-moz-user-select:none; -webkit-user-select:none; -khtml-user-select:none; -ms-user-select:none; user-select:none;

Monday, November 7, 2011

ਅੰਦਰਲੀ ਗੱਲ


ਦਰਸ਼ਨ ਜੋਗਾ

ਆਂਟੀ ਜੀ!ਸ਼ੁਸ਼ਮਾ ਨੇ ਅਵਾਜ਼ ਦਿੰਦਿਆ ਦਰਵਾਜੇ ਦੀ ਬਾਹਰਲੀ ਜਾਲੀ ਵੀ ਖਡ਼ਕਾਈ।
ਆਜਾ ਬੇਟਾ ਲੰਘਿਆ।ਅਵਾਜ਼ ਸੁਣਦਿਆਂ ਪਵਿੱਤਰ ਕੌਰ ਬੋਲੀ।
ਦੋਨਾਂ ਦੀਆਂ ਅਵਾਜ਼ਾਂ ਸੁਣਦਿਆਂ ਬੈੱਡ ’ਤੇ ਪਿਆ ਸੁੱਚਾ ਸਿੰਘ ਬੈਠਾ ਹੋ ਗਿਆ ਤੇ ਕਮਰੇ ਅੰਦਰੋਂ ਹੀ ਬੋਲਿਆ, ਆਜੋ ਬੇਟਾ ਆਜੋ।
ਮਹੀਨੇ ਦੀਆਂ ਪਹਿਲੀਆਂ ਤਰੀਕਾਂ ਵਿਚ ਇਸ ਰਿਟਾਇਰਡ ਜੋੜੇ ਦੀ ਅਵਾਜ਼ ਆਪਣੇ ਕਿਰਾਏਦਾਰਾਂ ਲਈ ਆਮ ਦਿਨਾਂ ਨਾਲੋਂ ਕਾਫੀ ਮਿੱਠੀ ਸੁਰ ਵਾਲੀ ਹੋ ਜਾਂਦੀ ਹੈ।
ਬੈਠੋ ਬੇਟਾ, ਸਭ ਠੀਕ ਐ?
ਹਾਂ ਆਂਟੀ ਜੀ।ਸੁਸ਼ਮਾ ਨੇ ਮੁੱਠੀ ਵਿੱਚੋਂ ਕਿਰਾਏ ਦੇ ਪੈਸੇ  ਮਾਲਕਣ ਵੱਲ ਵਧਾਉਂਦਿਆਂ ਕਿਹਾ।
ਤੇਰੀ ਸਿਹਤ ਕਿਮੇ ਐ, ਕੱਲ੍ਹ ਡਾਕਟਰ ਕੋਲ ਗਏ ਸੀ?ਪਵਿੱਤਰ ਕੌਰ ਫਿਰ ਬੋਲੀ।
ਬੱਸ! ਠੀਕ ਈ ਐ ਆਂਟੀ ਜੀ, ਦਵਾਈ ਲਈ ਜਾਨੇਂ ਆਂ।
ਕੋਈ ਨੀ ਕਰੂਗਾ ਵਾਹਿਗੁਰੂ ਭਲੀ, ਉਹਦੇ ਘਰ ਦੇਰ ਐ ਅੰਧੇਰ ਨੀ। ਮੈਂ ਤਾਂ ਤੇਰੇ ਅੰਕਲ ਨਾਲ ਵੀ ਕਈ ਵਾਰੀ ਗੱਲਾਂ ਕਰਦੀ ਆਂ, ਬੀ ਐਨੀ ਨਰਮ ਕੁੜੀ ਐ ਬਿਚਾਰੀ, ਕੈਅ ਸਾਲ ਹੋਗੇ ਰੱਬ ਕੰਨੀ ਝਾਕਦੀ ਨੂੰ। ਕਈਆਂ ਦੇ ਤਾਂ ਊਂਈ ਸਿੱਟੀ ਜਾਂਦੈ ਰੋੜਿਆਂ ਬਾਂਗੂ। ਨਾਲੇ ਬੇਟਾ ਆਪਣਾ ਲਛਮਣ ਜਦੋਂ ਦਾ ਬਠਿੰਡੇ ਰਹਿਣ ਲੱਗਿਐ, ਸਾਡਾ ਤਾਂ ਆਪ ਨੀ ਜੀਅ ਲੱਗਦਾ ਜੁਆਕਾਂ ਬਿਨਾਂ।
ਆਂਟੀ, ਥੋਨੂੰ ਤਾਂ ਪਤਾ ਈ ਐ ਮੇਰੇ ਸਾਰੇ ਟੈਸਟ ਵੀ ਠੀਕ ਆਏ ਨੇ, ਇਨ੍ਹਾਂ ਦੇ ਟੈਸਟ ਕੀਤੇ ਐ, ਡਾਕਟਰ ਕਹਿਦਾ ਇਹਨਾਂ ਨੂੰ ਹਾਲੇ ਕੁਛ ਚਿਰ ਹੋਰ ਦਵਾਈ ਖਾਣੀ ਪਊ। ਥੋਡੇ ਕੋਲ ਤਾਂ ਢਿੱਡ ਹੌਲਾ ਕਰ ਲੈਨੀ ਆਂ, ਹਰੇਕ ਨੂੰ ਤਾਂ ਦੱਸੀ ਵੀ ਨ੍ਹੀਂ ਜਾਂਦੀ ਅੰਦਰਲੀ ਗੱਲ।
ਚੱਲ ਕੋਈ ਨੀ ਧੀਏ, ਕਰੂ ਰਾਮ ਭਲੀ। ਜਾਂਦੀ ਹੋਈ ਜਾਲੀ ਭੇਡ਼ ਜੀਂ।
ਉੱਠ ਕੇ ਪਤੀ ਵਾਲੇ ਕਮਰੇ ਅੰਦਰ ਵਡ਼ਦਿਆਂ ਪੈਸੇ ਅਲਮਾਰੀ ਵਿੱਚ ਸਾਂਭਦਿਆਂ ਪਵਿੱਤਰ ਕੌਰ ਬੋਲੀ, ਦੇਖਲੋ ਬਿਚਾਰੀ ਕਿੰਨੀ ਕੂਨੀ ਐਦੋਵੇਂ ਜਣੇ ਚੁੱਪ ਜਿਹੇ ਬੈਠੇ ਰਹਿੰਦੇ ਐ। ਨਾ ਖਡ਼ਕਾ ਨਾ ਦਡ਼ਕਾ। ਸਵੇਰੇ ਡਿਊਟੀਆਂ ’ਤੇ ਚਲੇ ਜਾਂਦੇ ਐ, ਆਥਣੇ ਘਰੇ ਵਡ਼ਦੇ ਐ। ਕਮਰੇ ’ਚ ਬੈਠਿਆਂ ਦਾ ਪਤਾ ਵੀ ਨੀ ਲਗਦਾ।
ਆਹੀ ਤਾਂ ਗੱਲ ਐ, ਓਹ ਪਹਿਲਿਆਂ ਦੇ ਤਾਂ ਜਵਾਕ  ਨੀ ਸੀ ਟਿਕਣ ਦਿੰਦੇ। ਤਿੰਨ-ਚਾਰ ਸੀ, ਸਾਲੇ ਧਮੱਚਡ਼ ਪਾਈ ਰੱਖਦੇ। ਐਤਕੀਂ ਇਸੇ ਕਰਕੇ ਸੋਚਕੇ ਦਿੱਤੈ ਮਕਾਨ ਕਿਰਾਏ ’ਤੇ।
ਚੰਗਾ ਹੋਲੀ ਬੋਲ, ਐਵੇਂ ਕਈ ਵਾਰੀ ਅਗਲਾ ਸੁਣ ਲੈਂਦੈ ਅੰਦਰ ਦੀ ਗੱਲ।
ਪਵਿੱਤਰ ਕੌਰ ਨੇ ਬਾਰੀ ਵਿੱਚੋਂ ਦੀ ਬਾਹਰ ਬਿਡ਼ਕ ਜਿਹੀ ਲੈਂਦਿਆਂ ਕਿਹਾ।
                                              -0-