ਸੁਖਦੇਵ ਸਿੰਘ ਸ਼ਾਂਤ
ਗੁਆਂਢੀਆਂ ਦੇ ਘਰ ਅੱਗੇ ਹਰ ਰੋਜ਼ ਸ਼ਾਮ ਨੂੰ ਕਦੇ ਕੋਈ ਸਕੂਟਰ ਵਾਲਾ ਆ ਖੜ੍ਹਦਾ, ਕਦੇ ਕੋਈ ਕਾਰ ਵਾਲਾ ਆ ਜਾਂਦਾ ਅਤੇ ਕਦੇ ਕੋਈ ਸਾਈਕਲ ਨੂੰ ਝੋਲਾ ਲਟਕਾਈ ਆ ਪਹੁੰਚਦਾ। ਕਈ ਵਾਰ ਤਾਂ ਦੋ-ਦੋ, ਚਾਰ-ਚਾਰ ਬੰਦੇ ਇਕੱਠੇ ਵੀ ਆ ਜਾਂਦੇ।
ਮਾਤਾ ਪ੍ਰੀਤਮ ਕੌਰ ਅਕਸਰ ਆਪਣੇ ਮੁੰਡੇ ਜਸਵੰਤ ਕੋਲ ਸ਼ਿਕਾਇਤ ਕਰਦੀ।
“ਨੌਕਰੀ ਤਾਂ ਕਾਕਾ ਤੂੰ ਵੀ ਕਰਦੈਂ, ਪਰ ਆਹ ਦੇਖ ਗੁਆਂਢੀਆਂ ਦਾ ਮੋਹਨ। ਇਹਦੀ ਭਲਾ ਕੀ ਨੌਕਰੀ ਹੋਈ? ਕੋਈ ਨਾ ਕੋਈ ਤੁਰਿਆ ਹੀ ਰਹਿੰਦੈ। ਆਪਣੇ ਕੋਈ ਆਉਂਦਾ ਈ ਨਹੀਂ। ਉਹਦੀ ਮਾਂ ਕਿਵੇਂ ਚੌੜੀ ਹੋਈ ਫਿਰਦੀ ਐ।”
ਮੁੰਡਾ ਮਾਂ ਕੋਲ ਝੁਰਦਾ, “ਮਾਂ, ਏਸ ਜ਼ਮਾਨੇ ’ਚ ਮਾਸਟਰ ਨੂੰ ਕੌਣ ਪੁੱਛਦੈ। ਕਹਿਣ ਨੂੰ ਅਸੀਂ ਕੌਮ ਦੇ ਨਿਰਮਾਤਾ ਹੁੰਨੇ ਆਂ, ਪਰ ਸਮਾਜ ਵਿਚ ਟਕਾ ਮੁੱਲ ਨਹੀਂ।”
ਤੇ ਫਿਰ ਅਚਾਨਕ ਹੀ ਮੁੰਡੇ ਦੀ ਡਿਊਟੀ ਇਮਤਿਹਾਨਾਂ ਵਿਚ ਲੱਗ ਗਈ।
ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਘਰ ਦਾ ਪਤਾ ਲੈ ਕੇ ਆ ਪਹੁੰਚੇ।
ਸ਼ਾਮ ਨੂੰ ਤਾਂ ਜਿਵੇਂ ਲਾਈਨ ਹੀ ਲੱਗ ਗਈ। ਪ੍ਰੀਤਮ ਕੌਰ ਗਿੱਠ-ਗਿੱਠ ਉੱਚੀ ਹੋਈ ਫਿਰ ਰਹੀ ਸੀ। ਮੋਹਨ ਦੀ ਮਾਂ ਤੋਂ ਜਿਵੇਂ ਉਸਨੇ ਕੋਈ ਬੜਾ ਵੱਡਾ ਮੋਰਚਾ ਮਾਰ ਲਿਆ ਸੀ।
-0-
No comments:
Post a Comment