ਲਾਲ ਸਿੰਘ ਕਲਸੀ
“ਬਾਪੂ,
ਬੈਂਕ ਕਰਜੇ ਦੀ ਉਗਰਾਹੀ ਵਾਲੇ ਸੰਧੂਰੇ ਤਾਏ ਬਾਰੇ ਪੁੱਛਦੇ ਸੀ।”
“ਫੇਰ…ਤੈਂ
ਕੀ ਕਿਹਾ ਤੇ ਸੰਧੂਰੇ ਨੂੰ ਕਿੱਥੇ ਲੁਕਾਇਆ?”
“ਮੈਨੂੰ
ਗੂੰਜ ਜਿਹੀ ਸੁਣਕੇ ਪਹਿਲਾਂ ਈ ਜੀਪ ਦੀ ਬਿੜਕ ਪੈਗੀ ਸੀ। ਮੈਂ ਝੱਬਦੇ ਈ ਤਾਏ ਨੂੰ ਭੱਜਣ ਦੀ ਸੈਨਤ
ਮਾਰਤੀ।”
“…ਤੇ ਫੇਰ?…”
“ਫੇਰ
ਕੀ…ਤਾਏ ਨੇ ਆ ਵੇਖਿਆ ਨਾ ਤਾਅ, ਇੱਕੋ ਛਾਲ ’ਚ ਕੰਧ ਟੱਪ ਕੇ ਪਸ਼ੂਆਂ ਵਾਲੇ ਵਾੜੇ ਜਾ ਲੁਕਿਆ।”
“ਬੱਲੇ ਓਏ
ਸੰਧੂਰਿਆ, ਬੜਾ ਦਿਲ ਕੱਢਿਆ ਬਈ ਅੱਜ ਤਾਂ।”
“ਦਿਲ ਤਾਂ
ਦਿਲ ਬਾਪੂ, ਅੱਜ ਤਾਂ ਪੁਲਿਸ ਵੀ ਬੈਂਕ ਵਾਲਿਆਂ ਦੇ ਨਾਲ ਈ ਸੀ। ਢਿੱਲਵਾਂ ਦੀ ਪੱਤੀਉਂ ਮੱਘਰ ਨੂੰ
ਤਾਂ ਲੈਗੇ ਜੀਪ ’ਚ ਬਹਾ ਕੇ। ਉਹਦਾ ਪਤਾ ਨੀ ਕੀ ਬਣੂੰ?”
“ਓਏ
ਬਣਨਾਂ ਕੀ ਐ ਉਹਦਾ, ਪੰਜ-ਸੱਤ ਦਿਨ ਹਵਾਲਾਤ ’ਚ ਬਹਾ ਕੇ ਘਰ ਨੂੰ ਤੋਰ ਦੇਣਗੇ। ਕੋਈ ਨੀ ਉਹਦਾ
ਦੁੱਧ ਸੁੱਕਦਾ।”
“…ਤੇ
ਬਾਪੂ, ਆਪਣੇ ਸਿਰ ਕਰਜ਼ਾ ਹੈ ਕਿੰਨਾ ਕੁ ਭਲਾ?”
“ਪੈਸਾ
ਤਾਂ ਸੂਤ ਈ ਸੀ, ਪਤਿਉਰੇ ਮੇਰੇ ਦਾ ਵਿਆਜ ਈ ਨੀ ਪੱਟੀ ਬੱਝਣ ਦਿੰਦਾ। ਚਾਲੀ ਹਜ਼ਾਰ ਤੋਂ ਲੱਖ ਤੇ
ਪਹੁੰਚ ਗਿਆ।”
“…ਤੇ
ਬਾਪੂ, ਆਹ ਜੀਪ ਜਿਹੀ ਵੇਚ ਕੇ ਕਰਜ਼ਾ ਲਾਹ ਕੇ ਪਰ੍ਹਾਂ ਕਰੋ, ਆਪਣੇ ਤਿੰਨਾਂ ਕੋਲ ਆਪਣੀ ਆਪਣੀ
ਸਵਾਰੀ ਤਾਂ ਹੈਗੀ ਆ।”
“ਓਏ ਤੂੰ
ਤਾਂ ਯਬਲੀਆਂ ਮਾਰਦੈਂ, ਪੈਲੀ ਤਾਂ ਭਾਵੇਂ ਪੰਦਰਾਂ ਕਿੱਲੇ ਈ ਐ ਸਾਰੀ, ਪਰ ਇਹ ਮਸ਼ੀਨਰੀ ਤਾਂ ਘਰ ਦੀ
ਟੌਹਰ ਵਧਾਉਂਦੀ ਐ। ਜਦੋਂ ਕੋਈ ਰਿਸ਼ਤਾ ਕਰਨ ਵਾਲਾ ਆਊ…ਘਰੇ ਟਰੈਕਟਰ, ਕੰਬਾਈਨ, ਜੀਪ, ਸਕੂਟਰ, ਮੋਟਰ
ਸਾਈਕਲ ਖੜ੍ਹੇ ਵੇਖ ਕੇ ਡਿੱਗੂ ਪਿੱਠ ਪਰਨੇ। ਬਿਨ ਮੰਗੇ ਈ ਮਾਰੂਤੀ-ਜੈਨ ਖੜ੍ਹਾ ਜੂ ਵਿਹੜੇ ’ਚ
ਠਾਕੇ ਤੇ ਈ, ਫੇਰ ਭਾਵੇਂ ਤੂੰ ਜੀਪ ਵੇਚ ਈ ਲਈਂ।”
“…ਹੈਂ…ਅ!…ਤਾਂ ਇਹ
ਗੱਲ ਐ। ਸਦਕੇ ਓਏ
ਬਾਪੂ, ਤੇਰੀਆਂ ਸਕੀਮਾਂ ਦੇ।”
-0-
No comments:
Post a Comment