-moz-user-select:none; -webkit-user-select:none; -khtml-user-select:none; -ms-user-select:none; user-select:none;

Saturday, July 28, 2012

ਚੇਤਨਾ


ਬਲਜਿੰਦਰ ਕੋਟਭਾਰਾ

ਲਗਾਤਾਰ ਚਾਰ ਦਿਨਾਂ ਦੇ ਮੀਂਹ ਤੋਂ ਮਗਰੋਂ ਸਕੂਲ ਦੇ ਕਮਰਿਆਂ ਦੀਆਂ ਨਾਜੁਕ ਛੱਤਾਂ ਹੋਰ ਮੀਂਹ ਨਾ ਸਹਾਰਦੀਆਂ ਡਿੱਗ ਪਈਆਂ। ਪਰ ਪੇਪਰਾਂ ਤੋਂ ਬਾਦ ਛੁੱਟੀ ਹੋਣ ਕਰਕੇ ਬੱਚੇ ਬਚ ਗਏ। ਚਪੜਾਸੀ ਦੇ ਕੁਝ ਸੱਟਾਂ ਲੱਗੀਆਂ। ਸ਼ਾਮ ਨੂੰ ਜ਼ੋਰਦਾਰ ਮੀਂਹ ਨਾਲ ਸਕੂਲ ਵਿਚ ਪਾਣੀ ਖੜ੍ਹ ਗਿਆ ਅਤੇ ਚਾਰ ਦਿਵਾਰੀ ਦਾ ਕੁਝ ਹਿੱਸਾ ਵੀ ਡਿੱਗ ਪਿਆ। ਕਈ ਦਿਨਾਂ ਲਈ ਸਕੂਲ ਵਿਚ ਛੁੱਟੀ ਕਰਨੀ ਪਈ।
ਮਾਪੇ-ਅਧਿਆਪਕ ਸੰਸਥਾ ਦੇ ਪ੍ਰਧਾਨ ਨੇ ਹੰਭਲਾ ਮਾਰ ਕੇ ਮਿੱਟੀ ਪਾਉਣ ਲਈ ਟਰੈਕਟਰ-ਟਰਾਲੀਆਂ ਅਤੇ ਆਦਮੀ ਇੱਕਠੇ ਕਰ ਲਏ। ਮਿੱਥੇ ਸਮੇਂ ਸੱਥ ਵਿਚ ਇੱਕਠੇ ਹੋਏ, ਉਹ ਸਕੂਲ ਜਾਣ ਲਈ ਟਰਾਲੀ ਵਿਚ ਚੜ੍ਹੇ ਹੀ ਸਨ ਕਿ ਗੁਰਦੁਆਰਿਓਂ ਭਾਈ ਦੀ ਆਵਾਜ਼ ਆਈ, ਭਾਈ, ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੀਂਹ ਕਾਰਨ ਬਾਬੇ ਦੇ ਭੋਰੇ ’ਚ ਪਾਣੀ ਭਰ ਗਿਆ, ਨਾਲੇ ਦਰਬਾਰ ਸਾਹਿਬ ’ਤੇ ਸਾਡੇ ਪੰਜ ਲੱਖ ਲਾਉਣ ਦਾ ਕੀ ਫਾਇਦਾ ਹੈ ਜੇ ਕੰਧਾਂ ਨਾਲ ਮਿੱਟੀ ਨਾ ਲਾਈ ਗਈ। ਸੋ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰੀ ਕੰਮ ਛੱਡ ਕੇ ਗੁਰੂ-ਘਰ ਪਹੁੰਚੋ।ਬਾਬੇ ਦੀ ਆਵਾਜ਼ ਵਿਚ ਬੇਨਤੀ ਘੱਟ, ਰੋਹਬ ਜ਼ਿਆਦਾ ਸੀ।
ਸਕੂਲ ਨੂੰ ਜਾਣ ਵਾਲਿਆਂ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਕਿਸੇ ਨੇ ਵਿੱਚੋਂ ਕਹਿ ਦਿੱਤਾ, ਭਾਈ, ਸਕੂਲ ਭੱਜਿਆ ਨਹੀਂ ਜਾਂਦਾ, ਗੁਰੂ-ਘਰ ਦੀ ਹਾਲਤ ਸਾਂਭੋ। ਤਾਂ ਸਭ ਗੁਰਦੁਆਰੇ ਵੱਲ ਭੱਜ ਗਏ।
ਪ੍ਰਧਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੇ ਸਰਪੰਚ ਨੂੰ ਕਿਹਾ, ਸਰਪੰਚਾ, ਤੂੰ ਹੀ ਸਮਝਾ ਇਨ੍ਹਾਂ ਨੂੰ। ਕੱਲ ਨੂੰ ਗੁਰੂ-ਘਰ ਆ ਜਾਵਾਂਗੇ।
ਪ੍ਰਧਾਨ ਜੀ, ਮੈਂ ਕੀ ਕਰਾਂ। ਸਾਲੀ ਵੋਟਾਂ ਦੀ ਰਾਜਨੀਤੀ ਏ, ਕੱਲ੍ਹ ਨੂੰ ਵਿਰੋਧੀ ਤਵਾ ਲਾਉਣਗੇ, ਸਰਪੰਚ ਨੇ ਧਾਰਮਿਕ ਕੰਮਾਂ ’ਚ ਦਖਲ-ਅੰਦਾਜੀ ਕੀਤੀ ਸੀ। ਨਾਲੇ ਆਪਣੇ ਜੁਆਕ ਤਾਂ ਸ਼ਹਿਰ ਕੋਨਮੈਂਟ ਸਕੂਲ ’ਚ ਪੜ੍ਹਦੇ ਨੇ…।ਸਰਪੰਚ ਨੇ ਕਿਹਾ ਤੇ ਉਹ ਵੀ ਗੁਰਦੁਆਰੇ ਵੱਲ ਹੋ ਤੁਰਿਆ।
ਪ੍ਰਧਾਨ ਖੇਤ ਵਿਚ ਗੱਡੇ ਡਰਨੇ ਵਾਂਗ ਇੱਕਲਾ ਖੜਾ ਸੋਚ ਰਿਹਾ ਸੀ, ਇੱਕ ਪਾਸੇ ਸਾਢੇ-ਪੰਜ ਲੱਖ ਦਾ ਦਰਬਾਰ ਸਾਹਿਬ ਤੇ ਦੂਜੇ ਪਾਸੇ ਬਿਨਾਂ ਛੱਤਾਂ ਤੋਂ ਸਕੂਲ। ਉਹ ਵਾਪਸ ਮੁੜਨ ਲੱਗਿਆ, ਪਰੰਤੂ ਪਤਾ ਨੀ ਕੀ ਸੋਚਕੇ ਉਹਦੇ ਕਦਮ ਸਕੂਲ ਵੱਲ ਨੂੰ ਹੋ ਤੁਰੇ।
                                         -0-


No comments: