-moz-user-select:none; -webkit-user-select:none; -khtml-user-select:none; -ms-user-select:none; user-select:none;

Sunday, March 7, 2010

ਜਾਗ



ਅਸ਼ਵਨੀ ਖੁਡਾਲ

ਦੋ ਤਿੰਨ ਦਿਨਾਂ ਤੋਂ ਡੰਗਰਾਂ ਦਾ ਗੋਹਾ-ਕੂਡ਼ਾ ਕਰਨ ਵਾਲੀ ਸੀਤੋ ਕੰਮ ਕਰਨ ਨਹੀਂ ਆਈ ਸੀ। ਹਵੇਲੀ ਵਾਲੇ ਬਚਨ ਸਿੰਘ ਦੀ ਘਰਵਾਲੀ ਕਾਫੀ ਔਖੀ ਹੋਈ ਪਈ ਸੀ, “ਮੈਂ ਕਿਹਾ, ਜੀਤੋ ਦੇ ਬਾਪੂ, ਤੂੰ ਈ ਜਾ ਕੇ ਪਤਾ ਕਰਿਆ…ਏਸ ਜਾਤ ਨੇ ਵੀ ਹੱਦ ਈ ਕਰਤੀ…।”
ਉਹਦੇ ਵਾਰ-ਵਾਰ ਕਹਿਣ ਉੱਤੇ ਬਚਨ ਸਿੰਘ ਜਦੋਂ ਕੈਲੇ ਦੇ ਘਰ ਪਹੁੰਚਿਆ ਤਾਂ ਸੀਤੋ ਘਰ ਹੀ ਸੀ।
“ਕਿਉਂ ਬਈ ਕੈਲਿਆ! ਸੀਤੋ ਕਈ ਦਿਨਾਂ ਤੋਂ ਕੰਮ ’ਤੇ ਨਹੀਂ ਆਈ…?”
“ਕੰਮ ’ਤੇ ਤਾਂ ਸਰਦਾਰਾ ਹੁਣ ਕੋਈ ਹਸਾਬ ਕਰਕੇ ਈ ਆਊ…।” ਅੱਗੋਂ ਕੈਲੇ ਦੇ ਬੋਲਾਂ ਵਿਚ ਤਲਖੀ ਸੀ।
“ਹਿਸਾਬ ਕਾਹਦਾ ਓਏ? ਅਜੇ ਤਾਂ ਦਿੱਤੀ ਰਕਮ ਦਾ ਵਿਆਜ ਈ ਨੀ ਪੂਰਾ ਹੋਇਆ।”
“ਲੈ, ਅਜੇ ਵਿਆਜ ਈ ਰਹਿ ਗਿਆ…ਪੰਜ ਸਾਲ ਹੋਗੇ ਦੋ ਹਜ਼ਾਰ ਦੇ ਵਿਆਜ ’ਚ ਗੋਹਾ-ਕੂਡ਼ਾ ਕਰਦਿਆਂ ਨੂੰ। ਹੁਣ ਤਾਂ ਜੇ ਮਹਿਨੇ ਦੇ ਮਹੀਨੇ ਕੋਈ ਬੱਝਵੇਂ ਪੈਸੇ ਮਿਲਣਗੇ, ਤਾਂ ਈ ਸੀਤੋ ਕੰਮ ’ਤੇ ਆਊ…।”
“ਅੱਛਾ, ਤਾਂ ਫੇਰ ਲੱਗੇ ਆਪਣੀ ਜਾਤ ਦਿਖਾਉਣ, ਹਿਸਾਬ ਤਾਂ ਭਾਈ ਪੰਚੈਤ ਈ ਕਰੂ ਫੇਰ।”
“ਪੰਚੈਤ ਵੀ ਤਾਂ ਸਰਦਾਰਾ ਤੇਰੀ ਓਈ ਐ…ਪਹਿਲਾਂ ਕੇਹਡ਼ਾ ਪੰਚੈਤ ਦੇ ਕਰੇ ਹਸਾਬ ਨੀ ਦੇਖੇ…ਜੇ ਐਂ ਈ ਕਰਨੈ ਤਾਂ ਫੇਰ ਮੈਂ ਵੀ ਮਜਦੂਰ ਜੱਥੇਬੰਦੀ ਵਾਲਿਆਂ ਨੂੰ ਬੁਲਾ ਲੂੰ…।”
“ਬੁਲਾ ਲੀਂ, ਬੁਲਾ ਲੀਂ…ਦੇਖ ਲਾਂਗੇ…।” ਕਹਿੰਦਾ ਬਚਨ ਸਿੰਘ ਮੁਡ਼ ਘਰ ਨੂੰ ਚੱਲ ਪਿਆ। ਪਰ ਅੰਦਰੋਂ-ਅੰਦਰੀ ਸੋਚਦਾ ਜਾ ਰਿਹਾ ਸੀ–ਹੁਣ ਤਾਂ ਇਹਨਾਂ ਕੰਮੀਂ-ਕਮੀਨਾਂ ਦੇ ਵੀ ਖੰਭ ਲੱਗਗੇ, ਪੁਰਾਣਾ ਹਿਸਾਬ ਹੁਣ ਬਹੁਤਾ ਚਿਰ ਨਹੀਂ ਚੱਲਣਾ।
-0-

No comments: