-moz-user-select:none; -webkit-user-select:none; -khtml-user-select:none; -ms-user-select:none; user-select:none;

Sunday, October 2, 2011

ਜੇਰਾ


ਸੁਰਜੀਤ ਦੇਵਲ

ਸਲਮਾ ਪਿੰਡ ਦੀ ਫਿਰਨੀ ਵਾਲੀ ਸਡ਼ਕ ਉੱਤੇ ਮਜਦੂਰਾਂ ਨਾਲ ਪੱਥਰ ਪਾਉਣ ਦਾ ਕੰਮ ਕਰਦੀ ਸੀ। ਉਹਦਾ ਲੰਮਾ ਕੱਦ, ਗੁੰਦਵਾਂ ਸਰੀਰ ਤੇ ਬਲੌਰੀ ਅੱਖਾਂ ਵੇਖਣ ਵਾਲੇ ਨੂੰ ਮੋਹ ਲੈਂਦੇ। ਉਹਨਾਂ ਦਾ ਕਬੀਲਾ ਪਿੰਡ ਦੀ ਥ੍ਹਾਈ ਵਿੱਚ ਠਹਿਰਿਆ ਹੋਇਆ ਸੀ।
ਢਲਦੇ ਸੂਰਜ ਜਦ ਸਲਮਾ ਆਪਣੀ ਮਾਂ ਨਾਲ ਵਾਪਸ ਡੇਰੇ ਨੂੰ ਆਉਂਦੀ ਤਾਂ ਪਿੰਡ ਦੇ ਸਰਦਾਰਾਂ ਦੇ ਦੋ ਮੁੰਡੇ ਉਹਦਾ ਪਿੱਛਾ ਕਰਦੇ। ਉਹਨਾਂ ਦੀਆਂ ਅਸ਼ਲੀਲ ਹਰਕਤਾਂ ਨੂੰ ਸਲਮਾ ਬਹੁਤ ਬਰਦਾਸ਼ਤ ਕਰਦੀ ਰਹੀ। ਸਿਰੋਂ ਪਾਣੀ ਲੰਘਦਾ ਦੇਖ ਕੇ ਸਲਮਾ ਨੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ। ਉਹਦੀ ਮਾਂ ਨੇ ਵੀ ਆਪਣੇ ਪਤੀ ਦੇ ਕੰਨੀਂ ਇਹ ਗੱਲ ਚੋ ਦਿੱਤੀ ਸੀ।
ਇੱਕ ਦਿਨ ਉਹ ਦੋਵੇਂ ਡੇਰੇ ਤੱਕ ਉਸਦੇ ਹੁਸਨ, ਜਵਾਨੀ ਤੇ ਤੋਰ ਦੀ ਤਾਰੀਫ਼ ਕਰਦੇ ਮਗਰ ਆਏਡੇਰੇ ਨੇੜੇ ਆ ਕੇ ਸਲਮਾ ਨੇ ਟੇਢੀ ਧੌਣ ਕਰਕੇ ਪਿਛਾਂਹ ਤੱਕਿਆ। ਉਹ ਇਸ਼ਾਰੇ ਨਾਲ ਸਲਮਾ ਨੂੰ ਬੁਲਾ ਰਹੇ ਸਨ। ਸਲਮਾ ਨੇ ਝੱਟ ਮਗਰ ਆਉਂਦੀ ਮਾਂ ਨੂੰ ਕਿਹਾ, ਮਾਂ! ਉਹ ਮੈਨੂੰ ਬੁਲਾਉਂਦੇ ਨੇ।ਤੇ ਆਪ ਉਹ ਡੇਰੇ ਜਾ ਵੜੀ।
ਸਲਮਾ ਦੀ ਮਾਂ ਰੁਕੀ, ਉਸਨੇ ਮੁੰਡਿਆਂ ਨੂੰ ਕੋਲ ਬੁਲਾਇਆ ਤੇ ਜੇਰਾ ਕਰਕੇ ਨਿਸੰਗ ਬੋਲੀ, ਹਮ ਗਰੀਬ ਹੈਂ ਔਰ ਆਪ ਸਰਦਾਰੋਂ ਕੇ ਕਾਕੇ ਹੋ। ਅਗਰ ਆਪ ਕੋ ਸਲਮਾ ਬਹੁਤ ਪਿਆਰੀ ਔਰ ਸੁੰਦਰ ਲਗਤੀ ਹੈ ਤੋ ਹਮ ਆਪਕੋ ਇਸ ਕੇ ਪੀਛੇ ਆਣੇ ਕੀ ਮੁਸੀਬਤ ਖਤਮ ਕਰ ਦੇਤੇ ਹੈਂ। ਹਮ ਦਰਵਾਜ਼ੇ ਬੈਠੇ ਚਾਰ ਬੰਦੋਂ ਕੋ ਬੁਲਾ ਕਰ ਅਭੀ ਤੁਮ੍ਹਾਰੇ ਸਾਥ ਸ਼ਾਦੀ ਕਰਕੇ ਇਸ ਕੋ ਤੋਰ ਦੇਤੇ ਹੈਂ।
ਪਹਿਲਾਂ ਤਾਂ ਉਹ ਇੱਕ ਦੂਜੇ ਦੇ ਮੂੰਹ ਵੱਲ ਬਿੱਟ-ਬਿੱਟ ਤੱਕਣ ਲੱਗੇ ਤੇ ਫਿਰ ਇੱਕ ਬੋਲਿਆ, ਨਹੀਂ-ਨਹੀਂ, ਮਾਈ ਤੈਨੂੰ ਐਵੇਂ ਭਰਮ ਪੈ ਗਿਆ। ਅਸੀਂ ਤਾਂ ਉਹਨੂੰ ਕੁਛ ਕਿਹਾ ਈ ਨਹੀਂ।
ਐਨਾ ਕਹਿ ਉਹ ਉੱਥੋਂ ਖਿਸਕਦੇ ਬਣੇ।
                         -0-

No comments: