-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 2, 2012

ਮੰਦਰ


ਜਸਬੀਰ ਬੇਦਰਦ ਲੰਗੇਰੀ

ਸੁਰਿੰਦਰ ਨੇ ਕੋਠੀ ਤਿਆਰ ਕਰਨ ਤੋਂ ਪਹਿਲਾਂ ਆਪਣੇ ਆਰਚੀਟੈਕਟ ਦੋਸਤ ਵਿਜੇ ਕੁਮਾਰ ਨੂੰ ਘਰ ਸੱਦਿਆ ਤੇ ਕਿਹਾ, ਯਾਰ ਵਿਜੇ, ਕੋਠੀ ਬਣਾਉਣੀ ਐ, ਕੋਈ ਚੰਗਾ ਜਿਹਾ ਨਕਸ਼ਾ ਬਣਾਕੇ ਦੇ ਅਤੇ ਨਾਲੇ ਮੈਨੂੰ ਸਮਝਾ ਵੀ ਦੇ।
ਭਾਅ ਜੀ, ਮੇਰੇ ਕੋਲ ਕਈ ਨਕਸ਼ੇ ਪਏ ਨੇ, ਪਰ ਆਹ ਵੇਖੋ, ਇਹ ਨਵਾਂ ਤਿਆਰ ਕੀਤੈ, ਸਾਰਾ ਕੁਝ ਆਪੋ ਆਪਣੀ ਜਗ੍ਹਾ ਪੂਰੀ ਤਰ੍ਹਾਂ ਫਿੱਟ ਐ, ਪਰ ਇਹਦੇ ’ਚ ਇਕ ਚੀਜ ਵਾਧੂ ਐ, ਤੁਹਾਡੇ ਕੰਮ ਦੀ ਨਹੀਂ, ਆਹ ਛੋਟਾ ਜਿਹਾ ਪੂਜਾ ਵਾਲਾ ਕਮਰਾ, ਤੁਸੀਂ ਤਾਂ ਹੋਏ ਤਰਕਸ਼ੀਲ।ਵਿਜੇ ਨੇ ਇੱਕ ਕਾਗਜ਼ ਤੇ ਬਣਾਏ ਹੋਏ ਨਕਸ਼ੇ ਨੂੰ ਵਿਖਾਉਂਦਿਆਂ ਕਿਹਾ।
ਨਹੀਂ ਭਾਈ ਸਾਬ, ਇਹ ਤਾਂ ਬਹੁਤ ਜ਼ਰੂਰੀ ਐ, ਇਹ ਤਾਂ ਇਕ ਸਾਈਡ ਤੇ ਐ, ਨਾਲੇ ਬਹੁਤ ਛੋਟਾ, ਸਾਨੂੰ ਤਾਂ ਇਹ ਕਮਰਾ ਖੁੱਲਾ-ਡੁੱਲਾ ਚਾਹੀਦੈ, ਨਾਲੇ ਹਵਾਦਾਰ, ਇਸ ਵਿਚ ਅਸੀਂ ਮੂਰਤੀ ਵੀ ਰੱਖਣੀ ਐ, ਉਹ ਵੀ ਜੀਂਦੀ-ਜਾਗਦੀ, ਜੀਹਦੇ ਹਰ ਵੇਲੇ ਦਰਸ਼ਨ ਹੁੰਦੇ ਰਹਿਣ।ਸੁਰਿੰਦਰ ਨੇ ਉਸਨੂੰ ਕਿਹਾ।
ਹੈਂ, ਜਿਉਂਦੀ ਜਾਗਦੀ, ਉਹ ਕਿਹੜੀ?ਵਿਜੇ ਨੇ ਹੈਰਾਨ ਹੁੰਦਿਆਂ ਕਿਹਾ।
ਆਹ ਵੇਖ, ਸਾਡੇ ਭਗਵਾਨ ਦੀ ਮੂਰਤ।ਸੁਰਿੰਦਰ ਨੇ ਸੋਫ਼ੇ ਤੇ ਸਾਫ਼ ਸੁਥਰੇ ਕਪੜਿਆਂ ਵਿਚ ਬੈਠੀ ਆਪਣੀ ਮਾਂ ਦੇ ਪਿੱਛੋਂ ਗਲ ਵਿਚ ਬਾਹਾਂ ਪਾ ਕੇ ਘੁਟਦਿਆਂ ਕਿਹਾ।
ਵਿਜੇ ਪੁੱਤਰ, ਹਾਲੇ ਮਾਵਾਂ ਨੇ ਸਰਵਣ ਪੁੱਤਰਾਂ ਨੂੰ ਪੈਦਾ ਕਰਨਾ ਬੰਦ ਨਹੀਂ ਕੀਤਾ, ਸਮਾਂ ਬੇਸ਼ੱਕ ਬਦਲ ਗਿਆ।ਮਾਂ ਨੇ ਭਾਵੁਕ ਹੁੰਦਿਆਂ ਕਿਹਾ।
ਵਾਹ ਬਈ ਵਾਹ! ਉਸ ਘਰ ’ਚ ਮੰਦਰ ਬਣਾਉਣ ਦੀ ਕੀ ਲੋੜ ਐ ਜਿੱਥੇ ਬਜ਼ੁਰਗਾਂ ਦਾ ਇੰਨਾ ਸਤਿਕਾਰ ਹੋਵੇ, ਉਹ ਤਾਂ ਘਰ ਈ ਮੰਦਰ ਐ। ਠੀਕ ਐ, ਮੈਂ ਸਭ ਸਮਝ ਗਿਆ। ਚੰਗਾ ਮੈਂ ਕੱਲ ਆਵਾਂਗਾ।
ਇੰਨਾ ਕਹਿ ਕਿ ਵਿਜੇ ਉੱਠਣ ਲੱਗਾ ਤਾਂ ਸੁਰਿੰਦਰ ਦੀ ਘਰਵਾਲੀ ਨੇ ਚਾਹ ਅਤੇ ਬਿਸਕੁਟ ਮੇਜ ਉੱਤੇ ਰੱਖਦਿਆਂ ਕਿਹਾ, ਭਾਅ ਜੀ ਮੰਦਰ ’ਚੋਂ ਖਾਲੀ ਹੱਥ ਨਹੀਂ ਜਾਈਦਾ, ਐਹ ਲਓ ਪ੍ਰਸ਼ਾਦ।
ਸੁਰਿੰਦਰ ਦੀ ਪਤਨੀ ਦੀ ਇਸ ਅਦਾ ਨੇ ਮਾਹੌਲ ਨੂੰ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ।
                                      -0-


No comments: