-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 15, 2012

ਨਿਯੁਕਤੀ ਪੱਤਰ


                         
ਰਣਜੀਤ ਆਜ਼ਾਦ ਕਾਂਝਲਾ

ਅੱਜ ਫੇਰ ਉਸਨੇ ਆਪਣੀ ਵਿਧਵਾ ਮਾਂ ਤੋਂ ਕਿਰਾਏ ਜੋਗੇ ਪੈਸੇ ਲੈ ਬੋਝੇ ਵਿੱਚ ਪਾਏ। ਫਿਰ ਇੱਕ ਥੈਲੇ ਵਿੱਚ ਡਿਗਰੀਆਂ ਦਾ ਬੰਡਲ ਸਾਂਭ ਪਟਿਆਲੇ ਵਾਲੀ ਬੱਸ ਵਿਚ ਜਾ ਬੈਠਾ।
‘ਇਹ ਮੇਰੀ ਸੰਤਾਲੀਵੀਂ ਇੰਟਰਵਿਊ ਹੈ। ਮੈਂ ਕਿਵੇਂ ਔਖ ਨਾਲ ਮੁਸੀਬਤਾਂ ਸਹਿ ਕੇ ਇੱਥੋਂ ਤੀਕ ਪੜ੍ਹਾਈ ਕੀਤੀ। ਫਿਰ ਕਿਵੇਂ ਐਮ.ਏ.(ਅਰਥ ਸ਼ਾਸਤਰ) ਤੇ ਨਾਲ ਹੀ ਬੀ.ਐੱਡ. ਕੋਰਸ ਵੀ ਕੀਤਾ। ਤੇ ਮੇਰੇ ਪੱਲੇ ਪਿਆ ਇਹ ਸਰਟੀਫਿਕੇਟਾਂ ਦਾ ਥੱਬਾ…ਮੇਰੀ ਵਿਧਵਾ ਮਾਂ ਨੇ ਕਿਨੀਆਂ ਦੁੱਖ-ਤਕਲੀਫਾਂ ਕੱਟੀਆਂ। ਉਸ ਦੀਆਂ ਰੀਝਾਂ, ਆਸਾਂ ਸਭ…’ ਪਤਾ ਨਹੀਂ ਕਿੰਨਾਂ ਕੁੱਝ ਉਸ ਦੇ ਦਿਮਾਗ ਵਿੱਚ ਠੰਡੀ ਅੱਗ ਵਾਂਗ ਸੁਲਘ ਰਿਹਾ ਸੀ।
ਉਸ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਦ ਇੰਟਰਵਿਊ ਵਾਲੀ ਥਾਂ ਪਹੁੰਚ ਗਿਆ।
ਇੰਟਰਵਿਊ ਦੇਣ ਵਾਲਿਆਂ ਦਾ ਘਣਾ ਇੱਕਠ। ਸਿਫਾਰਸ਼ੀਆਂ ਦੀ ਭਰਮਾਰ। ਘੰਟੀ ਵੱਜੀ। ਉਹ ਡਿਗਰੀਆਂ ਨੂੰ ਤਰਤੀਬ ਵਿੱਚ ਲਾ ਮੈਨੇਜਰ ਅੱਗੇ ਪੇਸ਼ ਹੋਇਆ। ਸਵਾਲ-ਜਵਾਬ ਹੋਣ ਤੇ ਸਾਰੇ ਸਰਟੀਫਿਕੇਟ ਵੇਖਣ ਤੋਂ ਬਾਅਦ ਮੈਨੇਜਰ ਐਨਕ ਪਰੇ ਹਟਾਉਂਦਾ ਹੋਇਆ ਬੋਲਿਆ, ਕੋਈ ਤਜ਼ਰਬਾ?
ਜੀ, ਤਜ਼ਰਬਾ ਹੈ ਇੰਟਰਵਿਊ ਦੇਣ ਦਾ। ਇਹ ਮੇਰੀ ਸੰਤਾਲੀਵੀਂ ਇੰਟਰਵਿਊ ਹੈ। ਸਰ! ਜੇਕਰ ਕੋਈ ਕੰਮ ਮਿਲੇਗਾ ਤਾਂ ਹੀ ਉਸ ਕੰਮ ਦਾ ਤਜ਼ਰਬਾ ਹੋਵੇਗਾ। ਜਿੱਥੇ ਵੀ ਜਾਓ ਤਜ਼ਰਬਾ…ਤਜ਼ਰਬਾ…।
ਘੰਟੀ ਵੱਜੀ। ਉਹ ਦਫਤਰੋਂ ਬਾਹਰ।
‘ਇਹ ਇੰਟਰਵਿਊ ਵੀ ਨਿਹਫਲ।’ ਉਸਨੂੰ ਝਟਕਾ ਜਿਹਾ ਲੱਗਾ।
ਦਸਵੇਂ ਦਿਨ ਉਸਦੇ ਘਰ ਦੇ ਪਤੇ ’ਤੇ ਨਿਯੁਕਤੀ-ਪੱਤਰ ਪਹੁੰਚ ਗਿਆ।
                                        -0-

No comments: