-moz-user-select:none; -webkit-user-select:none; -khtml-user-select:none; -ms-user-select:none; user-select:none;

Monday, March 15, 2010

ਵਧਾਈ


ਜਗਰੂਪ ਸਿੰਘ ਕਿਵੀ


ਚਿਲਮਣ ਨਾਂ ਦੇ ਖੁਸਰੇ ਨੇ ਜਦੋਂ ਨਿੱਕੇ ਬਾਲ ਨੂੰ ਗੋਦੀ ਚੁੱਕ ਕੇ ਲੋਰੀ ਦਿੰਦਿਆਂ ਵਿਹਡ਼ੇ ਵਿਚ ਗੇਡ਼ਾ ਲਾਇਆ ਤਾਂ ਬਾਲਕ ਦੀ ਮਾਂ ਦੇ ਹੰਝੂ ਵਹਿ ਤੁਰੇ। ਉਹ ਫੁੱਟਫੁੱਟ ਕੇ ਰੋਣ ਲੱਗੀ। ਕਈ ਮਹਿਮਾਨਾਂ ਨੂੰ ਅਟਪਟਾ ਜਿਹਾ ਲੱਗਾ।

ਇਹ ਤਾਂ ਸ਼ੁਭ ਦਿਹਾਡ਼ਾ! ਮਾਂ ਨੂੰ ਰੋਣਾ ਨਹੀਂ ਚਾਹੀਦਾ।

ਐਸੇ ਮੌਕੇ ਤਾਂ ਬਦਸ਼ਗਨਾ ਹੁੰਦੈ ਕੁਡ਼ੇ!ਇਕ ਔਰਤ ਨੇ ਇੱਥੋਂ ਤੱਕ ਕਹਿ ਦਿੱਤਾ।

ਕਰਮਾਂ ਵਾਲਾ ਦਿਨ ਐ। ਖੁਸਰੇ ਹਰ ਕਿਸੇ ਦੇ ਘਰੇ ਥੋਡ਼੍ਹੇ ਨੱਚਦੇ ਫਿਰਦੇ ਐ।ਇਕ ਹੋਰ ਦਾ ਵਿਚਾਰ ਸੀ।

ਪਰ ਪਰਿਵਾਰ ਦੇ ਖਾਸ ਮੈਂਬਰ ਜਾਣਦੇ ਸਨ ਕਿ ਗਿੰਦਰੋ ਦਾ ਦਿਲ ਕਿਉਂ ਭਰ ਆਇਆ ਸੀ। ਇਹ ਖੁਸ਼ੀ ਦੇ ਹੰਝੂ ਨਹੀਂ ਸਨ। ਇਹ ਬੱਚਾ ਬਾਰ੍ਹਾਂ ਵਰ੍ਹਿਆਂ ਪਿੱਛੋਂ ਆਇਆ ਸੀ। ਮਾਂ ਨੂੰ ਇਹ ਤੌਖਲਾ ਵੀ ਨਹੀਂ ਸੀ। ਉਹ ਤਾਂ ਚਿਲਮਣ ਨੂੰ ਵੇਖ ਕੇ ਰੋ ਰਹੀ ਸੀ।

ਚਿਲਮਣ…ਖੁਸਰਾ।…ਹਾਂ ਖੁਸਰਾ। ਪਰ ਉਹ ਤਾਂ ਮਾਹਲਾ ਸੀ। ਮਾਹਲਾ, ਉਸਦਾ ਪਹਿਲਾ ਪੁੱਤਰ। ਚਾਰ ਵਰ੍ਹੇ ਉਸ ਕੋਲ ਰਿਹਾ। ਉਸ ਨੇ ਪਲੇਠੇ ਪੁੱਤ ਵਾਲਾ ਪਿਆਰ ਕੀਤਾ। ਪਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਤੇ ਗੱਲ ਖੁਸਰਿਆਂ ਤਕ ਪਹੁੰਚ ਗਈ। ਇਕ ਦਿਨ ਉਹ ਇਕੱਠੇ ਹੋ ਕੇ ਆਏ ਤੇ ਪੰਚਾਇਤ ਦੇ ਸਾਹਮਣੇ ਮਾਹਲੇ ਨੂੰ ਲੈ ਗਏ। ਕੁਝ ਚਿਰ ਬਾਦ ਮਾਂ ਨੂੰ ਪਤਾ ਲੱਗਾ ਕਿ ਉਸਦਾ ਮਾਹਲਾ ਹੁਣ ਲੋਕਾਂ ਘਰੇ ਵਧਾਈ ਲੈਣ ਜਾਂਦਾ ਹੈ ਤੇ ਮਾਹਲੇ ਤੋਂ ਚਿਲਮਣ ਬਣ ਚੁੱਕਿਆ ਹੈ। ਉਸ ਨੇ ਦਿਲ ਉੱਤੇ ਪੱਥਰ ਰੱਖ ਲਿਆ ਸੀ, ਪਰ ਅੱਜ ਇਕ ਪੁੱਤਰ ਨੂੰ ਆਪਣੇ ਦੂਜੇ ਪੁੱਤਰ ਦੀ ਵਧਾਈ ਮੰਗਦੇ ਦੇਖ, ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ।

-0-

No comments: