-moz-user-select:none; -webkit-user-select:none; -khtml-user-select:none; -ms-user-select:none; user-select:none;

Monday, February 15, 2010

ਲੁੱਟ


ਅਮਰਜੀਤ ਸਿੰਘ ਮਾਨ

ਚਾਰ-ਪੰਜ ਏਕੜ ਦਾ ਝੋਨੇ ਦਾ ਕੱਟਿਆ ਹੋਇਆ ਖੇਤ। ਦੁੱਧ ਜਿਹੇ ਸ਼ੁੱਧ ਚਿੱਟੇ ਰੰਗ ਦੇ, ਪੀਲੀਆਂ ਚੁੰਝਾਂ ਵਾਲੇ ਕਾਫੀ ਸਾਰੇ ਬਗਲੇ ਬਿਲਕੁਲ ਮੋਨਧਾਰੀ। ਆਪਣੇ ਭੋਜਨ ਲਈ ਕਿਸੇ ਡੱਡੂ ਜਾਂ ਕੀੜੇ ਮਕੋੜੇ ਦੀ ਭਾਲ ਵਿਚ ਸੋਨੇ ਰੰਗੇ ਕਰਚਿਆਂ ਵਿਚ ਬੈਠੇ ਕੁਦਰਤ ਦਾ ਸੁੰਦਰ ਦ੍ਰਿਸ਼ ਬਣ ਗਏ ਸਨ।
ਅਚਾਨਕ ਚੁੱਪ ਟੁੱਟਦੀ ਹੈ। ਇਕ ਛੋਟੇ ਬਗਲੇ ਨੇ ਆਪਣੀ ਚੁੰਝ ਥੋੜ੍ਹੀ ਜਿਹੀ ਥੱਲੇ ਕੀਤੀ ਤੇ ਝਟਕੇ ਨਾਲ ਇਕ ਛੋਟਾ ਜਿਹਾ ਡੱਡੂ ਉਸ ਦੇ ਮੂੰਹ ਵਿਚ ਆ ਗਿਆ। ਬਗਲੇ ਦੇ ਕਬਜ਼ੇ ਵਿਚ ਆ ਕੇ ਡੱਡੂ ਥੋੜ੍ਹਾ ਜਿਹਾ ਤੜਫਿਆ, ਪਿਛਲੀਆਂ ਲੱਤਾਂ ਹਿਲਾਈਆਂ। ਸੋਚਦਾ ਹੋਵੇਗਾ, ਸ਼ਾਇਦ ਮੌਤ ਦੇ ਮੂੰਹ ਵਿੱਚੋਂ ਛੁਟਕਾਰਾ ਮਿਲ ਜਾਏ। ਪਰ ਕੋਈ ਦਰਦ ਭਰੀ ਹੂਕ ਵੀ ਨਹੀਂ ਨਿਕਲੀ। ਉਸਦਾ ਮੂੰਹ ਤਾਂ ਅਮਨ ਦੇ ਪ੍ਰਤੀਕ ਸਫੈਦ ਰੰਗ ਦੇ, ਪਰ ਉਸ ਲਈ ਹਿੰਸਾ ਦੀ ਸਿਖਰ ਬਣ ਚੁੱਕੇ, ਬਗਲੇ ਦੀ ਚੁੰਝ ਵਿਚ ਜਕੜਿਆ ਪਿਆ ਸੀ।
ਫਿਰ ਚੁੱਪ ਥੋੜ੍ਹੀ ਹੋਰ ਟੁੱਟਦੀ ਹੈ। ਦੂਰ ਬੈਠਾ ਇਕ ਬਗਲਾ ਉੱਡਿਆ। ਸ਼ਾਇਦ ਉਹ ਉਸ ਬੇਵੱਸ, ਆਪਣੇ ਤੋਂ ਛੋਟੇ ਜੀਵ, ਆਪਣੇ ਸਾਥੀ ਦੇ ਭੋਜਨ ਨੂੰ ਖੋਹ ਕੇ ਆਪ ਖਾਣਾ ਚਾਹੁੰਦਾ ਸੀ। ਜਦੋਂ ਨੂੰ ਉਹ ਛੋਟੇ ਬਗਲੇ ਕੋਲ ਪਹੁੰਚਿਆ, ਨੇੜਲਾ ਇਕ ਬਗਲਾ ਉਸ ਤੋਂ ਪਹਿਲਾਂ ਹੀ ਡੱਡੂ ਨੂੰ ਖੋਹ ਕੇ ਨਿਗਲ ਚੁੱਕਾ ਸੀ। ਛੋਟਾ ਬਗਲਾ ਬੱਸ ਕੁਝ ਦੂਰ ਤੱਕ ਉਸ ਦੇ ਪਿੱਛੇ ਉੱਡਿਆ ਤੇ ਫਿਰ ਚੁੱਪ ਕਰ ਕੇ ਪਹਿਲਾਂ ਵਾਲੀ ਥਾਂ ਉੱਤੇ ਬੈਠ ਗਿਆ, ਆਪਣੇ ਭੋਜਨ ਲਈ ਕਿਸੇ ਹੋਰ ਜੀਵ ਦੀ ਉਡੀਕ ਵਿਚ, ਬਿਲਕੁਲ ਮੋਨ ਧਾਰ ਕੇ।
-0-

No comments: