ਗੁਰਜੀਤ ਸਿੰਘ ਟਹਿਣਾ
“ਕੌਣ ਸੀ…?” ਪਤਨੀ ਨੇ ਪੁੱਛਿਆ।
“ਉਹੀ…ਸਰਦਾਰ।” ਪਤੀ ਬੁੜਬੁੜਾਇਆ।
“ਅੱਧੀ ਰਾਤੀਂ ਆਇਐਂ ਘਰੇ…ਤੜਕੇ ਫੇਰ ਆ ਗਿਆ ਸੰਦੇਹਾ, ਅਖੇ ਛੇਤੀ ਕਰ ਗੰਨਾ ਲਿਜਾਣਾ ਮਿੱਲ ’ਚ, ਜਿਵੇਂ ਮੈਂ ਲੋਹੇ ਦਾ ਬਣਿਆ ਹੋਵਾਂ।”
“ਤੈਨੂੰ ਕਿੰਨੀ ਵਾਰੀ ਕਿਹਾ, ਹਸਾਬ ਕਰ, ਪਰੇ ਛੱਡ ਖਹਿੜਾ ਸੀਰ ਦਾ, ਸ਼ਹਿਰ ’ਚ ਘਾਟਾ ਐ ਮਜ਼ੂਰੀ ਦਾ।” ਪਤਨੀ ਨੇ ਸਲਾਹ ਦਿੱਤੀ।
“ਚੰਗਾ ਚਾਹ ਲਿਆ ਬਣਾਕੇ ਘੁੱਟ, ਅੱਜ ਹਸਾਬ ਕਰਕੇ ਨਬੇੜ ਦਿੰਨੇ ਆਂ।” ਪਤੀ ਲਗਾਤਾਰ ਬੋਲੀ ਜਾ ਰਿਹਾ ਸੀ, “ਇਹ ਲੋਕ ਬੰਦੇ ਨੂੰ ਬੰਦਾ ਨਹੀਂ ਸਮਝਦੇ, ਚੰਮ ਉਧੇੜਨ ਤੱਕ ਜਾਂਦੇ ਐ।”
“ਚਾਹ…? ਚਾਹ ਪੱਤੀ ਤਾਂ ਹੈ ਨੀ ਕੱਲ੍ਹ ਦੀ।” ਪਤਨੀ ਨੇ ਉੱਤਰ ਦਿੱਤਾ।
ਬਿਨਾ ਚਾਹ ਪੀਤਿਆਂ ਮਜਬੂਰ ਪਤੀ ਚਾਹ ਵਾਲਾ ਕੌਲਾ ਕੱਛ ਵਿਚ ਦੇ, ਸਾਫਾ ਮੋਢੇ ਤੇ ਧਰਦਾ ਘਰੋਂ ਬਾਹਰ ਹੋ ਗਿਆ।
-0-
No comments:
Post a Comment