ਮੱਖਣ ਸਿੰਘ ਚੌਹਾਨ
ਸ਼ਿਕਾਇਤ ਦਾ ਵਿਸ਼ਾ ਪੜ੍ਹ ਕੇ ਫੂਡ ਸਪਲਾਈ ਅਧਿਕਾਰੀ ਠੰਡਾ ਛਿਡ਼ਕਦਾ ਕਹਿਣ ਲੱਗਾ, “ਪਲੀਜ਼ ਬੈਠੋ। ਫੌਜੀ ਸਾਹਿਬ, ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਹਾ। ਜ਼ਰਾ ਦੱਸੋ ਕਿ ਗਿਰਧਾਰੀ ਲਾਲ ਡਿਪੂ ਹੋਲਡਰ ਪ੍ਰਤੀ ਤੁਹਾਡੇ ਕੀ ਸ਼ਿਕਵੇ ਹਨ?”
“ਸਰ, ਮੈਂ ਗਿਰਧਾਰੀ ਸੇਠ ਤੋਂ ਕਈ ਸਾਲਾਂ ਤੋ ਕੈਰੋਸੀਨ ਲੈਂਦਾ ਆ ਰਿਹਾ ਹਾਂ। ਉਹ ਦੋ ਮਹੀਨਿਆਂ ਤੋਂ ਕੈਰੋਸੀਨ ਦੇਣ ਲਈ ਟਾਲਮਟੋਲ ਕਰਦਾ ਆ ਰਿਹਾ ਏ। ਕਦੇ ਕਹਿੰਦਾ ਹੈ, ਕੋਟਾ ਘੱਟ ਮਿਲਿਆ ਹੈ, ਕਦੇ ਕਹਿੰਦਾ ਹੈ ਤੇਲ ਡਰੰਮਾਂ ਵਿੱਚੋਂ ਲੀਕ ਕਰ ਗਿਆ ਹੈ। ਸਰ, ਇਸੇ ਕਾਰਣ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ।”
ਫੌਜੀ ਹਰਬੰਸ ਸਿੰਘ ਨੇ ਆਪਣੀ ਅਪਾਹਜ਼ ਲੱਤ ਦਾ ਭਾਰ ਖੂੰਡੀ ਉੱਤੇ ਪਾਉਂਦਿਆਂ ਦੁਖੀ ਲਹਿਜ਼ੇ ਵਿੱਚ ਕਿਹਾ।
ਘੰਟੀ ਖਡ਼ਕਣ ਤੇ ਸੇਵਾਦਾਰ ਅੰਦਰ ਆਇਆ। ਅਧਿਕਾਰੀ ਨੇ ਹਾਕਮਾਨਾ ਅੰਦਾਜ਼ ਵਿੱਚ ਕਿਹਾ, “ਮਹਿਤੇ ਇੰਸਪੈਕਟਰ ਨੂੰ ਬੁਲਾਓ।”
ਹੁਕਮ ਦੀ ਤਾਲੀਮ ਹੋਈ। ਮਹਿਤਾ ਇੰਸਪੈਕਟਰ ਆਪਣੇ ਬੌਸ ਦੇ ਕਮਰੇ ਵਿੱਚ ਹਾਜ਼ਰ ਹੋਇਆ।
“ਤੁਹਾਡੀ ਬੀਟ ਵਿੱਚ ਗਿਰਧਾਰੀ ਲਾਲ ਡਿਪੂ ਹੋਲਡਰ ਨੇ ਕੀ ਗੰਦ ਪਾ ਰੱਖਿਆ ਏ। ਪਬਲਿਕ ਨੂੰ ਕੈਰੋਸੀਨ ਜਾਰੀ ਨਹੀਂ ਕਰ ਰਿਹਾ। ਕੀ ਉਸਦੇ ਕੋਟੇ ਵਿੱਚ ਕੋਈ ਕਟੌਤੀ ਕੀਤੀ ਗਈ ਏ?”
“ਨਹੀਂ ਜਨਾਬ! ਉਸਨੂੰ ਅਲਾਟਡ ਕੋਟਾ ਹਰ ਮਹੀਨੇ ਸਹੀ ਜਾ ਰਿਹਾ ਏ। ਬਾਕੀ ਮੈਂ ਉਹਦਾ ਇਸ਼ੂ ਰਜਿਸਟਰ ਚੈਕ ਕਰ ਲੈਂਦਾ ਹਾਂ।”
“ਫੌਜੀ ਸਾਹਿਬ ਦੀ ਸ਼ਿਕਾਇਤ ਦਾ ਉੱਚਿਤ ਹੱਲ ਲੱਭੋ, ਵਰਨਾ ਮੈਨੂੰ ਸਖਤ ਕਾਰਵਾਈ ਲਈ ਮਜ਼ਬੂਰ ਹੋਣਾ ਪਏਗਾ।”
ਫੌਜੀ ਜਦ ਆਪਣੇ ਘਰ ਪਹੁੰਚਿਆ ਤਾਂ ਕੈਰੋਸੀਨ ਦੀ ਭਰੀ ਕੇਨੀ ਉਸਦੇ ਘਰ ਪਹੁੰਚੀ ਹੋਈ ਸੀ।
-0-
No comments:
Post a Comment