-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 22, 2012

ਪ੍ਰਸ਼ਨ ਚਿੰਨ੍ਹ


ਸੁਰਿੰਦਰ ਮਕਸੂਦਪੁਰੀ

ਇਕ ਸੜਕ ਹਾਦਸੇ ਵਿਚ ਸਖ਼ਤ ਜ਼ਖ਼ਮੀ ਹੋਏ ਨਜ਼ਦੀਕੀ ਰਿਸ਼ਤੇਦਾਰ ਨੂੰ ਮੈਂ ਉਸ ਸਰਕਾਰੀ ਹਸਪਤਾਲ ’ਚ ਲਿਜਾ ਕੇ ਤਰਲਾ ਜਿਹਾ ਕਰਦਿਆਂ ਕਿਹਾ, ਡਾਕਟਰ ਸਾਹਿਬ! ਮਰੀਜ਼ ਕਾਫੀ ਸੀਰੀਅਸ ਹੈ, ਪਲੀਜ਼ ਜ਼ਰਾ ਜਲਦੀ ਵੇਖਿਓ।
ਸਰਦਾਰ ਸਾਹਿਬ, ਤੁਸੀਂ ਦੋ ਨੰਬਰ ਖਿੜਕੀ ਤੇ ਜਾ ਕੇ ਬੈੱਡ ਅਤੇ ਕਮਰੇ ਦੀ ਲੋੜੀਂਦੀ ਫੀਸ ਜਮ੍ਹਾਂ ਕਰਵਾ ਆਓ, ਫਿਰ ਮੈਂ ਮਰੀਜ਼ ਚੈੱਕ ਕਰਾਂਗਾ।ਡਾਕਟਰ ਨੇ ਆਪਣੀ ਸ਼ਰਤ ਜ਼ਾਹਿਰ ਕੀਤੀ।
ਆਪਣੇ ਰਿਸ਼ਤੇਦਾਰ ਦੀ ਖਸਤਾ ਹਾਲਤ ਤਾੜਦਿਆਂ ਮੈਂ ਕਾਹਲੇ ਕਦਮੀਂ ਉਸ ਖਿੜਕੀ ਤੇ ਲੋੜੀਂਦੀ ਫੀਸ ਜਮ੍ਹਾਂ ਕਰਵਾਉਣ ਉਪਰੰਤ ਡਾਕਟਰ ਨੂੰ ਰਸੀਦ ਵਿਖਾਉਂਦਿਆਂ ਕੇਸ ਨੂੰ ਤਰਜੀਹ ਦੇਣ ਲਈ ਫਿਰ ਗਿੜਗਿੜਾਇਆ, ਮਰੀਜ਼ ਸਿਰ ਦੀ ਸੱਟ ਨਾਲ ਬੇਹੋਸ਼ ਪਿਐ, ਉਹਦੇ ਸਿਰ ’ਚੋਂ ਵਹਿੰਦੇ ਖੂਨ ਦਾ ਜ਼ਮੀਨ ਤੇ ਛੱਪੜ ਬਣਦਾ ਜਾ ਰਿਹੈ। ਇਸ ਕੇਸ ਨੂੰ ਐਮਰਜੈਂਸੀ ਕੇਸ ਵੱਜੋਂ ਜ਼ਰਾ ਜਲਦੀ ਅਟੈਂਡ ਕਰੋ।
ਅੱਛਾ ਫਿਰ ਤੁਸੀਂ ਸਾਹਮਣੇ ਵਾਲੇ ਐਮਰਜੈਂਸੀ ਕਾਊਂਟਰ ਤੇ ਇਹਦੀ ਦਾਖਲਾ ਫਾਈਲ ਬਣਵਾ ਲਿਆਉ, ਫਿਰ ਮੈਂ ਇਹ ਕੇਸ ਵੇਖ ਲੈਨੈਂ।
ਡਾਕਟਰ ਸਾਹਿਬ, ਤੁਸੀਂ ਇਹ ਸਭ ਕੀ ਕਰ ਰਹੇ ਓ? ਮਰੀਜ਼ ਆਖ਼ਰੀ ਸਾਹਾਂ ਤੇ ਪਿਐ। ਬਲੀਡਿੰਗ ਨਿਰੰਤਰ ਜਾਰੀ ਐ ਤੇ ਤੁਸੀਂ ਆਪਣੀਆਂ ਲੋੜੀਂਦੀਆਂ ਫੀਸਾਂ ਤੇ ਫਾਰਮੈਲਟੀਜ਼ ’ਚ ਪਏ ਹੋਏ ਓ।
ਸਰਦਾਰ ਜੀ, ਇਹ ਫਾਰਮੈਲਟੀਜ਼ ਨਹੀਂ। ਫਾਈਲਾਂ ਦਾ ਢਿੱਡ ਤਾਂ ਭਰਨਾ ਈ ਹੋਇਆ
ਫਾਈਲਾਂ ਦਾ ਢਿੱਡ ਨਹੀਂ, ਤੁਸੀਂ ਤਾਂ ਆਪਣਾ ਹੀ ਢਿੱਡ ਭਰਨ ਦੀ ਸੋਚ ਰਹੇ ਓ ਡਾਕਟਰ ਸਾਹਿਬ!
ਮੈਨੂੰ ਕੁਝ ਜਜ਼ਬਾਤੀ ਰੌਂਅ ਵਿਚ ਵੇਖਦਿਆਂ ਉਸ ਸੀਨੀਅਰ ਡਾਕਟਰ ਨੇ ਜਦੋਂ ਇਕ ਜੂਨੀਅਰ ਡਾਕਟਰ ਨੂੰ ਜ਼ਖ਼ਮੀ ਦੇ ਚੈੱਕ ਅੱਪ ਲਈ ਕਿਹਾ, ਉਦੋਂ ਤੱਕ ਮਰੀਜ਼ ਡੂੰਘੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਚੁੱਕਾ ਸੀ।
ਤੇ ਮੇਰੀਆਂ ਰੋਹ ਭਰੀਆਂ ਅੱਖਾਂ ਵਿਚ ਉਕਰਿਆ ਪ੍ਰਸ਼ਨ ਚਿੰਨ੍ਹ ਉਸ ਡਾਕਟਰ ਵੱਲ ਨਿਹਾਰਦਾ ਅਜੇ ਵੀ ਆਪਣੇ ਉੱਤਰ ਦੀ ਭਾਲ ਵਿਚ ਸੀ।
                                          -0-

No comments: