-moz-user-select:none; -webkit-user-select:none; -khtml-user-select:none; -ms-user-select:none; user-select:none;

Friday, January 29, 2010

ਸਨਸਨੀਖੇਜ਼ ਖ਼ਬਰ



ਅਣਿਮੇਸ਼ਵਰ ਕੌਰ

ਉਹ ਸੋਕੇ ਦੀ ਮਾਰ ਹੇਠਾਂ ਆਏ ਇਲਾਕਿਆਂ ਦੀ ਰਿਪੋਰਟ ਤਿਆਰ ਕਰਨ ਗਿਆ ਸੀ। ਕਿੱਧਰੇ ਵੀ ਜ਼ਿੰਦਗੀ ਦਾ ਨਾਮੋ-ਨਿਸ਼ਾਨ ਨਹੀਂ ਸੀ। ਸਭ ਪਾਸੇ ਝੌਂਪੜੀਆਂ ਵਿਚ ਮੁਰਦੇਹਾਣੀ ਛਾਈ ਸੀ। ਉਹ ਰਿਪੋਰਟ ਤਿਆਰ ਕਰਨ ਲਈ ਇੱਧਰ-ਉੱਧਰ ਭਟਕ ਰਿਹਾ ਸੀ। ਲੋਕ ਘਰਾਂ ਨੂੰ, ਮਵੇਸ਼ੀਆਂ ਨੂੰ ਛੱਡ ਕੇ ਜਾ ਚੁੱਕੇ ਸਨ। ਸੂਰਜ ਢਲ ਰਿਹਾ ਸੀ। ਅਚਾਨਕ ਉਸਨੂੰ ਕਿਸੇ ਦੇ ਰੋਣ-ਕੁਰਲਾਉਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਇਕ ਝੌਂਪੜੀ ਅੰਦਰ ਝਾਕਿਆ, ਅੰਦਰ ਹਨੇਰਾ ਸੀ। ਉਸ ਨੇ ਟਾਰਚ ਜਲਾਈ। ਅੰਦਰ ਇਕ ਬੁੱਢਾ ਚਟਾਈ ਉੱਤੇ ਲੰਮਾ ਪਿਆ ਪਾਣੀ-ਪਾਣੀ ਚੀਖ ਰਿਹਾ ਸੀ। ਕੋਲ ਬੈਠੀ ਬੁੱਢੀ ਉਸ ਰਿਪੋਰਟਰ ਨੂੰ ਅੰਦਰ ਆਇਆ ਦੇਖ ਮਦਦ ਲਈ ਪੁਕਾਰ ਕਰਨ ਲੱਗੀ। ਸ਼ਾਇਦ ਪਰਿਵਾਰ ਦੇ ਬਾਕੀ ਜੀਅ ਉਹਨਾਂ ਨੂੰ ਇਕੱਲਿਆਂ ਸੋਕੇ ਨਾਲ ਜੂਝਣ ਲਈ ਛੱਡ ਕੇ ਚਲੇ ਗਏ ਸਨ।
ਉਹ ਬੁੱਢੇ ਨੂੰ ਘਸੀਟ ਕੇ ਬਾਹਰ ਲੈ ਆਇਆ। ਬੁੱਢੀ ਦੇ ਚਿਹਰੇ ਉੱਤੇ ਭੁੱਖ-ਪਿਆਸ ਦੇ ਬਾਵਜੂਦ ਹਲਕੀ ਜਿਹੀ ਮੁਸਕਾਨ ਆ ਗਈ ਕਿ ਸ਼ਾਇਦ ਉਹ ਉਹਨਾਂ ਦੀ ਮਦਦ ਕਰੇਗਾ। ਪਰ ਇਹ ਕੀ, ਉਹਨੇ ਆਪਣੇ ਬੈਗ ਵਿੱਚੋਂ ਕੈਮਰਾ ਕੱਢਿਆ ਤੇ ਲੱਗਾ ਵੱਖ-ਵੱਖ ਐਂਗਲਾਂ ਤੋਂ ਫੋਟੋ ਖਿੱਚਣ।
“ਬਾਬੂ ਜੀ, ਪਾਨੀ ਪਿਲਾ ਦੋ, ਥੋੜਾ ਸਾ ਪਾਨੀ, ਨਹੀਂ ਤੋ ਮੇਰਾ ਆਦਮੀ ਮਰ ਜਾਏਗਾ, ਕਲ ਸੇ ਪਿਆਸਾ ਹੈ…”
“ਮਾਈ, ਸੂਰਜ ਢਲ ਗਯਾ ਤੋ ਫੋਟੋ ਨਹੀਂ ਖੀਂਚ ਸਕੂੰਗਾ। ਮੈਂਨੇ ਆਜ ਹੀ ਸੂਖੇ ਕੀ ਰਿਪੋਰਟ ਤਿਆਰ ਕਰ ਕੇ ਭੇਜਨੀ ਹੈ। ਫੋਟੋ ਭੀ ਭੇਜਨੀ ਹੈ।”
“ਮੈਨੇ ਤੋ ਸੋਚਾ ਥਾ ਆਪ ਬਾਹਰ ਇਸ ਲਿਏ ਲਾਏ ਹੋ ਕਿ ਪਾਨੀ ਪਿਲਾਓਗੇ…।”
ਰਿਪੋਰਟਰ ਖੁਸ਼ ਸੀ। ਅੱਜ ਉਹਨੂੰ ਇਕ ਵਧੀਆ ਫੋਟੋ ਮਿਲ ਗਈ ਸੀ। ਉਹ ਬਿਨਾਂ ਉਹਨਾਂ ਦੀ ਕੋਈ ਮਦਦ ਕੀਤੇ ਮੁਸਕਰਾਉਂਦਾ ਹੋਇਆ ਗੱਡੀ ਵਿਚ ਬੈਠ ਗਿਆ, ਇਕ ਸਨਸਨੀਖੇਜ ਖਬਰ ਨਾਲ ਲੈ ਕੇ।
-0-

No comments: