ਹਰਨਾਮ ਸਿੰਘ
ਸੰਤਾਲੀ ਦੇ ਹਲਚਲੇ ਵੇਲੇ ਹਿੰਦੂ-ਸਿੱਖ ਲਾਮਬੰਦ ਹੋ, ਵੱਡੀ ਹਵੇਲੀ ਵਿਚ ਇਕੱਠੇ ਹੋ ਗਏ ਸਨ।
ਉਹਨਾਂ ਕੋਲ ਬਹੁਤ ਸਾਰੇ ਹਥਿਆਰ ਸਨ, ਪਰ ਫ਼ਸਾਦੀਆਂ ਨੇ ਹਵੇਲੀ ਨੂੰ ਘੇਰਿਆ ਹੋਇਆ ਸੀ। ਬਾਹਰ
ਪੁਲਿਸ ਵੀ ਸੀ, ਪਰ ਅੰਦਰਲਿਆਂ ਨੂੰ ਪੁਲਿਸ ਤੇ ਸ਼ੰਕਾ ਸੀ। ਥਾਣੇਦਾਰ ਵੀ ਮੁਸਲਮਾਨ ਸੀ ਤੇ ਸਾਰੇ ਸਿਪਾਹੀ ਵੀ।
ਥਾਣੇਦਾਰ ਅਲੀ ਮੁਹੰਮਦ ਚਾਹੁੰਦਾ ਸੀ ਕਿ ਹਵੇਲੀ ਅੰਦਰਲੇ ਸਾਰੇ ਹਥਿਆਰ ਪੁਲਿਸ ਕੋਲ ਜਮਾ ਕਰਵਾ
ਦਿੱਤੇ ਜਾਣ। ਹਵੇਲੀ ਅੰਦਰਲਿਆਂ ਦਾ ਮੁਖੀ ਚਾਹੁੰਦਾ ਸੀ ਕਿ ਪਹਿਲਾਂ ਫ਼ਸਾਦੀਆਂ ਨੂੰ ਭਜਾਇਆ ਜਾਵੇ।
ਥਾਣੇਦਾਰ ਨੇ ਗੱਲਬਾਤ ਦੇ ਬਹਾਨੇ ਉਹਨਾਂ ਦੇ ਮੁਖੀ ਨੂੰ ਬਾਹਰ ਬੁਲਾਇਆ ਤੇ ਫਿਰ ਧੋਖੇ ਨਾਲ ਗੋਲੀ
ਮਾਰ ਕੇ ਮਾਰ ਦਿੱਤਾ।
ਗੋਲੀ ਚੱਲਣ ਦੀ ਆਵਾਜ਼ ਤੇ ਮੁਖੀ ਦੀ ਚੀਕ ਸੁਣ ਕੇ ਹਵੇਲੀ ਅੰਦਰ ਘਿਰੇ ਲੋਕ ਰੋਹ ਵਿਚ ਆ ਗਏ।
ਉਹਨਾਂ ਵੱਲੋਂ ਜਬਰਦਸਤ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਗੋਲੀਆਂ ਤੇਂ ਡਰਦੀ ਪੁਲਿਸ ਤੇ ਫ਼ਸਾਦੀ
ਖਿੰਡ-ਪੁੰਡ ਗਏ।
ਉਦੋਂ ਹੀ ਮਿਲਟਰੀ ਦੀਆਂ ਦੋ ਜੀਪਾਂ ਉੱਥੇ ਆਣ ਧਮਕੀਆਂ। ਅੰਗਰੇਜ਼ ਕਪਤਾਨ ਨੇ ਜਾਇਜ਼ਾ ਲਿਆ ਤੇ ਹਵੇਲੀ ਦਾ ਦਰਵਾਜ਼ਾ ਖੁਲ੍ਹਵਾਇਆ। ਅੰਦਰ ਦੀ ਪੰਚਾਇਤ ਨੇ ਅਰਜ਼ ਕੀਤੀ, “ਸਾਨੂੰ ਸੁਰੱਖਿਅਤ ਬਾਹਰ ਕੱਢੋ ਸਾਹਬ!”
ਕਪਤਾਨ ਨੇ ਕਿਹਾ, “ਚੱਲੋ, ਕਾਫ਼ਲਾ ਬਣਾ ਕੇ ਚਲੋ।”
ਪਰ ਡਰੇ ਹੋਏ ਲੋਕ ਬੋਲੇ, “ਸਾਹਬ, ਕਾਫ਼ਲੇ ਨੂੰ ਤਾਂ ਬਲਵਈ ਬਚਕੇ ਨਹੀਂ
ਜਾਣ ਦੇਣਗੇ। ਇੱਥੋਂ ਦੀ ਪੁਲਸ ਉਨ੍ਹਾਂ ਦੀ ਪੁਸ਼ਤ ’ਤੇ ਹੈ। ਪੁਲਸ ਨੇ ਸਾਡਾ ਮੁਖੀਆ ਮਾਰ ਦਿੱਤਾ।
ਸਾਡੇ ਲਈ ਮਿਲਟਰੀ ਟਰੱਕ ਮੰਗਵਾਓ।”
ਪਰ ਅੰਗ੍ਰੇਜ਼ ਕਪਤਾਨ ਇਸ ਲਈ ਤਿਆਰ ਨਹੀਂ ਸੀ। ਮਿੰਨਤਾਂ-ਤਰਲੇ
ਸਭ ਵਿਅਰਥ ਗਏ। ਕੁਝ ਚਲਦੇ-ਪੁਰਜ਼ੇ ਬੰਦਿਆਂ ਸਕੀਮ ਲੜਾਈ। ਸਰਦੇ-ਪੁੱਜਦੇ ਪਰਿਵਾਰਾਂ ਕੁਝ ਟੂਮ-ਛੱਲਾ
ਇਕੱਠਾ ਕਰ, ਅੱਛੋਪਲੇ ਪੋਟਲੀ ਕਪਤਾਨ ਦੇ ਹਵਾਲੇ ਕਰ ਦਿੱਤੀ। ਜੁਗਾੜ ਕੰਮ ਆ ਗਿਆ। ਮਿਲਟਰੀ ਟਰੱਕ
ਮੰਗਵਾ ਲਏ ਗਏ ਤੇ ਅਸਬਾਬ ਸਮੇਤ ਲੋਕਾਂ ਨੂੰ ਸਰਗੋਧੇ ਦੇ ਕੈਂਪ ਵੱਲ ਰਵਾਨਾ ਕਰ ਦਿੱਤਾ ਗਿਆ।
-0-
No comments:
Post a Comment