ਸੁਲੱਖਣ
ਸਿੰਘ ਮੀਤ
ਦਿਨ ਢਲ ਰਿਹਾ ਸੀ। ਪਟਿਆਲੇ ਜਾਣ ਵਾਲੀ ਬੱਸ ਭਵਾਨੀਗੜ੍ਹ ਦੇ ਅੱਡੇ ਉੱਤੇ ਰੁਕੀ। ਦਾਤਣਾਂ ਵੇਚਣ ਵਾਲੀ ਮੁਟਿਆਰ
ਜਿਹੀ ਕੁੜੀ ਨੇ ਕੰਡਕਟਰ ਦੀ ਤਾਕੀ ਕੋਲ ਪੁਜਦਿਆਂ, ਗਲ ਵਾਲੀ ਮੈਲ੍ਹੀ ਜਿਹੀ ਚੁੰਨੀ ਉੱਭਰ ਰਹੀ ਛਾਤੀ
ਉੱਤੇ ਕਰਦਿਆਂ ਕਿਹਾ, “ਦਾਤਣ ਲੈ ਜੋ ਬਾਊ ਜੀ।”
ਕੰਡਕਟਰ ਨੇ ਉਸ ਕੁੜੀ ਤੋਂ, ਉਸੇ ਕੁੜੀ ਵਰਗੀ ਪਤਲੀ, ਮੁਲਾਇਮ ਅਤੇ ਸਾਫ ਜਿਹੀ ਦਾਤਣ ਫੜ ਲਈ। ਫਿਰ ਕੰਡਕਟਰ ਨੇ ਅੰਤਲਾ ਹੋਕਾ ਦਿੱਤਾ—“ਪਟਿਆਲਾ-ਪਾਤੜਾਂ-ਚੰਡੀਗੜ੍ਹ ਭਾ…।”
ਉਸ ਕੁੜੀ ਨੇ ਕੰਡਕਟਰ ਦਾ ਹੋਕਾ ਕੱਟਦਿਆਂ ਕਿਹਾ, “ਪੈਸੇ ਬਾਊ ਜੀ।”
“ਕੀ ਕਰਨੇ ਨੇ ਪੈਸੇ ਤੂੰ? ਆ ਜਾ ਝੂਟਾ ਦੇਊਂਗਾ।” ਕੰਡਕਟਰ ਨੇ ਆਲਾ ਦੁਆਲਾ ਦੇਖਦਿਆਂ ਸੋਨੇ ਦਾ ਦੰਦ ਲਿਸ਼ਕਾਉਂਦਿਆਂ ਕੁੜੀ ਵੱਲ ਸ਼ਰਾਰਤੀ ਨਜ਼ਰਾਂ ਨਾਲ ਦੇਖਦਿਆਂ ਕਿਹਾ।
“ਕਿਹੜਾ ਝੂਟਾ?” ਉਸ ਕੁੜੀ ਨੇ ਚੁੰਨੀ ਠੀਕ ਕਰ ਕੇ ਸਿਰ ਤੇ ਲੈਂਦਿਆਂ ਪੁੱਛਿਆ।
“ਜਿਹੜਾ ਮਰਜ਼ੀ ਲੈ ਲੀਂ।” ਕੰਡਕਟਰ ਦਾ ਹੱਥ ਉੱਠਿਆ ਤਾਂ ਉਸ ਦਾ ਸੋਨੇ ਦਾ ਕੜਾ ਅਤੇ ਮੁੰਦਰੀ ਡੁੱਬਦੇ ਸੂਰਜ ਦੀ ਲੋਅ ਨਾਲ ਹੋਰ ਵੀ
ਚਮਕ ਉੱਠੇ। ਉਸ ਨੂੰ ਹੁਣ ਵੀ ਕੋਈ ਨਹੀਂ ਸੀ ਦੇਖ ਸੁਣ ਰਿਹਾ। ਉਸ ਦੀਆਂ ਅੱਖਾਂ ਵਿਚ ਫਿਰ ਪਹਿਲਾਂ
ਵਾਲੀ ਹੀ ਸ਼ਰਾਰਤ ਸੀ।
“ਝੂਟੇ ਦੇਈਂ ਆਪਣੀ ਮਾਂ-ਭੈਣ ਨੂੰ।” ਕਹਿ ਕੇ ਉਹ ਕੁੜੀ ਕੰਡਕਟਰ ਹੱਥੋਂ ਦਾਤਣ ਖੋਹ ਕੇ ਅਗਲੀ ਬੱਸ ਦੇ ਕੰਡਕਟਰ ਦੀ ਬਾਰੀ ਨਾਲ
ਜਾ ਲੱਗੀ।
-0-
No comments:
Post a Comment