-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, November 16, 2011

ਛੇ ਪੁੱਤਾਂ ਦੀ ਮਾਂ


ਬਿੱਕਰ ਸਿੰਘ ਆਜ਼ਾਦ

ਅੱਸੀ ਸਾਲਾ ਬੁੱਢੀ ਸੱਸ ਨੂੰ ਟਾਇਲੈਟ ਵਿੱਚੋਂ ਨਿਕਲਦੀ ਵੇਖ ਕੇ ਨੂੰਹ ਨੱਕ ਵਿੱਚੋਂ ਠੂੰਹੇਂ ਡੇਗਣ ਲੱਗ ਪਈ, ਸ਼ੌਕਾਂ ਪਿੱਟੀ ਨੂੰ ਚੰਗਾ ਭਲਾ ਪਤੈ ਬਈ ਵਾਸ਼ਰੂਮ ’ਚ ਜੁਆਕਾਂ ਨੇ ਬਹਿਣਾ ਹੁੰਦੈ, ਵਾੜਿਆਂ ਵੱਲ ਨਹੀਂ ਜਾਈ ਮਰੀਦਾ? ਸੜੇਹਾਂਦ ਵਰਾਹ ਕੇ ਨਿਕਲ ਆਈ ਆ ਬੈਤਲ…।
ਪਤਨੀ ਦੀ ਗੱਲ ਸੁਣਕੇ ਧੀਰਾ ਵੀ ਭੜਕ ਉੱਠਿਆ, ਤੈਨੂੰ ਸ਼ਰਮ ਨਹੀਂ ਆਈ ਗੁਸਲਖਾਨਾ ਗੰਦਾ ਕਰਦੀ ਨੂੰ? ਹੁਣ ਜੁਆਕ ਕਿੱਥੇ ਬਹਿਣਗੇ? ਗੰਦ ਖਲਾਰ ਕੇ ਆਗੀ, ਲਮਲੇਟ ਹੋਗੀ ਤੂੰ ਤਾਂ ਮੰਜੇ ’ਤੇ। ਨਿਆਈਂ ’ਚ ਜਾਂਦੀ ਦੀਆਂ ਲੱਤਾਂ ਟੁੱਟਦੀਆਂ ਸੀ? ਕੌਲੇ ਕੱਛਣ ਵੇਲੇ ਤਾਂ ਡੰਗੋਰੀ ਫੜਕੇ ਬਾਹਰਲੇ ਗੁਆੜਾਂ ਤੱਕ ਲੁਤ-ਸੁਤ ਕਰਦੀ ਫਿਰਦੀ ਐਂ
ਪੁੱਤ! ਚਾਅ ਨਾਲ ਨਹੀਂ ਬੈਠੀ ਸੀ। ਔਹਰ-ਸ਼ੌਹਰ ਤਾਂ ਕਿਸੇ ਦੇ ਵੱਸ ਨਹੀਂ ਹੁੰਦੀ ਨਾ। ਢਿੱਡ ’ਚ ਉੱਠੀ ਲੀਹ ਕਾਰਨ ਡਿੱਗਦੀ ਢਹਿੰਦੀ ਬੇਹੋਸ਼ ਹੁੰਦੀ-ਹੁੰਦੀ ਮਸਾਂ ਔਥੋਂ ਤੱਕ ਅਪੜੀ। ਖਾਲੀ ਪੇਟ ਹੋ ਕੇ ਫਲੱਸ਼ ’ਚ ਪਾਣੀ ਵੀ ਛੱਡ ਆਈ ਸਾਂ। ਸਾਫ ਪਿਐ ਫਲੱਸ਼। ਹਿੰਮਤ ਜਵਾਬ ਦੇ ਗਈ ਕਰਕੇ ਈ ਇੱਥੇ ਬੈਠੀ ਸਾਂ। ਸਿਆਣੀ ਔਲਾਦ ਬੁੱਢੇ ਮਾਂ-ਪਿਓ ’ਤੇ ਹੈ-ਦਿਆ ਕਰਦੀ ਹੁੰਦੀ ਆ। ਲੋਕਾਂ ਦੀ ਜਬਾਨ ਦੀ ਈ ਕੁਛ ਸ਼ਰਮ ਮੰਨ ਲਿਆ ਕਰੋ ਜਿਹੜੇ ਅੱਗੇ-ਪਿੱਛੇ ਬਥੇਰਾ ਠਿੱਠ ਕਰਦੇ ਆ ਬਈ ਛੀ ਪੁੱਤਾਂ ਦੀ ਮਾਂ ਠੋਕਰਾਂ ਖਾਂਦੀ ਫਿਰਦੀ ਆ…
ਛੀਆਂ ਪੁੱਤਾਂ ’ਚੋਂ ਤੈਨੂੰ ਮੈਂ ਈ ਕੂਲਾ ਦਿਸਿਆ ਸੀ? ਕਿਸੇ ਦੂਜੇ ਨਾਲ ਨਾ ਰਹਿ ਪੀ?
ਮੈਨੂੰ ਤਾਂ ਕੋਈ ਵੀ ਕੂਲਾ ਨਹੀਂ ਲੱਗਿਆ ਪੁੱਤ। ਸਾਰਿਆਂ ਨਾਲ ਰਹਿ ਕੇ ਵੇਖ ਲਿਆ। ਛੀਏ ਦੇ ਛੀਏ ਬੁੱਢੀ-ਠੇਰੀ ਨੂੰ ਹਲਕੇ ਕੁੱਤੇ ਵਾਂਙੂੰ ਪੈਂਦੇ ਓ। ਜਿਵੇਂ ਮਾਂ ਨਹੀਂ, ਕੋਈ ਦੁਸ਼ਮਣ ਹੋਵਾਂ। ਹੁਣ ਮੈਂ ਕਿੰਨਾਂ ਕੁ ਚਿਰ ਲੱਤਾਂ ਘੜੀਸਦੀ ਬਾਹਰ-ਅੰਦਰ ਤੁਰੀ ਫਿਰੂੰ…?
ਲੁਤਰੋ ਵੇਖ ਹੁਣ ਕਿਵੇਂ ਚੱਲਣ ਲੱਗ ਪਈ ਆ। ਰੁਕਦੀ ਕਿਹੜੀ ਆ ਕਿਤੇ।ਧੀਰਾ ਮਾਂ ਦੀ ਗੱਲ ਵਿਚਕਾਰੋਂ ਕੱਟ ਗਿਆ। ਮਾਂ ਦੀਆਂ ਖਰੀਆਂ-ਖਰੀਆਂ ਸੁਣਨੀਆਂ ਉਸ ਲਈ ਔਖੀਆਂ ਹੋ ਗਈਆਂ ਸਨ।
                                      -0-

No comments: