ਅਨਵੰਤ ਕੌਰ
ਰਾਜੂ ਸ਼ਰਮੇ ਦਾ ਸਹੁਰਾ ਪਿੰਡ
ਨਦੀਓਂ ਪਾਰ ਸੀ। ਪਿੰਡ ਵਿਚ ਬਹੁਤੇ ਘਰ ਬ੍ਰਾਹਮਣਾਂ ਦੇ ਸਨ। ਗਊ-ਗਰੀਬ ਦੀ ਰੱਖਿਆ ਕਰਨੀ ਉਹ ਆਪਣਾ
ਪਹਿਲਾਂ ਧਰਮ ਮੰਨਦੇ ਸਨ। ਰਾਜੂ ਸ਼ਰਮਾ ਉਸ ਪਿੰਡ ਦੇ ਇਕ ਸਨਮਾਨਯੋਗ ਪ੍ਰੋਹਿਤ ਦਾ ਜੁਆਈ ਸੀ। ਪਿੰਡ
ਵਿਚ ਉਸਦੀ ਬਹੁਤ ਇੱਜ਼ਤ ਸੀ। ਇਕ ਦਿਨ ਲੋਕਾਂ ਨੇ ਵੇਖਿਆ ਕਿ ਰਾਜੂ ਚਿੱਕੜ ਵਿਚ ਲੱਥ ਪੱਥ ਹੋਈ ਗਊ ਨੂੰ ਹਿਕ ਕੇ ਨਦੀ ਵਿੱਚੋਂ ਬਾਹਰ ਕੱਢ ਰਿਹਾ ਹੈ। ਭੀੜ ਇਕੱਠੀ ਹੋ ਗਈ। ਭੀੜ ਨੂੰ ਵੇਖ ਕੇ ਸਾਹੋ ਸਾਹ
ਹੋਇਆ ਰਾਜੂ ਦੱਸਣ ਲੱਗਾ—
“ਗਊ ਮਾਤਾ ਚਿੱਕੜ ਵਿਚ ਬੁਰੀ ਤਰ੍ਹਾਂ ਫਸੀ ਹੋਈ ਸੀ। ਮੈਂ ਵੇਖਿਆ ਤਾਂ ਮੈਥੋਂ ਸਹਿਣ ਨਾ
ਹੋਇਆ। ਜਾਨ ਜੋਖੋਂ ਵਿਚ ਪਾ ਕੇ ਇਸ ਨੂੰ ਬਚਾਅ ਕੇ ਲਿਆਇਆ ਹਾਂ। ਜੇ ਮੈਂ ਨਾ ਵੇਖਦਾ ਤਾਂ ਇਸ ਦਾ
ਬਚਣਾ ਮੁਸ਼ਕਲ ਸੀ।”
ਪਿੰਡ ਵਾਸੀ ਉਸ ਦੇ ਇਸ ਪਰਉਪਕਾਰੀ ਕੰਮ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਸਾਰਿਆਂ ਨੇ ਉਸ ਦੀ ਜੈ-ਜੈ ਕਾਰ ਕੀਤੀ। ਉਸ ਦੇ ਲਿੱਬੜੇ ਕਪੜਿਆਂ ਦੀ ਪਰਵਾਹ ਕੀਤੇ ਬਗੈਰ ਉਸ ਨੂੰ ਜੱਫੀਆਂ ਪਾ ਲਈਆਂ। ਜਲੂਸ ਦੀ ਸ਼ਕਲ ਵਿਚ ਰਾਜੂ ਨੂੰ ਉਸ ਦੇ ਸਹੁਰੇ ਘਰ ਲਿਆਂਦਾ ਗਿਆ। ਘਰ ਵਾਲਿਆਂ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਬਹੁਤ ਖੁਸ਼ ਹੋਏ। ਉਹ ਦੇ ਚਿੱਕੜ-ਚਿਕੜ ਹੋਏ ਕਪੜਿਆਂ ਨੂੰ ਵੇਖ ਕੇ ਉਸ ਦੀ ਘਰਵਾਲੀ ਕਹਿਣ ਲੱਗੀ, “ਪਹਿਲਾਂ ਹੱਥ-ਮੂੰਹ ਧੋ ਕੇ, ਗੰਦੇ ਕਪੜੇ ਬਦਲ ਲਓ।”
“ਕਪੜਿਆਂ ਦਾ ਕੀ ਹੈ? ਧੋ ਕੇ ਸਾਫ ਹੋ ਜਾਣਗੇ।
ਭਗਵਾਨ ਦਾ ਸ਼ੁਕਰ ਕਰੋ ਗਊ ਮਾਤਾ ਦੀ ਜਾਨ ਬਚ ਗਈ।”
ਪਤਨੀ ਉਸ ਨੂੰ ਬਾਹੋਂ ਫੜ ਕੇ ਘਰ ਦੇ ਅੰਦਰ ਲੈ ਗਈ, “ਫੰਡਰ ਗਊ ਸੀ। ਮਰ ਜਾਂਦੀ ਤਾਂ ਅਸਮਾਨ
ਟੁੱਟ ਪੈਣਾ ਸੀ। ਤੁਹਾਨੂੰ ਇਸ ਮੁਸੀਬਤ ’ਚ ਪੈਣ ਦੀ ਕੀ ਲੋੜ ਸੀ?”
ਰਾਜੂ ਹੱਸਦਾ ਹੋਇਆ ਲੋਟ-ਪੋਟ ਹੋ ਗਿਆ ਤੇ ਬੋਲਿਆ, “ਝੱਲੀਏ! ਗਊ ਨੂੰ ਬਚਾਣ ਦੀ ਕਹਾਣੀ ਘੜਨੀ
ਤਾਂ ਮੇਰੀ ਸਿਆਸਤ ਹੈ। ਅਸਲ ਵਿਚ ਮੈਂ ਇਧਰ ਆਉਣਾ ਸੀ। ਨਦੀ ਤੇ ਆਇਆ ਤਾਂ ਵੇਖਿਆ ਕਿ ਕੋਈ ਬੇੜੀ
ਨਹੀਂ ਹੈ। ਨਦੀ ਵਿਚ ਪਾਣੀ ਬਹੁਤ ਘੱਟ ਸੀ। ਗਿੱਟੇ-ਗਿੱਟੇ ਪਾਣੀ ਵੇਖ ਕੇ ਮੈਂ ਤੁਰ ਕੇ ਹੀ ਮਦੀ
ਪਾਰ ਕਰਨ ਲੱਗ ਪਿਆ। ਵਿਚਕਾਰ ਪਹੁੰਚਿਆ ਤਾਂ ਖੋਭਾ ਹੀ ਖੋਭਾ। ਚਿੱਕੜ ਵਿਚ ਧਸਦਾ ਜਾਵਾਂ। ਨਾ ਅੱਗੇ
ਜਾਣ ਜੋਗਾ ਰਿਹਾ, ਨਾ ਪਿੱਛੇ ਮੁੜਨ ਜੋਗਾ। ਅਚਾਨਕ ਮੇਰੀ ਨਜ਼ਰ ਗਊ ਤੇ ਗਈ। ਸੋਚਿਆ ਇਹ ਜ਼ਰੂਰ
ਚਿੱਕੜ ਵਿੱਚੋਂ ਲੰਘ ਜਾਵੇਗੀ। ਸੋ ਮੈਂ ਗਊ ਦੀ ਪੂੰਛ ਫੜ ਲਈ ਤੇ ਉਸ ਨੂੰ ਬਾਹਰ ਵੱਲ
ਧੱਕਦਾ-ਧਕਾਂਦਾ ਕਿਨਾਰੇ ਤੱਕ ਪੁੱਜ ਹੀ ਗਿਆ। ਗਊ ਨਾ ਹੁੰਦੀ ਤਾਂ ਮੈਂ ਚਿੱਕੜ ਵਿਚ ਹੀ ਦਬ ਕੇ ਰਹਿ
ਜਾਣਾ ਸੀ।
ਪਤਨੀ ਉਸ ਨੂੰ ਸਾਫ਼ ਕਪੜੇ ਦੇ, ਆਪ ਹੱਥ ਜੋੜ ਕੇ— ‘ਜੈ ਗਊ ਮਾਤਾ ਦੀ’ ਕਹਿੰਦੀ ਭੀੜ ਵਿਚ ਜਾ
ਰਲੀ।
-0-
No comments:
Post a Comment