-moz-user-select:none; -webkit-user-select:none; -khtml-user-select:none; -ms-user-select:none; user-select:none;

Sunday, May 24, 2015

ਆਪੋ ਆਪਣਾ ਮੋਹ



 ਜਗਦੀਸ਼ ਰਾਏ ਕੁਲਰੀਆ


            ਸ਼ਹਿਰ ਜਾਣ ਲਈ ਸਾਰਾ ਟੱਬਰ ਰਾਜ਼ੀ ਸੀ, ਪਰ ਬੁਜ਼ਰਗ ਮਾਤਾ ਅੜ ਕੇ ਬੈਠੀ ਹੋਈ ਸੀ ਕਿ ਉਹ ਪਿੰਡ ਛੱਡ ਕੇ ਨਹੀਂ ਜਾਵੇਗੀ
               "
ਵੇ ਪੁੱਤ ਰਹਿਣ ਦੇ ਵੇ ਸ਼ਹਿਰ ਜਾਣ ਨੂੰ.. ਏਥੇ ਹੀ ਰਹੋ..ਸਾਰਾ ਗਲੀ ਗੁਆਂਢ ਆਪਣਾ..ਸਾਰੇ ਦੁੱਖ ਸੁੱਖ ਦੇ ਸੀਰੀ ਨੇ..ਸ਼ਹਿਰ ਤਾਂ ਕੋਈ ਸਿੱਧੇ ਮੂੰਹ ਗੱਲ ਨੀਂ ਕਰਦਾ ਕਿਸੇ ਨਾਲ..ਮੇਰੀ ਬੁੱਢੀ ਵਾਰੀ ਦਾ ਉਈਂ ਮਰਨ ਹੋਜੂ..ਕਿਓ ਬੁਢਾਪਾ ਰੋਲਦੇ ਮੇਰਾ..ਸਾਰੀ ਉਮਰ ਤਾਂ ਮੈਂ ਇੱਥੇ ਕੱਢ ਲੀ..ਹੁਣ ਤਾਂ ਸਿਵਿਆ ' ਲੱਤਾਂ ਨੇ.." ਮਾਤਾ ਨੇ ਤਰਲਾ ਜਿਹਾ ਪਾਇਆ ਸੀ
                "
ਬੇਬੇ ਅਸੀਂ ਤਾਂ ਪੱਕਾ ਫੈਸਲਾ ਕਰ ਲਿਆ ਕਿ ਸ਼ਹਿਰ ਜਾ ਕੇ ਹੀ ਰਹਾਂਗੇ..ਏਨੇ ਪੈਸੇ ਲਾ ਕੇ ਰੀਝ ਨਾਲ ਕੋਠੀ ਤਿਆਰ ਕੀਤੀ ..ਜਦ ਅਸੀਂ ਤੇਰੇ ਨਾਲ ਆਂ ..ਫੇਰ ਤੈਨੂੰ ਕਾਹਦੀ ਫ਼ਿਕਰ .. ਚਲ ਹੁਣ ਨੰਨਾ ਨਾ ਪਾ..ਅਸੀਂ ਆਪਣੇ ਬੱਚਿਆਂ ਦਾ ਫਿਊਚਰ ਵੀ ਤਾਂ ਦੇਖਣੇ.." ਬੇਟੇ ਨੇ ਥੋੜੀ ਸਖਤੀ ਨਾਲ ਗੱਲ ਕੀਤੀ
                 "
ਦੇਖ ਬੇਟਾ ..ਮੇਰਾ ਭੋਰਾ ਜਾਣ ਦਾ ਮਨ ਨੀਂਤੁਸੀਂ ਤਾਂ ਸਾਰਾ ਜਣੇ ਆਪੋ ਆਪਣੇ ਕੰਮ ਧੰਦਿਆ ਤੇ ਚਲੇ ਜਾਇਆ ਕਰੋਗੇ, ਬਹੂ ਸਕੂਲ ਪੜਾਉਣ..ਮੈਂ ਦੱਸ 'ਕੱਲੀ ਜਣੀ ਕੀ ਕੰਧਾਂ ਨਾਲ ਟੱਕਰਾਂ ਮਾਰਿਆ ਕਰੂੰਗੀ..ਐਡਾ ਵੱਡਾ ਘਰ ਮੈਨੂੰ ਤਾਂ ਊਈਂ ਵੱਡ ਵੱਡ ਖਾਊ.." ਮਾਤਾ ਦਾ ਬੋਲਦੀ ਦਾ ਗੱਚ ਭਰ ਆਇਆ
                  "
ਮਾਂ ਜੀ, ਅਸੀਂ ਤਾਂ ਜਾਣ ਦਾ ਪੱਕਾ ਫੈਸਲਾ ਕਰ ਲਿਐ..ਛੋਟੇ ਦੀ ਅਡਮੀਸ਼ਨ ਵੀ ਨੇੜੇ ਸਕੂਲ ਕਰਵਾ ਦਿੱਤੀ ..ਮੈਨੂੰ ਤਾਂ ਪਤਾ ਨੀਂ ਤੂਸੀਂ  ਜ਼ਿੱਦ ਕਿਉ ਫੜ ਰੱਖੀ " ਹੁਣ ਉਸ ਦੀ ਨੂੰਹ ਬੋਲੀ ਸੀ
                  "
ਜਾਓ ਭਾਈ..ਜੀ ਸਦਕੇ ਜਾਓ..ਮੈਂ ਕੇਹੜਾ ਰੋਕਦੀ ਆਂ..ਅਜੇ ਤਾਂ ਨੈਣ ਪ੍ਰਾਣ ਚਲਦੇ ਨੇ ਮੇਰੇ..ਆਪਣੇ ਦੋ ਫੁਲਕੇ ਮੈਂ ਆਪੇ ਲਾਹ ਲਿਆ ਕਰੂੰ..ਮੈਂ ਤਾਂ ਇੱਥੇ ਹੀ ਰਹੂੰ.." ਹੁਣ ਬੇਬੇ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਸੀ
                  "
ਚੰਗਾ ਬੇਬੇ ਜਿਵੇ ਤੇਰੀ ਮਰਜ਼ੀ"….. " ਇੰਨਾਂ ਕਹਿੰਦਿਆ ਉਹ ਦੋਵੇਂ ਕਮਰੇ ਅੰਦਰ ਚਲੇ ਗਏ
                  "
ਦੇਖੋ ਜੀ..ਮੈਂ ਥੋਨੂੰ ਕਿਹਾ ਸੀ ਨਾ ਕਿ ਮਾਂ ਨੀਂ ਜਾਂਦੀ ਆਪਣੇ ਨਾਲ..ਜਿੰਨਾ ਮਰਜ਼ੀ ਜ਼ੋਰ ਲਾ ਲਈਓ….. "
                  "
ਮੈਨੂੰ ਵੀ ਪਤਾ ਸੀ ਭਾਗਵਾਨੇ! ਆਪਾਂ ਕੇਹੜਾ ਨਾਲ ਲਿਜਾਣ ਲੱਗੇ ..ਐਂ ਥੋੜਾ ਬਹੁਤ ਤਾਂ ਕਹਿਣਾ ਪੈਂਦੇ..ਸ਼ਹਿਰ ਲਿਜਾ ਕੇ ਖਰਚਾ ਥੋੜਾ ਵਧਾਉਣੈ..." ਇੰਨਾਂ ਕਹਿੰਦਿਆ  ਪਤੀ ਪਤਨੀ ਨੇ ਇੱਕ  ਦੂਜੇ ਵੱਲ ਤੱਕਿਆ ਤੇ ਮਿੰਨ੍ਹਾ-ਮਿੰਨ੍ਹਾ ਮੁਸਕਰਾ ਪਏ

                                                    -0-

No comments: