-moz-user-select:none; -webkit-user-select:none; -khtml-user-select:none; -ms-user-select:none; user-select:none;

Monday, June 25, 2012

ਫ਼ਾਸਲਾ


ਧਰਮਪਾਲ ਸਾਹਿਲ

ਕੈਦੀ ਦੇ ਜੇਲ੍ਹ ਤੋਂ ਛੁੱਟਣ ਵਾਂਗ, ਉਹ ਵੀ ਮਹਿਕਮੇ ਵੱਲੋਂ ਲਾਏ ਪੂਰੇ ਇਕ ਮਹੀਨੇ ਦੇ ਰਿਫਰੈਸ਼ਰ ਕੋਰਸ ਤੋਂ ਫਾਰਗ ਹੋ ਕੇ, ਉੱਡ ਕੇ ਆਪਣੇ ਪਰਿਵਾਰ ਪਾਸ ਪੁੱਜ ਜਾਣਾ ਚਾਹੁੰਦਾ ਸੀ। ਘਿਸੇ-ਪਿਟੇ ਬੋਰ ਲੈਕਚਰ। ਬੇਸੁਆਦੀ ਖਾਣਾ। ਅਜਨਬੀ ਸਾਥੀ। ਬੇਗਾਨਾ ਸ਼ਹਿਰ। ਫੁਰਸਤ ਦੇ ਪਲਾਂ ਵਿਚ ਉਸਨੂੰ ਆਪਣੇ ਸੱਤ ਕੁ ਸਾਲਾ ਪੁੱਤਰ ਰਾਹੁਲ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਦਿਲ ਲੁਭਾਉਣੀਆਂ ਸ਼ਰਾਰਤਾਂ ਬਹੁਤ ਯਾਦ ਆਉਂਦੀਆਂ। ਉਸਦਾ ਦਿਲ ਕਰਦਾ ਕਿ ਉਹ ਰਿਫਰੈਸ਼ਰ ਕੋਰਸ ਵਿੱਚੇ ਛੱਡ ਕੇ ਭੱਜ ਜਾਵੇ ਜਾਂ ਛੁੱਟੀ ਲੈ ਕੇ ਘਰ ਗੇੜਾ ਲਾ ਕੇ ਮੁੜ ਆਵੇ। ਪਰ ਅਕਾਸ਼ ਨੂੰ ਛੂਹੰਦੇ ਕਿਰਾਏ ਬਾਰੇ ਸੋਚ ਕੇ ਉਸਦੀ ਇੱਛਾ ਮਰ ਜਾਂਦੀ। ਉਹ ਸੋਚਦਾ ਕਿਰਾਏ ਤੇ ਲੱਗਣ ਵਾਲੇ ਪੈਸਿਆਂ ਦਾ ਉਹ ਰਾਹੁਲ ਵਾਸਤੇ ਸੁੰਦਰ ਖਿਡੌਣਾ ਲਿਜਾ ਕੇ  ਉਸਨੂੰ ਖੁਸ਼ ਕਰ ਦੇਵੇਗਾ।
ਆਖਿਰ ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹ ਆਪਣੇ ਘਰ ਪੁੱਜਿਆ। ਸਰਪਰਾਈਜ ਦੇਣ ਦੇ ਇਰਾਦੇ ਨਾਲ ਉਹ ਪੋਲਿਆਂ ਪੱਬੀਂ ਆਪਣੇ ਘਰ ਅੰਦਰ ਦਾਖਿਲ ਹੋਇਆ। ਟੀ.ਵੀ ਮੂਹਰੇ ਬੈਠਾ ਰਾਹੁਲ ਫਿਲਮ ਵਿਚ ਖੁੱਭਾ ਸੀ। ਉਸਨੇ ਦੋਵੇਂ ਬਾਹਾਂ ਪਸਾਰਦਿਆਂ ਮੋਹ ਭਿੱਜੀ ਆਵਾਜ਼ ਵਿਚ ਕਿਹਾ, ਰਾਹੁਲ…ਦੇਖ ਕੌਣ ਆਇਆ ਹੈ?
ਰਾਹੁਲ ਨੇ ਉਸਦੀ ਆਵਾਜ਼ ਸੁਣ ਕੇ ਵੀ ਉਸਨੂੰ ਅਣਡਿੱਠਾ ਕਰ ਦਿੱਤਾ। ਉਸਨੇ ਬੈਗ ਵਿੱਚੋਂ ਖਿਡੌਣਾ ਕੱਢ ਕੇ ਵਿਖਾਉਂਦਿਆਂ ਮੁੜ ਕਿਹਾ, ਰਾਹੁਲ, ਵੇਖ ਮੈਂ ਤੇਰੇ ਲਈ ਕੀ ਲਿਆਇਆ ਹਾਂ।
ਪਰ ਰਾਹੁਲ ਨੇ ਟੀ.ਵੀ. ਸਕਰੀਨ ਤੇ ਹੁੰਦੀ ਢਿਸ਼ੁੰਗ-ਢਿਸ਼ੁੰਗ ਤੇ ਹੀ ਅੱਖਾਂ ਗੱਡੀ ਰੱਖੀਆਂ। ਇਕ ਹੱਥ ਨਾਲ ਟਰੈਫਿਕ ਪੁਲਿਸ ਦੇ ਸਿਪਾਹੀ ਵਾਂਗ ਇਸ਼ਾਰਾ ਕਰਕੇ ਰੋਕਦਿਆਂ ਬੋਲਿਆ, ਇਕ ਮਿੰਟ ਰੁਕੋ ਪਾਪਾ…ਇਹ ਸੀਨ ਖਤਮ ਹੋ ਲੈਣ ਦਿਓ
ਰਾਹੁਲ ਨੂੰ ਕੁੱਛੜ ਚੁੱਕ ਕੇ ਪਿਆਰਨ ਲਈ ਵਿਵਹਲ, ਉਸਦੀਆਂ ਬਾਹਾਂ ਕੱਟੀਆਂ ਹੋਈਆਂ ਸ਼ਾਖਾਵਾਂ ਵਾਂਗ ਲਮਕ ਗਈਆਂ ਤੇ ਹੱਥਲਾ ਖਿਡੌਣਾ ਛੁੱਟ ਕੇ ਫਰਸ਼ ਤੇ ਡਿੱਗ ਪਿਆ।
                                      -0-


No comments: