ਡਾ. ਹਰਨੇਕ ਸਿੰਘ ਕੈਲੇ
ਉਂਜ ਤਾਂ
ਉਹ ਪਹਿਲਾਂ ਵੀ ਸਕੂਲ ਘੱਟ ਹੀ ਜਾਂਦਾ ਸੀ, ਪਰ ਹੁਣ ਤਾਂ ਕਦੇ ਵੀ ਨਹੀਂ ਸੀ ਜਾਂਦਾ ਅਤੇ ਪਹਿਲੀ
ਤਾਰੀਖ਼ ਨੂੰ ਬੀ.ਪੀ.ਈ.ਓ. ਦਫ਼ਤਰੋਂ ਤਨਖ਼ਾਹ ਲੈ ਆਉਂਦਾ ਸੀ।
ਉਸ ਦੀ
ਥਾਂ ਇਕ ਭੈਣ ਜੀ ਸਕੂਲ ਆਉਣ ਲੱਗ ਪਈ ਸੀ। ਬੱਚੇ ਖੁਸ਼ ਸਨ। “ਮਾਸਟਰ ਤਾਂ
ਪੜ੍ਹਾਉਣ ਆਉਂਦਾ ਈ ਨ੍ਹੀ ਸੀ। ਆਹ ਭੈਣ ਜੀ ਵਧੀਆ ਪੜ੍ਹਾਉਂਦੀ ਆ। ਨਾਲੇ ਆਪਾਂ ਨੂੰ ਪਿਆਰ ਕਿੰਨਾ
ਕਰਦੀ ਆ।” ਉਹ ਇਕ
ਦੂਜੇ ਨੂੰ ਆਖਦੇ।
ਬਹੁਤ
ਦਿਨਾਂ ਮਗਰੋਂ ਅੱਜ ਮੈਨੂੰ ਉਹ ਸਾਈਕਲ ’ਤੇ ਆਉਂਦਾ ਮਿਲ ਪਿਆ। “ਕਿੱਥੇ ਰਹਿਨੈਂ
ਅੱਜ ਕਲ੍ਹ? ਕਿਤੇ ਦਿਸਿਆ ਈ ਨ੍ਹੀ।” ਮੈਂ ਉਸ ਨੂੰ ਸਵਾਲ
ਕੀਤਾ।
“ਮੇਰਾ
ਗੁਆਂਢੀ ਨਿੱਤ ਤਰਲੇ ਕਰਦਾ ਸੀ। ਅਖੇ, ‘ਕੁੜੀ ਨੇ ਬੀ.ਐੱਡ. ਕੀਤੀ ਆ। ਕਿਤੇ ਨੌਕਰੀ ਨ੍ਹੀ ਮਿਲਦੀ।
ਤੂੰ ਹੀ ਕਿਤੇ ਲਵਾਦੇ।’ ਮੈਨੂੰ ਤਰਸ ਆ ਗਿਆ। ਮੈਂ ਕੁੜੀ ਨੂੰ ਆਪਣੇ ਥਾਂ ਸਕੂਲ ਭੇਜ ਦਿੰਨਾਂ ਤੇ
ਪੰਜ ਸੌ ਰੁਪਈਆ ਮਹੀਨਾ ਦਈ ਜਾਨਾਂ। ਆਪ ਮੈਂ ਮੁਰਗੀਖਾਨਾ ਖੋਲ੍ਹ ਲਿਐ।”
ਉਸ ਦਾ
ਜਵਾਬ ਸੁਣ ਕੇ ਮੈਂ ਡੌਰ ਭੌਰ ਹੋ ਗਿਆ।
-0-
No comments:
Post a Comment