ਹਰਦਮ ਸਿੰਘ ਮਾਨ
ਨੰਗੇ ਪੈਰ, ਤੇਡ਼ ਨਿੱਕਰ, ਗਲ ਵਿਚ ਮੈਲਾ ਕੁਚੈਲਾ ਪਾਟਿਆ ਕੁਡ਼ਤਾ ਲਟਕਾ ਕੇ ਪੋਹ ਦੀ ਠੰਡੀ-ਸੀਤ ਰਾਤ ਦੇ ਪਿਛਲੇ ਪਹਿਰ ਕਣਕ ਨੂੰ ਪਾਣੀ ਲਾਉਂਦੇ ਸਮੇਂ, ਜਦੋਂ ਉਸ ਨੂੰ ਧੋਰੀ ਖਾਲ ਤੱਕ ਪਿੱਛੇ ਜਾ ਕੇ ਦੂਰ ਤੱਕ ਗੇਡ਼ਾ ਮਾਰਨ ਦਾ ਖਿਆਲ ਆਇਆ ਤਾਂ ਉਸ ਦੇ ਸਮੁੱਚੇ ਸਰੀਰ ਵਿਚ ਛਿਡ਼ੀ ਕੰਬਣੀ ਹੋਰ ਤੇਜ਼ ਹੋ ਗਈ। ਮੋਢੇ ਉੱਤੇ ਕਹੀ ਧਰ ਕੇ ਖਾਲ ਦੀ ਵੱਟੇ ਵੱਟ ਉਹ ਸਰਦਾਰਾਂ ਦੇ ਖੇਤ ਕੋਲੋਂ ਲੰਘਿਆ ਤਾਂ ਕਣਕ ਵਿਚ ਖਡ਼੍ਹੇ ਡਰਨੇ ਨੂੰ ਵੇਖ ਕੇ ਉਸ ਨੂੰ ਧੁਰ ਅੰਦਰ ਤੀਕ ਮਹਿਸੂਸ ਹੋਇਆ ਜਿਵੇਂ ਖੇਤ ਵਿਚ ਖਡ਼੍ਹਾ ਸਰਦਾਰ ਉਸ ਨੂੰ ਘੂਰ ਰਿਹਾ ਹੋਵੇ।
ਆਪਾ ਸਮੇਟ ਕੇ ਉਹ ਉਥੋਂ ਕਾਹਲੇ ਪੈਰੀਂ ਅੱਗੇ ਲੰਘ ਗਿਆ। ਮੁਡ਼ਦਾ ਆਉਂਦਾ ਫਿਰ ਜਦੋਂ ਡਰਨੇ ਦੇ ਨਜ਼ਦੀਕ ਆਇਆ ਤਾਂ ਉਸ ਦੇ ਮਨ ਵਿਚ ਪਹਿਲਾਂ ਵਾਲਾ ਭੈਅ ਨਹੀਂ ਸੀ। ਹੌਂਸਲਾ ਕਰਕੇ ਉਹ ਡਰਨੇ ਦੇ ਐਨ ਸਿਰ ਤੇ ਜਾ ਖਡ਼੍ਹਾ ਹੋਇਆ। ਕੁਝ ਪਲ ਡਰਨੇ ਨੂੰ ਗ਼ੌਰ ਨਾਲ ਤੱਕਦਾ ਰਿਹਾ ਤੇ ਫਿਰ ਉਥੋਂ ਤੁਰ ਪਿਆ। ਅਜੇ ਕੁਝ ਕਦਮ ਹੀ ਤੁਰਿਆ ਸੀ ਕਿ ਉਸ ਦੇ ਪੈਰ ਆਪ ਮੁਹਾਰੇ ਹੀ ਪਿਛਾਂਹ ਡਰਨੇ ਵੱਲ ਪਰਤ ਆਏ। ਉਸ ਦੀ ਹਿੰਮਤ ਨੇ ਅੰਗਡ਼ਾਈ ਲਈ। ਆਸਪਾਸ ਪਸਰੇ ਸੰਘਣੇ ਹਨੇਰੇ ਨੂੰ ਉਸ ਨੇ ਘੂਰਿਆ।
ਤੇ ਅਗਲੇ ਪਲ ਉਸ ਨੇ ਆਪਣੇ ਗਲਮੇਂ ਵਿੱਚੋਂ ਲੀਰੋ-ਲੀਰ ਹੋਇਆ ਕੁਡ਼ਤਾ ਉਤਾਰ ਕੇ ਡਰਨੇ ਉੱਤੇ ਟੰਗ ਦਿੱਤਾ ਅਤੇ ਡਰਨੇ ਉੱਪਰ ਟੰਗਿਆ ਸਰਦਾਰ ਦਾ ਕਲੀਆਂ ਵਾਲਾ ਕੁਡ਼ਤਾ ਪਹਿਨ ਕੇ ਉਹ ਕਿਆਰੇ ਦੇ ਮੂੰਹੇਂ ਕੋਲ ਅਜਬ ਫੁਰਤੀ ਨਾਲ ਪਹੁੰਚ ਗਿਆ।
-0-
No comments:
Post a Comment