ਸੁਖਦੇਵ ਸਿੰਘ ਸ਼ਾਂਤ
ਦਿੱਤੇ ਹੋਏ ਪੁਰਾਣੇ ਕਰਜਿਆਂ ਨੂੰ ਵਿਆਜ ਦੀ ਕੁਝ ਛੋਟ ਦੇ ਕੇ ਵਸੂਲਣ ਦੀ ਮੁਹਿੰਮ ਸ਼ੁਰੂ ਸੀ। ਇਸ ਸਬੰਧੀ ਵਿਸ਼ੇਸ਼ ਮੀਟਿੰਗਾਂ ਹੋ ਰਹੀਆਂ ਸਨ।
ਅਜਿਹੀ ਹੀ ਇਕ ਮੀਟਿੰਗ ਵਿਚ ਇਕ ਬੁੱਢੀ ਉਮਰ ਦਾ ਗਰੀਬੜਾ ਜਿਹਾ ਕਰਜ਼ਦਾਰ ਪੇਸ਼ ਹੋਇਆ।
“ਹਾਂ ਬਾਬਾ, ਦੱਸ ਏਨੇ ਸਾਲ ਤੂੰ ਪੈਸੇ ਕਿਉਂ ਨਹੀਂ ਭਰ ਸਕਿਆ?” ਅਫਸਰ ਨੇ ਸਵਾਲ ਕੀਤਾ ਤਾਂ ਕਿ ਵਿਆਜ ਦੀ ਛੋਟ ਦੇਣ ਲਈ ਕੋਈ ਕਾਰਨ ਲੱਭ ਸਕੇ।
“ਸਾਬ੍ਹ ਜੀ, ਪਹਿਲਾਂ ਮੇਰਾ ਜਵਾਨ ਪੁੱਤਰ ਚੱਲ ਵੱਸਿਆ ਤੇ ਫੇਰ ਮੈਨੂੰ ਇਕ ਬਿਮਰੀ ਨੇ ਦੱਬ ਲਿਆ। ਘਰ ’ਚ ਹੋਰ ਕੋਈ ਕਮਾਉਣ ਵਾਲਾ ਨਹੀਂ।”
ਅਫ਼ਸਰ ਨੇ ਬਾਬੇ ਦੇ ਫਟੇ-ਪੁਰਾਣੇ ਕੱਪੜਿਆਂ ਵੱਲ ਚੰਗੀ ਤਰ੍ਹਾਂ ਦੇਖਿਆ। ਉਸ ਦੇ ਪੀਲੇ ਪੈ ਚੁੱਕੇ ਝੁਰੜੀਆਂ ਵਾਲੇ ਚਿਹਰੇ ਨੂੰ ਸੰਬੋਧਤ ਹੋ ਕੇ ਬੋਲਿਆ, “ਬਾਬਾ, ਤੇਰੇ ਕੋਲ ਬਿਮਾਰੀ ਦਾ ਕੋਈ ਸਬੂਤ ਹੈ ਤਾਂ ਦਿਖਾ?”
ਬਾਬੇ ਨੇ ਆਪਣਾ ਕਮੀਜ਼ ਉੱਪਰ ਚੁੱਕਿਆ। ਢਿੱਡ ਉੱਤੇ ਲੱਗੇ ਹੋਏ ਟਾਂਕਿਆਂ ਦੇ ਨਿਸ਼ਾਨ ਦਿਖਾਉਂਦਾ ਹੋਇਆ ਬੋਲਿਆ, “ਸਾਬ੍ਹ ਜੀ, ਆਹ ਦੇਖੋ ਮੇਰਾ ਤਾਂ ਬੜਾ ਵੱਡਾ ਆਪਰੇਸ਼ਨ ਹੋ ਚੁੱਕਿਐ। ਪੰਦਰਾਂ-ਵੀਹ ਟਾਂਕੇ ਲੱਗੇ ਸੀ।”
ਅਫ਼ਸਰ ਝੁੰਜਲਾ ਕੇ ਬੋਲਿਆ, “ਬਾਬਾ, ਕਮੀਜ਼ ਹੇਠਾਂ ਕਰ। ਸਾਨੂੰ ਤਾਂ ਆਪ੍ਰੇਸ਼ਨ ਦਾ ਡਾਕਟਰ ਪਾਸੋਂ ਸਰਟੀਫਿਕੇਟ ਚਾਹੀਦੈ, ਟਾਂਕੇ ਭਾਵੇਂ ਲੱਗੇ ਹੋਣ ਭਾਵੇਂ ਨਾ।”
-0-
No comments:
Post a Comment