ਭੁਪਿੰਦਰ ਸਿੰਘ (ਪੀ.ਸੀ ਐਸ.)
ਇਕ ਕਮਰਾ ਕਹਿ ਲਓ ਜਾਂ ਨਿੱਕਾ ਘਰ।
ਉੱਥੇ ਹੀ ਸੱਸ-ਸਹੁਰਾ। ਉੱਥੇ ਹੀ ਵੱਡੀ ਨਣਦ। ਉੱਥੇ ਹੀ ਨਿੱਕਾ ਦਿਓਰ। ਤੇ ਇੱਕ ਪਾਸੇ ਪਤੀ-ਪਤਨੀ ਦੀਆਂ ਦੋ ਮੰਜੀਆਂ।
ਬਹੂ ਨੂੰ ਦੰਦਲਾਂ ਪੈਣ ਲੱਗੀਆਂ। ਪਲਾਂ ਵਿਚ ਹੀ ਹੱਥਾਂ ਪੈਰਾਂ ਵਿਚ ਹੋ ਜਾਇਆ ਕਰੇ। ਹੱਥਾਂ ਦੀਆਂ ਉਂਗਲਾਂ ਮੁਡ਼ ਜਾਇਆ ਕਰਨ। ਬੁੱਲ੍ਹਾਂ ਦਾ ਰੰਗ ਨੀਲਾ ਫਿਰ ਜਾਇਆ ਕਰੇ। ਹਕੀਮਾਂ ਦੀਆਂ ਦਵਾ-ਬੂਟੀਆਂ ਦੇਖੀਆਂ। ਡਾਕਟਰਾਂ ਦੇ ਟੀਕੇ ਵੀ ਲੁਆਏ, ਪਰ ਮੋਡ਼ ਕੋਈ ਨਾ।
ਕਿਸੇ ਨੇ ਇਕ ਫਕੀਰ ਦੀ ਦੱਸ ਪਾਈ। ਸੱਤ ਮੀਲ ਤੇ ਉਹਦਾ ਡੇਰਾ। ਪਤੀ ਨੇ ਸਾਈਕਲ ਦੇ ਹੈਂਡਲ ਉੱਤੇ ਉਹਨੂੰ ਬਠਾਇਆ ਤੇ ਪੈਡਲਾਂ ਨੂੰ ਦਾਬ ਦੇ ਦਿੱਤੀ। ਰਾਹ ਵਿਚ ਇਕ ਨਿੱਕਾ ਜਿਹਾ ਬਾਗ ਆਇਆ। ਹੈਂਡਲ ਚੁਭਣ ਦਾ ਬਹਾਨਾ ਲਾ ਕੇ ਪਤਨੀ ਉਤਰ ਗਈ। ਦੋਨੋਂ ਬੈਠ ਗਏ। ਰੱਜ ਕੇ ਗੱਲਾਂ ਕੀਤੀਆਂ। ਫੇਰ ਰੂਹਾਂ ਇਕ-ਮਿਕ ਹੋ ਗਈਆਂ। ਕੋਈ ਰੋਕਣ ਟੋਕਣ ਵਾਲਾ ਨਹੀਂ ਸੀ। ਜੋ ਮਨ ਆਇਆ ਕੀਤਾ।
“ਅੱਜ ਦੀ ਯਾਤਰਾ ਨਾਲ ਹੌਲੀ ਫੁਲ ਹੋ ਗਈ ਆਂ ਬਾਬਾ ਜੀ, ਜਿਵੇਂ ਰੋਗ ਈ ਕੋਈ ਨ੍ਹੀਂ ਰਿਹਾ ਹੁੰਦਾ।” ਡੇਰੇ ਪੁੱਜ ਕੇ ਉਸ ਆਖਿਆ।
“ਤਾਂ ਹਰ ਬੁੱਧਵਾਰ ਬੀਸ ਚੌਂਕੀਆਂ ਭਰੋ ਬੇਟੀ। ਦੁਆ-ਦਾਰੂ ਦੀ ਲੋਡ਼ ਨਹੀਂ। ਮਹਾਰਾਜ ਭਲੀ ਕਰੇਗਾ।”
-0-
No comments:
Post a Comment