੁੱਟੇ ਸਰੀਰ ਨੂੰ ਮੁਸ਼ਕਿਲ ਨਾਲ ਸੰਭਾਲਦੇ ਹੋਏ ਮਨਜੀਤ ਨੇ ਆਪਣੀ ਪਤਨੀ ਨੂੰ ਕਿਹਾ।
“ਜਰਾ ਧਿਆਨ ਨਾਲ,” ਮੰਜੀ ਤੋਂ ਉੱਠਦੇ ਆਪਣੇ ਘਰਵਾਲੇ ਨੂੰ ਬਾਂਹ ਤੋਂ ਫੜਦਿਆਂ ਸੰਤੋ ਨੇ ਕਿਹਾ, “ਤੁਸੀਂ ਤਾਂ ਆਪ ਲੋਕਾਂ ਦਾ ਤਾਪ ਚੜ੍ਹੇ ਦਾ ਇਲਾਜ ਕਰਦੇ ਓਂ। ਤੁਸੀਂ ਵੀ ਉਹੀ ਨੁਖਸਾ ਵਰਤ ਕੇ ਵੇਖ ਲਓ।” ਮਨਜੀਤ ਦਾ ਮਾੜਾ ਹਾਲ ਵੇਖ ਕੇ ਸੰਤੋ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਸਨ। ਇਸ ਲਈ ਹੀ ਉਸਨੇ ਇਹ ਸਿਆਣਪ ਭਰੀ ਸਲਾਹ ਦਿੱਤੀ ਸੀ।
“ਤੂੰ ਤਾਂ ਜਦੋਂ ਵੇਖੋ ਕਮਲੀਆਂ ਮਾਰਦੀ ਰਹਿਨੀਂ ਐਂ… ਇਹ ਤਾਂ ਪੇਂਡੂ ਟੋਟਕੇ ਨੇ, ਪਿਤਾ-ਪੁਰਖੀ… ਮੈਂ ਤਾਂ ਬਸ ਬਾਪੂ ਦੇ ਦੱਸੇ ਇੱਕ-ਦੋ ਮੰਤਰ ਪੜ੍ਹਕੇ ਫੂਕ ਮਾਰ ਦਿਨੈਂ… ਅਗਲਾ ਠੀਕ ਹੋ ਗਿਆ ਤਾਂ ਠੀਕ… ਨਹੀਂ ਤਾਂ ਉਹ ਜਾਣੇ ਤੇ ਉਹਦਾ ਕੰਮ… ਆਪਣਾ ਤੋਰੀ-ਫੁਲਕਾ ਚੱਲੀ ਜਾਂਦੈ… ਮੈਂ ਕਿਸੇ ਚੰਗੇ ਡਾਕਟਰ ਤੋਂ ਦਵਾਈ ਲੈ ਕੇ ਆਉਨੈਂ… ਪਿੱਛੋਂ ਕੋਈ ਮਰੀਜ ਆਵੇ ਤਾਂ ਦੱਸੀ ਨਾ ਕਿ ਕਿਥੇ ਗਿਐਂ।”
ਮਨਜੀਤ ਨੇ ਸਿਰ ਦਾ ਸਾਫਾ ਠੀਕ ਕੀਤਾ, ਪੈਰੀਂ ਜੁੱਤੀਆਂ ਪਾਈਆਂ ਤੇ ਤੁਰ ਪਿਆ।
-0-
No comments:
Post a Comment