-moz-user-select:none; -webkit-user-select:none; -khtml-user-select:none; -ms-user-select:none; user-select:none;

Saturday, July 28, 2012

ਚੇਤਨਾ


ਬਲਜਿੰਦਰ ਕੋਟਭਾਰਾ

ਲਗਾਤਾਰ ਚਾਰ ਦਿਨਾਂ ਦੇ ਮੀਂਹ ਤੋਂ ਮਗਰੋਂ ਸਕੂਲ ਦੇ ਕਮਰਿਆਂ ਦੀਆਂ ਨਾਜੁਕ ਛੱਤਾਂ ਹੋਰ ਮੀਂਹ ਨਾ ਸਹਾਰਦੀਆਂ ਡਿੱਗ ਪਈਆਂ। ਪਰ ਪੇਪਰਾਂ ਤੋਂ ਬਾਦ ਛੁੱਟੀ ਹੋਣ ਕਰਕੇ ਬੱਚੇ ਬਚ ਗਏ। ਚਪੜਾਸੀ ਦੇ ਕੁਝ ਸੱਟਾਂ ਲੱਗੀਆਂ। ਸ਼ਾਮ ਨੂੰ ਜ਼ੋਰਦਾਰ ਮੀਂਹ ਨਾਲ ਸਕੂਲ ਵਿਚ ਪਾਣੀ ਖੜ੍ਹ ਗਿਆ ਅਤੇ ਚਾਰ ਦਿਵਾਰੀ ਦਾ ਕੁਝ ਹਿੱਸਾ ਵੀ ਡਿੱਗ ਪਿਆ। ਕਈ ਦਿਨਾਂ ਲਈ ਸਕੂਲ ਵਿਚ ਛੁੱਟੀ ਕਰਨੀ ਪਈ।
ਮਾਪੇ-ਅਧਿਆਪਕ ਸੰਸਥਾ ਦੇ ਪ੍ਰਧਾਨ ਨੇ ਹੰਭਲਾ ਮਾਰ ਕੇ ਮਿੱਟੀ ਪਾਉਣ ਲਈ ਟਰੈਕਟਰ-ਟਰਾਲੀਆਂ ਅਤੇ ਆਦਮੀ ਇੱਕਠੇ ਕਰ ਲਏ। ਮਿੱਥੇ ਸਮੇਂ ਸੱਥ ਵਿਚ ਇੱਕਠੇ ਹੋਏ, ਉਹ ਸਕੂਲ ਜਾਣ ਲਈ ਟਰਾਲੀ ਵਿਚ ਚੜ੍ਹੇ ਹੀ ਸਨ ਕਿ ਗੁਰਦੁਆਰਿਓਂ ਭਾਈ ਦੀ ਆਵਾਜ਼ ਆਈ, ਭਾਈ, ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੀਂਹ ਕਾਰਨ ਬਾਬੇ ਦੇ ਭੋਰੇ ’ਚ ਪਾਣੀ ਭਰ ਗਿਆ, ਨਾਲੇ ਦਰਬਾਰ ਸਾਹਿਬ ’ਤੇ ਸਾਡੇ ਪੰਜ ਲੱਖ ਲਾਉਣ ਦਾ ਕੀ ਫਾਇਦਾ ਹੈ ਜੇ ਕੰਧਾਂ ਨਾਲ ਮਿੱਟੀ ਨਾ ਲਾਈ ਗਈ। ਸੋ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰੀ ਕੰਮ ਛੱਡ ਕੇ ਗੁਰੂ-ਘਰ ਪਹੁੰਚੋ।ਬਾਬੇ ਦੀ ਆਵਾਜ਼ ਵਿਚ ਬੇਨਤੀ ਘੱਟ, ਰੋਹਬ ਜ਼ਿਆਦਾ ਸੀ।
ਸਕੂਲ ਨੂੰ ਜਾਣ ਵਾਲਿਆਂ ਵਿਚ ਘੁਸਰ-ਮੁਸਰ ਹੋਣ ਲੱਗ ਪਈ। ਕਿਸੇ ਨੇ ਵਿੱਚੋਂ ਕਹਿ ਦਿੱਤਾ, ਭਾਈ, ਸਕੂਲ ਭੱਜਿਆ ਨਹੀਂ ਜਾਂਦਾ, ਗੁਰੂ-ਘਰ ਦੀ ਹਾਲਤ ਸਾਂਭੋ। ਤਾਂ ਸਭ ਗੁਰਦੁਆਰੇ ਵੱਲ ਭੱਜ ਗਏ।
ਪ੍ਰਧਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੇ ਸਰਪੰਚ ਨੂੰ ਕਿਹਾ, ਸਰਪੰਚਾ, ਤੂੰ ਹੀ ਸਮਝਾ ਇਨ੍ਹਾਂ ਨੂੰ। ਕੱਲ ਨੂੰ ਗੁਰੂ-ਘਰ ਆ ਜਾਵਾਂਗੇ।
ਪ੍ਰਧਾਨ ਜੀ, ਮੈਂ ਕੀ ਕਰਾਂ। ਸਾਲੀ ਵੋਟਾਂ ਦੀ ਰਾਜਨੀਤੀ ਏ, ਕੱਲ੍ਹ ਨੂੰ ਵਿਰੋਧੀ ਤਵਾ ਲਾਉਣਗੇ, ਸਰਪੰਚ ਨੇ ਧਾਰਮਿਕ ਕੰਮਾਂ ’ਚ ਦਖਲ-ਅੰਦਾਜੀ ਕੀਤੀ ਸੀ। ਨਾਲੇ ਆਪਣੇ ਜੁਆਕ ਤਾਂ ਸ਼ਹਿਰ ਕੋਨਮੈਂਟ ਸਕੂਲ ’ਚ ਪੜ੍ਹਦੇ ਨੇ…।ਸਰਪੰਚ ਨੇ ਕਿਹਾ ਤੇ ਉਹ ਵੀ ਗੁਰਦੁਆਰੇ ਵੱਲ ਹੋ ਤੁਰਿਆ।
ਪ੍ਰਧਾਨ ਖੇਤ ਵਿਚ ਗੱਡੇ ਡਰਨੇ ਵਾਂਗ ਇੱਕਲਾ ਖੜਾ ਸੋਚ ਰਿਹਾ ਸੀ, ਇੱਕ ਪਾਸੇ ਸਾਢੇ-ਪੰਜ ਲੱਖ ਦਾ ਦਰਬਾਰ ਸਾਹਿਬ ਤੇ ਦੂਜੇ ਪਾਸੇ ਬਿਨਾਂ ਛੱਤਾਂ ਤੋਂ ਸਕੂਲ। ਉਹ ਵਾਪਸ ਮੁੜਨ ਲੱਗਿਆ, ਪਰੰਤੂ ਪਤਾ ਨੀ ਕੀ ਸੋਚਕੇ ਉਹਦੇ ਕਦਮ ਸਕੂਲ ਵੱਲ ਨੂੰ ਹੋ ਤੁਰੇ।
                                         -0-


Sunday, July 22, 2012

ਪ੍ਰਸ਼ਨ ਚਿੰਨ੍ਹ


ਸੁਰਿੰਦਰ ਮਕਸੂਦਪੁਰੀ

ਇਕ ਸੜਕ ਹਾਦਸੇ ਵਿਚ ਸਖ਼ਤ ਜ਼ਖ਼ਮੀ ਹੋਏ ਨਜ਼ਦੀਕੀ ਰਿਸ਼ਤੇਦਾਰ ਨੂੰ ਮੈਂ ਉਸ ਸਰਕਾਰੀ ਹਸਪਤਾਲ ’ਚ ਲਿਜਾ ਕੇ ਤਰਲਾ ਜਿਹਾ ਕਰਦਿਆਂ ਕਿਹਾ, ਡਾਕਟਰ ਸਾਹਿਬ! ਮਰੀਜ਼ ਕਾਫੀ ਸੀਰੀਅਸ ਹੈ, ਪਲੀਜ਼ ਜ਼ਰਾ ਜਲਦੀ ਵੇਖਿਓ।
ਸਰਦਾਰ ਸਾਹਿਬ, ਤੁਸੀਂ ਦੋ ਨੰਬਰ ਖਿੜਕੀ ਤੇ ਜਾ ਕੇ ਬੈੱਡ ਅਤੇ ਕਮਰੇ ਦੀ ਲੋੜੀਂਦੀ ਫੀਸ ਜਮ੍ਹਾਂ ਕਰਵਾ ਆਓ, ਫਿਰ ਮੈਂ ਮਰੀਜ਼ ਚੈੱਕ ਕਰਾਂਗਾ।ਡਾਕਟਰ ਨੇ ਆਪਣੀ ਸ਼ਰਤ ਜ਼ਾਹਿਰ ਕੀਤੀ।
ਆਪਣੇ ਰਿਸ਼ਤੇਦਾਰ ਦੀ ਖਸਤਾ ਹਾਲਤ ਤਾੜਦਿਆਂ ਮੈਂ ਕਾਹਲੇ ਕਦਮੀਂ ਉਸ ਖਿੜਕੀ ਤੇ ਲੋੜੀਂਦੀ ਫੀਸ ਜਮ੍ਹਾਂ ਕਰਵਾਉਣ ਉਪਰੰਤ ਡਾਕਟਰ ਨੂੰ ਰਸੀਦ ਵਿਖਾਉਂਦਿਆਂ ਕੇਸ ਨੂੰ ਤਰਜੀਹ ਦੇਣ ਲਈ ਫਿਰ ਗਿੜਗਿੜਾਇਆ, ਮਰੀਜ਼ ਸਿਰ ਦੀ ਸੱਟ ਨਾਲ ਬੇਹੋਸ਼ ਪਿਐ, ਉਹਦੇ ਸਿਰ ’ਚੋਂ ਵਹਿੰਦੇ ਖੂਨ ਦਾ ਜ਼ਮੀਨ ਤੇ ਛੱਪੜ ਬਣਦਾ ਜਾ ਰਿਹੈ। ਇਸ ਕੇਸ ਨੂੰ ਐਮਰਜੈਂਸੀ ਕੇਸ ਵੱਜੋਂ ਜ਼ਰਾ ਜਲਦੀ ਅਟੈਂਡ ਕਰੋ।
ਅੱਛਾ ਫਿਰ ਤੁਸੀਂ ਸਾਹਮਣੇ ਵਾਲੇ ਐਮਰਜੈਂਸੀ ਕਾਊਂਟਰ ਤੇ ਇਹਦੀ ਦਾਖਲਾ ਫਾਈਲ ਬਣਵਾ ਲਿਆਉ, ਫਿਰ ਮੈਂ ਇਹ ਕੇਸ ਵੇਖ ਲੈਨੈਂ।
ਡਾਕਟਰ ਸਾਹਿਬ, ਤੁਸੀਂ ਇਹ ਸਭ ਕੀ ਕਰ ਰਹੇ ਓ? ਮਰੀਜ਼ ਆਖ਼ਰੀ ਸਾਹਾਂ ਤੇ ਪਿਐ। ਬਲੀਡਿੰਗ ਨਿਰੰਤਰ ਜਾਰੀ ਐ ਤੇ ਤੁਸੀਂ ਆਪਣੀਆਂ ਲੋੜੀਂਦੀਆਂ ਫੀਸਾਂ ਤੇ ਫਾਰਮੈਲਟੀਜ਼ ’ਚ ਪਏ ਹੋਏ ਓ।
ਸਰਦਾਰ ਜੀ, ਇਹ ਫਾਰਮੈਲਟੀਜ਼ ਨਹੀਂ। ਫਾਈਲਾਂ ਦਾ ਢਿੱਡ ਤਾਂ ਭਰਨਾ ਈ ਹੋਇਆ
ਫਾਈਲਾਂ ਦਾ ਢਿੱਡ ਨਹੀਂ, ਤੁਸੀਂ ਤਾਂ ਆਪਣਾ ਹੀ ਢਿੱਡ ਭਰਨ ਦੀ ਸੋਚ ਰਹੇ ਓ ਡਾਕਟਰ ਸਾਹਿਬ!
ਮੈਨੂੰ ਕੁਝ ਜਜ਼ਬਾਤੀ ਰੌਂਅ ਵਿਚ ਵੇਖਦਿਆਂ ਉਸ ਸੀਨੀਅਰ ਡਾਕਟਰ ਨੇ ਜਦੋਂ ਇਕ ਜੂਨੀਅਰ ਡਾਕਟਰ ਨੂੰ ਜ਼ਖ਼ਮੀ ਦੇ ਚੈੱਕ ਅੱਪ ਲਈ ਕਿਹਾ, ਉਦੋਂ ਤੱਕ ਮਰੀਜ਼ ਡੂੰਘੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਚੁੱਕਾ ਸੀ।
ਤੇ ਮੇਰੀਆਂ ਰੋਹ ਭਰੀਆਂ ਅੱਖਾਂ ਵਿਚ ਉਕਰਿਆ ਪ੍ਰਸ਼ਨ ਚਿੰਨ੍ਹ ਉਸ ਡਾਕਟਰ ਵੱਲ ਨਿਹਾਰਦਾ ਅਜੇ ਵੀ ਆਪਣੇ ਉੱਤਰ ਦੀ ਭਾਲ ਵਿਚ ਸੀ।
                                          -0-

Sunday, July 15, 2012

ਨਿਯੁਕਤੀ ਪੱਤਰ


                         
ਰਣਜੀਤ ਆਜ਼ਾਦ ਕਾਂਝਲਾ

ਅੱਜ ਫੇਰ ਉਸਨੇ ਆਪਣੀ ਵਿਧਵਾ ਮਾਂ ਤੋਂ ਕਿਰਾਏ ਜੋਗੇ ਪੈਸੇ ਲੈ ਬੋਝੇ ਵਿੱਚ ਪਾਏ। ਫਿਰ ਇੱਕ ਥੈਲੇ ਵਿੱਚ ਡਿਗਰੀਆਂ ਦਾ ਬੰਡਲ ਸਾਂਭ ਪਟਿਆਲੇ ਵਾਲੀ ਬੱਸ ਵਿਚ ਜਾ ਬੈਠਾ।
‘ਇਹ ਮੇਰੀ ਸੰਤਾਲੀਵੀਂ ਇੰਟਰਵਿਊ ਹੈ। ਮੈਂ ਕਿਵੇਂ ਔਖ ਨਾਲ ਮੁਸੀਬਤਾਂ ਸਹਿ ਕੇ ਇੱਥੋਂ ਤੀਕ ਪੜ੍ਹਾਈ ਕੀਤੀ। ਫਿਰ ਕਿਵੇਂ ਐਮ.ਏ.(ਅਰਥ ਸ਼ਾਸਤਰ) ਤੇ ਨਾਲ ਹੀ ਬੀ.ਐੱਡ. ਕੋਰਸ ਵੀ ਕੀਤਾ। ਤੇ ਮੇਰੇ ਪੱਲੇ ਪਿਆ ਇਹ ਸਰਟੀਫਿਕੇਟਾਂ ਦਾ ਥੱਬਾ…ਮੇਰੀ ਵਿਧਵਾ ਮਾਂ ਨੇ ਕਿਨੀਆਂ ਦੁੱਖ-ਤਕਲੀਫਾਂ ਕੱਟੀਆਂ। ਉਸ ਦੀਆਂ ਰੀਝਾਂ, ਆਸਾਂ ਸਭ…’ ਪਤਾ ਨਹੀਂ ਕਿੰਨਾਂ ਕੁੱਝ ਉਸ ਦੇ ਦਿਮਾਗ ਵਿੱਚ ਠੰਡੀ ਅੱਗ ਵਾਂਗ ਸੁਲਘ ਰਿਹਾ ਸੀ।
ਉਸ ਨੂੰ ਪਤਾ ਹੀ ਨਾ ਲੱਗਾ ਕਿ ਉਹ ਕਦ ਇੰਟਰਵਿਊ ਵਾਲੀ ਥਾਂ ਪਹੁੰਚ ਗਿਆ।
ਇੰਟਰਵਿਊ ਦੇਣ ਵਾਲਿਆਂ ਦਾ ਘਣਾ ਇੱਕਠ। ਸਿਫਾਰਸ਼ੀਆਂ ਦੀ ਭਰਮਾਰ। ਘੰਟੀ ਵੱਜੀ। ਉਹ ਡਿਗਰੀਆਂ ਨੂੰ ਤਰਤੀਬ ਵਿੱਚ ਲਾ ਮੈਨੇਜਰ ਅੱਗੇ ਪੇਸ਼ ਹੋਇਆ। ਸਵਾਲ-ਜਵਾਬ ਹੋਣ ਤੇ ਸਾਰੇ ਸਰਟੀਫਿਕੇਟ ਵੇਖਣ ਤੋਂ ਬਾਅਦ ਮੈਨੇਜਰ ਐਨਕ ਪਰੇ ਹਟਾਉਂਦਾ ਹੋਇਆ ਬੋਲਿਆ, ਕੋਈ ਤਜ਼ਰਬਾ?
ਜੀ, ਤਜ਼ਰਬਾ ਹੈ ਇੰਟਰਵਿਊ ਦੇਣ ਦਾ। ਇਹ ਮੇਰੀ ਸੰਤਾਲੀਵੀਂ ਇੰਟਰਵਿਊ ਹੈ। ਸਰ! ਜੇਕਰ ਕੋਈ ਕੰਮ ਮਿਲੇਗਾ ਤਾਂ ਹੀ ਉਸ ਕੰਮ ਦਾ ਤਜ਼ਰਬਾ ਹੋਵੇਗਾ। ਜਿੱਥੇ ਵੀ ਜਾਓ ਤਜ਼ਰਬਾ…ਤਜ਼ਰਬਾ…।
ਘੰਟੀ ਵੱਜੀ। ਉਹ ਦਫਤਰੋਂ ਬਾਹਰ।
‘ਇਹ ਇੰਟਰਵਿਊ ਵੀ ਨਿਹਫਲ।’ ਉਸਨੂੰ ਝਟਕਾ ਜਿਹਾ ਲੱਗਾ।
ਦਸਵੇਂ ਦਿਨ ਉਸਦੇ ਘਰ ਦੇ ਪਤੇ ’ਤੇ ਨਿਯੁਕਤੀ-ਪੱਤਰ ਪਹੁੰਚ ਗਿਆ।
                                        -0-

Sunday, July 8, 2012

ਤਰਸ


ਡਾ. ਹਰਨੇਕ ਸਿੰਘ ਕੈਲੇ

ਉਂਜ ਤਾਂ ਉਹ ਪਹਿਲਾਂ ਵੀ ਸਕੂਲ ਘੱਟ ਹੀ ਜਾਂਦਾ ਸੀ, ਪਰ ਹੁਣ ਤਾਂ ਕਦੇ ਵੀ ਨਹੀਂ ਸੀ ਜਾਂਦਾ ਅਤੇ ਪਹਿਲੀ ਤਾਰੀਖ਼ ਨੂੰ ਬੀ.ਪੀ.ਈ.ਓ. ਦਫ਼ਤਰੋਂ ਤਨਖ਼ਾਹ ਲੈ ਆਉਂਦਾ ਸੀ।
ਉਸ ਦੀ ਥਾਂ ਇਕ ਭੈਣ ਜੀ ਸਕੂਲ ਆਉਣ ਲੱਗ ਪਈ ਸੀ। ਬੱਚੇ ਖੁਸ਼ ਸਨ। ਮਾਸਟਰ ਤਾਂ ਪੜ੍ਹਾਉਣ ਆਉਂਦਾ ਈ ਨ੍ਹੀ ਸੀ। ਆਹ ਭੈਣ ਜੀ ਵਧੀਆ ਪੜ੍ਹਾਉਂਦੀ ਆ। ਨਾਲੇ ਆਪਾਂ ਨੂੰ ਪਿਆਰ ਕਿੰਨਾ ਕਰਦੀ ਆ।ਉਹ ਇਕ ਦੂਜੇ ਨੂੰ ਆਖਦੇ।
ਬਹੁਤ ਦਿਨਾਂ ਮਗਰੋਂ ਅੱਜ ਮੈਨੂੰ ਉਹ ਸਾਈਕਲ ’ਤੇ ਆਉਂਦਾ ਮਿਲ ਪਿਆ। ਕਿੱਥੇ ਰਹਿਨੈਂ ਅੱਜ ਕਲ੍ਹ? ਕਿਤੇ ਦਿਸਿਆ ਈ ਨ੍ਹੀ।ਮੈਂ ਉਸ ਨੂੰ ਸਵਾਲ ਕੀਤਾ।
ਮੇਰਾ ਗੁਆਂਢੀ ਨਿੱਤ ਤਰਲੇ ਕਰਦਾ ਸੀ। ਅਖੇ, ‘ਕੁੜੀ ਨੇ ਬੀ.ਐੱਡ. ਕੀਤੀ ਆ। ਕਿਤੇ ਨੌਕਰੀ ਨ੍ਹੀ ਮਿਲਦੀ। ਤੂੰ ਹੀ ਕਿਤੇ ਲਵਾਦੇ।’ ਮੈਨੂੰ ਤਰਸ ਆ ਗਿਆ। ਮੈਂ ਕੁੜੀ ਨੂੰ ਆਪਣੇ ਥਾਂ ਸਕੂਲ ਭੇਜ ਦਿੰਨਾਂ ਤੇ ਪੰਜ ਸੌ ਰੁਪਈਆ ਮਹੀਨਾ ਦਈ ਜਾਨਾਂ। ਆਪ ਮੈਂ ਮੁਰਗੀਖਾਨਾ ਖੋਲ੍ਹ ਲਿਐ।
ਉਸ ਦਾ ਜਵਾਬ ਸੁਣ ਕੇ ਮੈਂ ਡੌਰ ਭੌਰ ਹੋ ਗਿਆ।
                                            -0-