ਅਵੱਲ ਸਰਹੱਦੀ
ਮੈਂ ਸ਼ਾਮ ਸਾਡੇ ਪੰਜ ਵਾਲੀ ਬੱਸ ਰਾਹੀਂ ਚੰਡੀਗੜ੍ਹ ਤੋਂ ਪਟਿਆਲਾ ਜਾ ਰਿਹਾ ਸੀ। ਬੱਸ ਜਦੋਂ ਜੀਰਕਪੁਰ ਪੁੱਜੀ ਤਾਂ ਮੇਰੀ ਨਜ਼ਰ ਅਗਲੀਆਂ ਸੀਟਾਂ ਉੱਤੇ ਪਈ। ਫਰੰਟ ਸੀਟ ਦੇ ਪਿੱਛੇ ਵਾਲੀ ਸੀਟ ਉੱਤੇ ਇਕ ਜੋੜਾ ਬੈਠਾ ਸੀ ਬਿਲਕੁਲ ਇਕ-ਦੂਜੇ ਨਾਲ ਇਕਮਿਕ ਹੋ ਕੇ। ਉਹਨਾਂ ਦੀਆਂ ਹਰਕਤਾਂ ਵੀ ਕੁਝ ਐਸੀਆਂ ਸਨ ਜਿਵੇਂ ਨਵਾਂ ਵਿਆਹਿਆ ਹੋਇਆ ਹੋਵੇ। ਪਰ ਉਹਨਾਂ ਦੀ ਮੇਰੇ ਵੱਲ ਪਿੱਠ ਸੀ, ਜਿਸ ਕਾਰਨ ਮੈਂ ਉਹਨਾਂ ਦੇ ਚਿਹਰੇ ਨਹੀਂ ਸਾਂ ਦੇਖ ਰਿਹਾ। ਫਿਰ ਜਦੋਂ ਉਸ ਬੰਦੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਹੈਰਾਨ ਹੋ ਗਿਆ। ਉਹ ਮੇਰਾ ਜਮਾਤੀ ਸੁਭਾਸ਼ ਸੀ। ਜਦੋਂ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਹ ਉੱਠ ਕੇ ਮੇਰੇ ਕੋਲ ਆ ਗਿਆ।
ਮੈਂ ਉਸ ਨੂੰ ਪੁੱਛਿਆ, “ਤੁਸੀਂ ਕੰਮ ਕੀ ਕਰਦੇ ਹੋ?”
ਉਸ ਨੇ ਦੱਸਿਆ, “ਮੈਂ ਇਕ ਪੀ.ਸੀ.ਐਸ. ਅਫਸਰ ਦਾ ਪੀ.ਏ. ਹਾਂ।”
ਗੱਲਾਂ ਕਰਦੇ ਨੂੰ ਬਨੂੜ ਆ ਗਿਆ। ਉਸ ਨਾਲ ਅਗਲੀ ਸੀਟ ਉੱਤੇ ਬੈਠੀ ਕੁੜੀ ਉਸ ਨੂੰ ‘ਬਾਏ-ਬਾਏ’ ਕਰ ਕੇ ਉਤਰ ਗਈ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ, “ਇਹ ਤੇਰੀ ਘਰਵਾਲੀ ਨਹੀਂ ਸੀ? ਮੈਂ ਤਾਂ ਤੁਹਾਨੂੰ ਮੀਆਂ-ਬੀਬੀ ਸਮਝਿਆ ਸੀ।”
ਉਸ ਨੇ ਉੱਤਰ ਦਿੱਤਾ, “ਗੱਲ ਤਾਂ ਤੁਹਾਡੀ ਠੀਕ ਹੈ, ਬੀਬੀ ਤਾਂ ਹੈ ਉਹ ਆਪਣੇ ਪਤੀ ਦੀ ਤੇ ਮੈਂ ਪਤੀ ਹਾਂ ਆਪਣੀ ਬੀਬੀ ਦਾ। ਵੈਸੇ ਉਹ ਸਾਡੀ ਸਟੈਨੋ ਹੈ।”
-0-
No comments:
Post a Comment