ਜਗਦੀਸ਼ ਰਾਏ ਕੁਲਰੀਆਂ
ਉੱਚੀ ਹਵੇਲੀ ਵਾਲੇ ਸਰਦਾਰਾਂ ਦੀ ਕੁਡ਼ੀ ਦੇ ਇਕ ਗਰੀਬ ਮੁੰਡੇ ਨਾਲ ਭੱਜਣ ਦੀ ਗੱਲ ਪੂਰੇ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ।
ਕੁਡ਼ੀ ਦੇ ਇਸ ਕਦਮ ਨੇ ਸਰਦਾਰ ਦਿਲਾਵਰ ਸਿੰਘ ਨੂੰ ਕਿਧਰੇ ਮੂੰਹ ਦਿਖਾਉਣ ਜੋਗਾ ਨਹੀਂ ਸੀ ਛੱਡਿਆ। ਉਸਨੇ ਆਪਣੀ ਬੰਦੂਕ ਨੂੰ ਲੋਡ ਕੀਤਾ ਤੇ ਮੁੰਡੇ ਦੇ ਘਰ ਵੱਲ ਨੂੰ ਚੱਲ ਪਿਆ।
“ਕਿੱਥੇ ਐ ਉਹ ਭੈਣ ਦਾ…ਬਚਨੀਏ, ਸਿੱਧੀ ਹੋ ਕੇ ਦੱਸ ਕਿ ਤੇਰਾ ਮੁੰਡਾ ਮੇਰੀ ਕੁਡ਼ੀ ਨੂੰ ਕਿੱਧਰ ਲੈ ਗਿਆ?…ਮੈਂ ਤਾਂ ਸਾਲੇ ਦੇ ਸੀਰਮੇ ਪੀ ਜੂੰ…ਇਕ ਵੇਰਾਂ ਮੇਰੇ ਸਾਮ੍ਹਣੇ ਆਜੇ…ਸਾਰੀਆਂ ਗੋਲੀਆਂ ਕੇਰਾਂ ਈ ਵਿਚ ਦੀ ਕੱਢ ਦੂੰ…” ਇੱਕੋ ਸਾਹੇ ਸਰਦਾਰ ਮੁੰਡੇ ਦੀ ਮਾਂ ਨੂੰ ਕਾਫੀ ਕੁਝ ਕਹਿ ਗਿਆ।
“ਮੈਨੂੰ ਕੀ ਪਤਾ… ਕਿੱਧਰ ਗਿਐ… ਉਹ…।”
“ਚੁੱਪ ਕਰ ਬਾਹਲੀ ਚਬਰ-ਚਬਰ ਨਾ ਕਰ…ਜੇ ਦੋ ਅੱਖਰ ਪਡ਼੍ਹ ਗਿਐ ਤਾਂ ਕੀ ਅਸਮਾਨ ਨੂੰ ਟਾਕੀਆਂ ਲਾਉਣੀਆਂ ਨੇ…ਆਪਣੀ ਜਾਤ ਨੀ ਦੇਖਦੇ…ਸਰਦਾਰ ਦੀ ਇੱਜ਼ਤ ਨੂੰ ਹੱਥ ਪਾਇਐ।”
“…ਜਾਣਦੀ ਐਂ…ਜਾਣਦੀ ਐਂ, ਵੱਡੇ ਸਰਦਾਰ ਦੀ ਇੱਜਤ ਨੂੰ…ਆਪਣੀ ਵਾਰੀ ਹੁਣ ਸੇਕ ਲਗਦੈ…ਜਦੋਂ ਮੈਂ ਗੋਹਾ-ਕੂਡ਼ਾ ਕਰਨ ਆਉਂਦੀ ਸੀ, ਉਦੋਂ ਕਿਵੇਂ ਚੋਰੀ-ਛਿਪੇ ਸਬਾਤ ’ਚ ਲੈ ਜਾਂਦਾ ਸੈਂ…ਮੈਂ ਪਤਾ ਨੀ ਉਦੋਂ ਕੀ ਸੋਚ ਕੇ ਚੁੱਪ ਕਰ ਜਾਂਦੀ ਸਾਂ…ਪਰ ਹੁਣ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ ਲੈ…ਮੇਰਾ ਪੁੱਤ ਅੱਜ ਈ ਕਚਹਿਰੀ ’ਚੋਂ ਵਿਆਹ ਕਰਾ ਕੇ ਮੁਡ਼ੂ…ਕਰ ਲੀਂ ਜੋ ਤੇਥੋਂ ਹੁੰਦੈ…ਮੈਂ ਵੀ ਦੇਖਦੀ ਐਂ ਜ਼ੋਰ, ਤੇਰਾ ਵੱਡੇ ਸਰਦਾਰ ਦਾ।”
ਬਚਨੀ ਸ਼ੀਂਹਣੀ ਬਣੀ ਖਲੋਤੀ ਸੀ।
-0-
No comments:
Post a Comment